ਸਮਾਣਾ/ਪਟਿਆਲਾ, 12 ਅਪ੍ਰੈਲ:
”ਲੋਕਾਂ ਦੀ ਭਲਾਈ ਲਈ ਅਹਿਮ ਕਦਮ ਚੁੱਕਦਿਆਂ ਸੂਬੇ ਦੀਆਂ ਸੜਕਾਂ ‘ਤੇ ਲੱਗੇ ਟੋਲ ਪਲਾਜ਼ੇ ਬੰਦ ਕਰਨਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਇਤਿਹਾਸਕ ਫੈਸਲਾ ਹੈ।” ਇਹ ਪ੍ਰਗਟਾਵਾ ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ, ਬਾਗਬਾਨੀ, ਸੁਤੰਤਰਤਾ ਸੰਗਰਾਮੀ ਤੇ ਰੱਖਿਆ ਸੇਵਾਵਾਂ ਭਲਾਈ ਵਿਭਾਗਾਂ ਦੇ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕੀਤਾ।
ਮੁੱਖ ਮੰਤਰੀ ਭਗਵੰਤ ਮਾਨ ਦੇ ਅੱਜ ਸਮਾਣਾ-ਪਟਿਆਲਾ ਸੜਕ ‘ਤੇ ਪਿੰਡ ਚੁੱਪਕੀ ਵਿਖੇ ਟੋਲ ਪਲਾਜ਼ਾ ਬੰਦ ਕਰਨ ਲਈ ਪੁੱਜਣ ‘ਤੇ ਚੇਤਨ ਸਿੰਘ ਜੌੜਾਮਾਜਰਾ ਨੇ ਮੁੱਖ ਮੰਤਰੀ ਦਾ ਇਸ ਪਲਾਜ਼ੇ ਨੂੰ ਬੰਦ ਕਰਨ ਲਈ ਆਪਣੇ ਹਲਕੇ ਵੱਲੋਂ ਵਿਸ਼ੇਸ਼ ਧੰਨਵਾਦ ਵੀ ਕੀਤਾ। ਉਨ੍ਹਾਂ ਕਿਹਾ ਕਿ ਇਸ ਟੋਲ ਪਲਾਜ਼ੇ ਦੇ ਬੰਦ ਹੋਣ ਨਾਲ ਇਕੱਲੇ ਸਮਾਣਾ ਹਲਕੇ ਜਾਂ ਪਟਿਆਲਾ ਜ਼ਿਲ੍ਹੇ ਦੇ ਵਸਨੀਕਾਂ ਨੂੰ ਹੀ ਨਹੀਂ ਬਲਕਿ ਪੰਜਾਬ ਸਮੇਤ ਹਰਿਆਣਾ ਤੇ ਹੋਰਨਾਂ ਰਾਜਾਂ ਦੇ ਰਾਹਗੀਰਾਂ ਨੂੰ ਵੀ ਲਾਭ ਪੁੱਜੇਗਾ।
ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਮੌਜੂਦਾ ਪੰਜਾਬ ਸਰਕਾਰ ਨੇ ਪਿਛਲੀਆਂ ਸਰਕਾਰਾਂ ਵੱਲੋਂ ਲਗਾਏ ਟੋਲ ਪਲਾਜ਼ਿਆਂ ਨੂੰ ਬੰਦ ਕਰਨ ਦੀ ਜ਼ੁਰਅਤ ਦਿਖਾਈ ਹੈ। ਉਨ੍ਹਾਂ ਕਿਹਾ ਕਿ ਇਹ ਪਲਾਜ਼ੇ ਪਹਿਲਾਂ ਵੀ ਬੰਦ ਹੋ ਸਕਦੇ ਸਨ, ਪਰੰਤੂ ਲੋਕ ਹਿੱਤਾਂ ਦੀ ਅਣਦੇਖੀ ਕੀਤੀ ਗਈ।
