ਕੱਚੇ ਅਧਿਆਪਕਾਂ ਦੇ ਪੱਕੇ ਮੋਰਚੇ ਵਿੱਚ ਡੀ.ਟੀ.ਐੱਫ. ਵੱਲੋਂ ਸ਼ਮੂਲੀਅਤ
ਸੰਗਰੂਰ, 14 ਜੁਲਾਈ,
-ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਸਿੱਖਿਆ ਵਿਭਾਗ ਦੇ ਕੱਚੇ ਅਧਿਆਪਕਾਂ ਤੇ ਹੋਰ ਕਰਮਚਾਰੀਆਂ ਨੂੰ ਪੱਕਾ ਕਰਨ ਦਾ ਐਲਾਨ ਕੇਵਲ ਕਾਗਜ਼ਾਂ ਤੱਕ ਹੀ ਸੀਮਤ ਰਹਿਣ ਖ਼ਿਲਾਫ਼ ਕੱਚੇ ਅਧਿਆਪਕਾਂ ਵੱਲੋਂ ਸੰਗਰੂਰ ਦੇ ਪਿੰਡ ਖੁਰਾਣਾ ਵਿਖੇ ਪਿਛਲੇ ਕਈ ਦਿਨ ਤੋਂ 8736 ਕੱਚੇ ਮੁਲਾਜ਼ਮ ਯੂਨੀਅਨ ਦੇ ਬੈਨਰ ਹੇਠ ਸੰਘਰਸ਼ ਕੀਤਾ ਜਾ ਰਿਹਾ ਹੈ। ਜਿਸ ਦੀ ਹਮਾਇਤ ਵਿੱਚ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ (ਡੀ.ਟੀ.ਐੱਫ.) ਜਿਲ੍ਹਾ ਸੰਗਰੂਰ ਦੀ ਸਮੁੱਚੀ ਕਮੇਟੀ ਨੇ ਜਿਲ੍ਹਾ ਪ੍ਰਧਾਨ ਸੁਖਵਿੰਦਰ ਗਿਰ, ਸੂਬਾ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਅਤੇ ਸੂਬਾ ਸੰਯੁਕਤ ਸਕੱਤਰ ਦਲਜੀਤ ਸਫ਼ੀਪੁਰ ਦੀ ਅਗਵਾਈ ਵਿੱਚ ਸ਼ਮੂਲੀਅਤ ਕੀਤੀ ਅਤੇ ਪੰਜਾਬ ਸਰਕਾਰ ਵੱਲੋਂ ਕੱਚੇ ਮੁਲਾਜ਼ਮਾਂ ਦੀ ਜਾਇਜ਼ ਮੰਗ ਨੂੰ ਮੰਨਣ ਦੀ ਥਾਂ ਜਮੂਹਰੀਅਤ ਵਿਰੋਧੀ ਰਵੱਈਆ ਅਪਣਾਉਂਦਿਆਂ, ਸੰਘਰਸ਼ ਕਰ ਰਹੇ ਅਧਿਆਪਕਾਂ ‘ਤੇ ਲਾਠੀਚਾਰਜ ਅਤੇ ਸੇਵਾਵਾਂ ਟਰਮੀਨੇਟ ਕਰਨ ਦੇ ਨੋਟਿਸ ਭੇਜਣ ਦੀ ਸਖ਼ਤ ਨਿਖੇਧੀ ਵੀ ਕੀਤੀ ਹੈ।
ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪੁੱਜੇ ਡੀ.ਟੀ.ਐੱਫ. ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਅਤੇ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਸੂਬਾਈ ਜਨਰਲ ਸਕੱਤਰ ਹਰਦੀਪ ਟੋਡਰਪੁਰ ਨੇ ਗੱਲਬਾਤ ਕਰਦਿਆਂ ਕਿਹਾ ਕੇ ‘ਆਪ’ ਸਰਕਾਰ ਵੱਲੋਂ ਪਿਛਲੇ ਸਾਲ 5 ਸਤੰਬਰ ਨੂੰ ਅਧਿਆਪਕ ਦਿਵਸ ਮੌਕੇ 8736 ਕੱਚੇ ਅਧਿਆਪਕਾਂ ਅਤੇ ਨਾਨ ਟੀਚਿੰਗ ਨੂੰ ਕੈਬਨਿਟ ਦੇ ਫੈਸਲੇ ਅਨੁਸਾਰ ਰੈਗੂਲਰ ਕਰਨ ਦੇ ਐਲਾਨ ਉਪਰੰਤ ਚਲਾਈ ਰੈਗੂਲਰਾਜ਼ੇਸ਼ਨ ਦੀ ਪ੍ਰਕ੍ਰਿਆ ਪੂਰੀ ਤਰ੍ਹਾਂ ਫਰਜ਼ੀ ਸਾਬਿਤ ਹੋਈ ਹੈ, ਜਿਸ ਦੇ ਨਤੀਜਾ ਇਹ ਰਿਹਾ ਹੈ ਕੇ 10 ਮਹੀਨੇ ਬੀਤਣ ਦੇ ਬਾਵਜੂਦ ਸਿੱਖਿਆ ਵਿਭਾਗ ਦਾ ਇੱਕ ਵੀ ਕੱਚਾ ਮੁਲਾਜ਼ਮ ਪੱਕਾ ਨਹੀਂ ਹੋਇਆ, ਸਗੋਂ ਮੁੱਖ ਮੰਤਰੀ ਵੱਲੋਂ ਨਿੱਤ ਨਵੇਂ ਹਵਾਈ ਐਲਾਨਾਂ ਰਾਹੀਂ ਸਮਾਂ ਲੰਘਾਇਆ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕੇ ਸਿੱਖਿਆ ਵਿਭਾਗ ਅਧੀਨ ਕੰਮ ਕਰਦੇ ਸਾਰੇ ਦੇ ਸਾਰੇ ਕੱਚੇ ਅਧਿਆਪਕਾਂ ਤੇ ਨਾਨ ਟੀਚਿੰਗ ਕਰਮਚਾਰੀਆਂ ਜਿੰਨ੍ਹਾਂ ਦੀ ਗਿਣਤੀ 14000 ਦੇ ਕਰੀਬ ਹੈ, ਨੂੰ ਸਰਕਾਰੀ ਨੌਕਰੀ ਦੇ ਸਾਰੇ ਲਾਭਾਂ ਸਮੇਤ ਫੌਰੀ ਰੈਗੂਲਰ ਕੀਤਾ ਜਾਵੇ। ਇਹਨਾਂ ਕਰਮਚਾਰੀਆਂ ਨੂੰ ਪਰਖ ਸਮੇਂ ਦੌਰਾਨ ਪੰਜਾਬ ਤਨਖਾਹ ਸਕੇਲ ਅਨੁਸਾਰ ਤਨਖਾਹਾਂ ਅਤੇ ਸਾਰੇ ਭੱਤੇ ਮਿਲਣੇ ਯਕੀਨੀ ਬਣਾਏ ਜਾਣ। ਡੀ.ਟੀ.ਐੱਫ. ਵੱਲੋਂ ਇੰਦਰਜੀਤ ਸਿੰਘ ਡੇਲੂਆਣਾ ਦੀ ਅਗਵਾਈ ਹੇਠ ਕੱਚੇ ਅਧਿਆਪਕਾਂ ਦੇ ਹੱਕੀ ਸੰਘਰਸ਼ ਦੀ ਡਟਵੀਂ ਹਮਾਇਤ ਜ਼ਾਰੀ ਰੱਖਣ ਦਾ ਐਲਾਨ ਵੀ ਕੀਤਾ ਗਿਆ।
ਇਸ ਮੌਕੇ ਡੀਟੀਐੱਫ ਦੇ ਜ਼ਿਲ੍ਹਾ ਪ੍ਰੈੱਸ ਸਕੱਤਰ ਕਰਮਜੀਤ ਸਿੰਘ ਨਦਾਮਪੁਰ, ਬਲਾਕ ਪ੍ਰਧਾਨ ਕੁਲਵੰਤ ਖਨੌਰੀ, ਰਾਜ ਸੈਣੀ, ਰਵਿੰਦਰ ਦਿੜ੍ਹਬਾ, ਕਮਲਜੀਤ ਸਿੰਘ ਬਨਭੌਰਾ, ਦੀਨਾ ਨਾਥ, ਅਮ੍ਰਿਤ ਸਿੰਘ ਨਦਾਮਪੁਰ ਆਦਿ ਹਾਜਰ।