ਜਿਲ੍ਹਾ ਫਾਜ਼ਿਲਕਾ ਦੇ ਬੱਲੂਆਣਾ ਹਲਕੇ ਅਧੀਨ ਪੈਂਦੇ ਇੱਕ ਪਿੰਡ ਵਿੱਚ ਇੱਕ ਬਹੁਤ ਹੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਨਸ਼ੇੜੀ ਨੌਜਵਾਨ ਨੇ ਆਪਣੀ ਹੀ ਮਾਂ ਨੂੰ ਬਲਾਤਕਾਰ ਦਾ ਸ਼ਿਕਾਰ ਬਣਾਇਆ। ਪੀੜਤ ਬਜ਼ੁਰਗ ਔਰਤ ਦਾ ਸਰਕਾਰੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਅਤੇ ਉਸ ਦੇ ਬਿਆਨਾਂ ਦੇ ਆਧਾਰ ’ਤੇ ਥਾਣਾ ਬਹਾਵਵਾਲਾ ਦੀ ਪੁਲਿਸ ਮੁਲਜ਼ਮ ਖ਼ਿਲਾਫ਼ ਕਾਰਵਾਈ ਕਰ ਰਹੀ ਹੈ।
ਜਾਣਕਾਰੀ ਅਨੁਸਾਰ ਕਰੀਬ 75 ਸਾਲਾ ਬਜ਼ੁਰਗ ਮਾਤਾ ਨੇ ਦੱਸਿਆ ਕਿ ਸ਼ਨੀਵਾਰ ਅਤੇ ਐਤਵਾਰ ਦੀ ਦਰਮਿਆਨੀ ਰਾਤ ਨੂੰ ਉਨ੍ਹਾਂ ਦੇ ਘਰ ਨੇੜੇ ਵਿਆਹ ਸਮਾਗਮ ਸੀ ਅਤੇ ਪੂਰਾ ਪਰਿਵਾਰ ਉਥੇ ਗਿਆ ਹੋਇਆ ਸੀ। ਰਾਤ ਕਰੀਬ ਦੋ ਵਜੇ ਉਸ ਦੇ 32 ਸਾਲਾ ਲੜਕੇ ਨੇ ਸ਼ਰਾਬ ਦੇ ਨਸ਼ੇ ਵਿਚ ਉਸ ਨਾਲ ਬਲਾਤਕਾਰ ਕੀਤਾ। ਇਸ ਦੌਰਾਨ ਜਦੋਂ ਉਸ ਦਾ ਦੂਜਾ ਲੜਕਾ ਮੌਕੇ ’ਤੇ ਆਇਆ ਤਾਂ ਉਸ ਨੂੰ ਛੁਡਵਾਇਆ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਅਣਵਿਆਹਿਆ ਹੈ ਅਤੇ ਨਸ਼ੇ ਦਾ ਆਦੀ ਹੈ। ਇਧਰ ਘਟਨਾ ਤੋਂ ਬਾਅਦ ਪੀੜਤਾ ਦਾ ਸਰਕਾਰੀ ਹਸਪਤਾਲ ‘ਚ ਮੈਡੀਕਲ ਕਰਵਾਇਆ ਜਾ ਰਿਹਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਐੱਸਆਈ ਇੰਦਰਜੀਤ ਕੌਰ ਬਜ਼ੁਰਗ ਔਰਤ ਦੇ ਬਿਆਨ ਦਰਜ ਕਰਨ ਲਈ ਹਸਪਤਾਲ ਪੁੱਜੇ।