ਨਵੀਂ ਦਿੱਲੀ, 26 ਅਗਸਤ : ਪੰਜਾਬ ਦੇ ਕਿਸਾਨ ਆਗੂਆਂ ਨੂੰ ਕਿਰਪਾਨ ਨਾਲ ਜਹਾਜ਼ ‘ਚ ਚੜ੍ਹਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ। ਇਹ ਆਗੂ ਤਾਮਿਲਨਾਡੂ ਦੇ ਤਿਰੂਚਿਰਾਪੱਲੀ ਅਤੇ ਪੁਡੂਚੇਰੀ ਵਿੱਚ ਆਯੋਜਿਤ ਕਿਸਾਨ ਮਹਾਪੰਚਾਇਤਾਂ ਵਿੱਚ ਹਿੱਸਾ ਲੈਣ ਜਾ ਰਹੇ ਸਨ, ਪਰ ਦਿੱਲੀ ਹਵਾਈ ਅੱਡੇ ‘ਤੇ ਸੁਰੱਖਿਆ ਕਰਮਚਾਰੀਆਂ ਨੇ ਉਨ੍ਹਾਂ ਨੂੰ ਕਿਰਪਾਨ ਨਾਲ ਜਹਾਜ਼ ਵਿੱਚ ਚੜ੍ਹਨ ਤੋਂ ਰੋਕ ਦਿੱਤਾ।

ਕਿਸਾਨ ਆਗੂਆਂ ਨੇ ਦੋਸ਼ ਲਗਾਇਆ ਹੈ ਕਿ ਕਿਰਪਾਨ ਨੂੰ ਸਿਰਫ਼ ਬਹਾਨਾ ਬਣਾ ਕੇ ਉਨ੍ਹਾਂ ਨੂੰ ਰੋਕਿਆ ਗਿਆ ਹੈ। ਅੱਜ ਇਹ ਆਗੂ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਵੱਲੋਂ ਆਯੋਜਿਤ ਮਹਾਪੰਚਾਇਤਾਂ ਵਿੱਚ ਐੱਮਐੱਸਪੀ ਗਾਰੰਟੀ ਕਾਨੂੰਨ ਦੇ ਮੁੱਦੇ ‘ਤੇ ਗੱਲਬਾਤ ਕਰਨ ਲਈ ਰਵਾਨਾ ਹੋ ਰਹੇ ਸਨ।

ਰੋਕੇ ਗਏ ਕਿਸਾਨ ਆਗੂਆਂ ਵਿੱਚ ਜਗਜੀਤ ਸਿੰਘ ਡੱਲੇਵਾਲ, ਬਲਦੇਵ ਸਿੰਘ ਸਿਰਸਾ ਅਤੇ ਸੁਖਦੇਵ ਸਿੰਘ ਭੋਜਰਾਜ ਸ਼ਾਮਲ ਸਨ। ਹਾਲਾਂਕਿ, ਜਗਜੀਤ ਸਿੰਘ ਡੱਲੇਵਾਲ ਅਤੇ ਬਲਦੇਵ ਸਿੰਘ ਸਿਰਸਾ ਪਹਿਲਾਂ ਵੀ ਕਿਰਪਾਨ ਨਾਲ ਹਵਾਈ ਯਾਤਰਾ ਕਰ ਚੁੱਕੇ ਹਨ, ਫਿਰ ਵੀ ਇਸ ਵਾਰ ਉਨ੍ਹਾਂ ਨੂੰ ਰੋਕ ਦਿੱਤਾ ਗਿਆ।

ਇਹ ਵੀ ਪੜ੍ਹੋ – ਕਰੋੜਾਂ ਦਾ ਠੱਗ ਵੀ ਤਰ ‌ਗਿਆ

ਦਿਲਚਸਪ ਗੱਲ ਇਹ ਹੈ ਕਿ ਸੁਖਦੇਵ ਸਿੰਘ ਭੋਜਰਾਜ ਕੋਲ ਕਿਰਪਾਨ ਨਹੀਂ ਸੀ, ਫਿਰ ਵੀ ਉਹਨਾਂ ਨੂੰ ਜਹਾਜ਼ ‘ਚ ਚੜ੍ਹਨ ਦੀ ਆਗਿਆ ਨਹੀਂ ਦਿੱਤੀ ਗਈ।

ਕਿਸਾਨ ਆਗੂਆਂ ਦਾ ਮੰਨਣਾ ਹੈ ਕਿ ਕੇਂਦਰ ਸਰਕਾਰ ਦੇ ਹੁਕਮਾਂ ‘ਤੇ ਹੀ ਸੁਰੱਖਿਆ ਕਰਮਚਾਰੀਆਂ ਨੇ ਉਨ੍ਹਾਂ ਨੂੰ ਰੋਕਿਆ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਕੇਂਦਰ ਸਰਕਾਰ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਗਾਰੰਟੀ ਕਾਨੂੰਨ ਦੇ ਮੁੱਦੇ ‘ਤੇ ਦੱਖਣੀ ਭਾਰਤ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦੇ ਵਧਣ ਤੋਂ ਡਰਦੀ ਹੈ। ਇਸ ਡਰ ਦੇ ਕਾਰਨ ਸਰਕਾਰ ਅਜੇਹੀ ਤਾਨਾਸ਼ਾਹੀ ਵਰਤ ਰਹੀ ਹੈ।