ਜੌੜਾਮਾਜਰਾ, ਜੋ ਹਲਕਾ ਸਮਾਣਾ ਦੇ ਵਿਧਾਇਕ ਵੀ ਹਨ, ਨੇ ਅੱਗੇ ਕਿਹਾ ਕਿ ਸਮਾਣਾ ਟੋਲ ਪਲਾਜ਼ੇ ਨੂੰ ਬੰਦ ਨਾ ਕਰਨ ਲਈ ਕੰਪਨੀ ਨੇ ਉਨ੍ਹਾਂ ਤੱਕ ਵੀ ਪਹੁੰਚ ਕੀਤੀ ਸੀ ਪਰੰਤੂ ਮਾਨ ਸਰਕਾਰ ਵੱਲੋਂ ਲੋਕਾਂ ਦੇ ਵੱਡੇ ਹਿੱਤਾਂ ਦੇ ਮੱਦੇਨਜ਼ਰ ਅਤੇ ਭ੍ਰਿਸ਼ਟਾਚਾਰ ਮੁਕਤ ਤੇ ਪਾਰਦਰਸ਼ੀ ਸਰਕਾਰ ਦੇਣ ਦੇ ਲੋਕਾਂ ਨਾਲ ਕੀਤੇ ਆਪਣੇ ਵਾਅਦੇ ਨੂੰ ਪੂਰਾ ਕਰਦਿਆਂ ਅੱਜ ਇਸ ਟੋਲ ਪਲਾਜ਼ੇ ਦੀ ਕੰਪਨੀ ਨੂੰ ਕੋਈ ਛੂਟ ਨਾ ਦਿੰਦੇ ਹੋਏ ਬੰਦ ਕਰ ਦਿੱਤਾ ਗਿਆ ਹੈ।
ਸਮਾਗਮ ਦੌਰਾਨ ਹਰਜਿੰਦਰ ਸਿੰਘ ਜੌੜਾਮਾਜਰਾ, ਓ.ਐਸ.ਡੀ. ਐਡਵੋਕੇਟ ਗੁਲਜ਼ਾਰ ਸਿੰਘ ਵਿਰਕ, ਗੁਰਦੇਵ ਟਿਵਾਣਾ, ਬਲਕਾਰ ਸਿੰਘ ਗੱਜੂਮਾਜਰਾ, ਸੁਰਜੀਤ ਸਿੰਘ ਗਾਜੀਪੁਰ, ਜਤਿੰਦਰ ਝੰਡੀ, ਦੀਪਕ ਵਧਵਾ, ਨਿਰਭੈ ਸਿੰਘ, ਮਦਨ ਮਿੱਤਲ, ਗੋਪਾਲ ਕ੍ਰਿਸ਼ਨ ਬਿੱਟੂ, ਸੁਖਚੈਨ ਸਿੰਘ, ਸੁਰਜੀਤ ਸਿੰਘ ਪਹਾੜੀਪੁਰ, ਅੰਗਰੇਜ ਸਿੰਘ ਰਾਮਗੜ੍ਹ, ਸੁਨੈਨਾ ਮਿੱਤਲ, ਮਨਜੀਤ ਕੌਰ, ਇੰਦਰਜੀਤ ਕੌਰ, ਮਮਤਾ ਨਹਿਰਾ, ਕੁਲਦੀਪ ਵਿਰਕ, ਹਰਦੀਪ ਸਿੰਘ ਦੀਪਾ, ਅਮਿਤ ਧਾਲੀਵਾਲ, ਰਵੀ ਰੰਧਾਵਾ, ਜਸਕਰਨ ਸਿੰਘ, ਪਾਰਸ ਸ਼ਰਮਾ, ਨਿਸ਼ਾਨ ਚੀਮਾ, ਸੰਦੀਪ ਸ਼ਰਮਾ, ਰਵਿੰਦਰ ਬੱਲੀ, ਨਿਰਭੈ ਸਿੰਘ ਫ਼ਤਿਹਮਾਜਰੀ, ਅਮਰਦੀਪ ਸੋਨੂੰ, ਰਣਜੀਤ ਵਿਰਕ, ਜਸਪਾਲ ਬੀਬੀਪੁਰ ਤੋਂ ਇਲਾਵਾ ਵੱਡੀ ਗਿਣਤੀ ‘ਚ ਇਲਾਕੇ ਦੇ ਪਿੰਡਾਂ ਦੇ ਵਾਸੀ ਵੀ ਮੌਜੂਦ ਸਨ।