ਦਿੜ੍ਹਬਾ ਮੰਡੀ 6 ਅਗਸਤ (ਬਾਵਾ)
-ਪਿਛਲੇ ਦਿਨੀਂ ਸੰਗਰੂਰ ਤੋਂ ਬਦਲ ਕੇ ਆਏ ਸਮਾਜਸੇਵੀ ਜਗਦੀਪ ਸਿੰਘ ਗੁੱਜਰਾਂ ਨੇ ਦਿਹਾਤੀ ਦਫ਼ਤਰ ਅਹੁੱਦਾ ਸੰਭਾਲਣ ਤੇ ਦੇਖਿਆ ਕਿ ਦਿੜ੍ਹਬਾ ਗ੍ਰਿਡ, ਡਵੀਜ਼ਨ ਦਫ਼ਤਰ ਅਤੇ ਦੋਵੇਂ ਸ਼ਹਿਰੀ, ਦਿਹਾਤੀ ਦਫ਼ਤਰ ਮੀਂਹ ਪੈਣ ਤੇ ਜਲਥਲ ਹੋ ਜਾਂਦੇ ਹਨ। ਪਹਿਲਾਂ ਵਾਂਗ ਪਾਣੀ 66 ਕੇਵੀ ਗ੍ਰਿਡ ਅੰਦਰ ਵੜਕੇ ਕਿਸੇ ਵੇਲੇ ਵੀ ਭਾਰੀ ਮਾਲੀ ਅਤੇ ਜਾਨੀ ਨੁਕਸਾਨ ਕਰ ਸਕਦਾ ਹੈ। ਅਗਲੇ ਹੀ ਦਿਨ ਪ੍ਰਧਾਨ ਬਿੱਟੂ ਖ਼ਾਨ ਨਗਰ ਪੰਚਾਇਤ ਦਿੜ੍ਹਬਾ ਅਤੇ ਕਾਰਜਸਾਧਕ ਅਫ਼ਸਰ ਨਾਲ ਦਫ਼ਤਰੀ ਚਿੱਠੀ ਪੱਤਰ ਸ਼ੁਰੂ ਕੀਤਾ ਅਤੇ ਇਹ ਗੰਭੀਰ ਮਾਮਲਾ ਆਪ ਆਗੂ ਇੰਦਰਜੀਤ ਸ਼ਰਮਾ ਅਤੇ ਪ੍ਰਧਾਨ ਬਿੱਟੂ ਖਾਨ ਦੇ ਧਿਆਨ ਵਿੱਚ ਲਿਆਂਦਾ।
ਆਪ ਆਗੂ ਸ਼ਰਮਾ ਅਤੇ ਸੁਖਵਿੰਦਰ ਸਿੰਘ ਵਿਰਕ ਵੱਲੋਂ ਇਸ ਗੰਦੇ ਪਾਣੀ ਨੂੰ ਰੋਕਣ ਲਈ ਲਗਾਤਾਰ ਯਤਨ ਜਾਰੀ ਰੱਖੇ ਗਏ। ਜਿਸ ਦੀ ਬਦੌਲਤ ਨਗਰ ਪੰਚਾਇਤ ਦਿੜ੍ਹਬਾ ਦਫ਼ਤਰ ਦੇ ਸੀਨੀਅਰ ਅਧਿਕਾਰੀ ਸੁਖਪਾਲ ਸਿੰਘ ਗੁੱਜਰਾਂ ਵੱਲੋਂ ਟਰਾਲੀਆਂ ਨਾਲ ਮਿੱਟੀ ਗ੍ਰਿਡ ਤੇ ਰੋਡ ਸਾਈਡ ਤੇ ਪਵਾਈ ਗਈ ਜਿਸ ਨਾਲ ਮੀਂਹ ਦੇ ਪਾਣੀ ਨਾਲ ਸੀਵਰੇਜ ਦੇ ਗੰਦ ਨੂੰ ਰੁੜਕੇ ਗ੍ਰਿਡ ਅੰਦਰ ਜਾਣ ਤੋਂ ਰੋਕਣ ਲਈ ਮਿੰਨੀ ਧੁੱਸੀ ਬੰਨ੍ਹ ਉਸਾਰਿਆ ਗਿਆ ਹੈ। ਇਸ ਨਾਲ 30-35 ਪਿੰਡਾਂ ਦੇ ਖਪਤਕਾਰਾਂ ਅਤੇ 05 ਬਿਜਲੀ ਦਫ਼ਤਰਾਂ ਦੇ ਮੁਲਾਜ਼ਮਾਂ ਨੂੰ ਭਾਰੀ ਰਾਹਤ ਮਿਲੇਗੀ।
ਮੰਡਲ ਅਧਿਕਾਰੀ ਸ੍ਰੀ ਮੁਨੀਸ਼ ਕੁਮਾਰ ਜਿੰਦਲ ਵੱਲੋਂ ਇਸ ਸਮਾਜ਼ ਭਲਾਈ ਦੇ ਕਾਰਜ ਲਈ ਆਪ ਆਗੂ ਇੰਦਰਜੀਤ ਸ਼ਰਮਾ, ਪ੍ਰਧਾਨ ਬਿੱਟੂ ਖਾਨ, ਅਤੇ ਸੁਖਵਿੰਦਰ ਸਿੰਘ ਵਿਰਕ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ ਹੈ।
ਇਸ ਮੌਕੇ ਜੇ ਈ ਗੁਰਧੀਰ ਸਿੰਘ, ਜਸਵਿੰਦਰ ਸਿੰਘ ਲਾਈਨ ਮੈਨ, ਐਸ ਡੀ ਓ ਸੰਦੀਪ ਕੁਮਾਰ, ਐਸ ਡੀ ਓ ਸੁਖਵਿੰਦਰ ਸਿੰਘ , ਪਰਦੀਪ ਸਿੰਘ ਜੇਈ, ਜਗਦੀਪ ਸਿੰਘ, ਸੁਖਪਾਲ ਸਿੰਘ ਆਦਿ ਮੌਜੂਦ ਸਨ।