ਜਰਨੈਲ ਸਿੰਘ ਜਹਾਂਗੀਰ ਜ਼ਿਲ੍ਹਾ ਪ੍ਰਧਾਨ, ਦਰਸ਼ਨ ਸਿੰਘ ਕੁੰਨਰਾਂ ਸਕੱਤਰ ਅਤੇ ਭਜਨ ਸਿੰਘ ਢੱਡਰੀਆਂ ਸੀਨੀਅਰ ਮੀਤ ਪ੍ਰਧਾਨ ਚੁਣੇ ਗਏ
ਸੁਖਵਿੰਦਰ ਸਿੰਘ ਬਾਵਾ
ਸੰਗਰੂਰ, 25 ਮਾਰਚ
ਪਰਜਾਪਤ ਧਰਮਸ਼ਾਲਾ ਸੰਗਰੂਰ ਵਿਖੇ ਕਿਰਤੀ ਕਿਸਾਨ ਯੂਨੀਅਨ ਦਾ ਜ਼ਿਲ੍ਹਾ ਡੈਲੀਗੇਟ ਇਜਲਾਸ ਸੂਬਾ ਕਮੇਟੀ ਵੱਲੋਂ ਨਿਯੁਕਤ ਨਿਗਰਾਨ ਰਾਮਿੰਦਰ ਸਿੰਘ ਪਟਿਆਲਾ ਦੀ ਅਗਵਾਈ ਹੇਠ ਜਰਨੈਲ ਸਿੰਘ ਜਹਾਂਗੀਰ, ਜੁਝਾਰ ਸਿੰਘ ਬਡਰੁੱਖਾਂ, ਭਜਨ ਸਿੰਘ ਢੱਡਰੀਆਂ, ਕੁਲਦੀਪ ਸਿੰਘ ਅਤੇ ਨਿਰਭੈ ਸਿੰਘ ਖਾਈ ਦੀ ਪ੍ਰਧਾਨਗੀ ਹੇਠ ਪਰਜਾਪਤ ਧਰਮਸਾਲਾ ਸੰਗਰੂਰ ਵਿਖੇ ਹੋਇਆ। ਪਹਿਲਾਂ ਜਥੇਬੰਦੀ ਦਾ ਝੰਡਾ ਚਾੜ੍ਹ ਕੇ ਕਿਸਾਨ ਲਹਿਰ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਉਸ ਤੋਂ ਬਾਅਦ ਐਲਾਨਨਾਮਾ ਵਿਧਾਨ ਸਮੇਤ ਸੰਘਰਸ਼ ਸਰਗਰਮੀਆਂ ਸਬੰਧੀ ਰਿਪੋਰਟ ਤੇ ਚਰਚਾ ਕਰਦਿਆਂ 14 ਮੈਂਬਰੀ ਕਮੇਟੀ ਜ਼ਿਲ੍ਹਾ ਕਮੇਟੀ ਦੀ ਚੋਣ ਕੀਤੀ ਅਤੇ ਜ਼ਿਲ੍ਹੇ ਅੰਦਰ ਨਹਿਰੀ ਪਾਣੀ ਪ੍ਰਾਪਤੀ ਦੇ ਸੰਘਰਸ਼ ਨੂੰ ਤੇਜ਼ ਕਰਨ ਲਈ ਮਈ ਮਹੀਨੇ ਮੁੱਖ ਮੰਤਰੀ ਦਫ਼ਤਰ ਅੱਗੇ ਲਾਏ ਜਾਣ ਵਾਲੇ ਮੋਰਚੇ ਦੀ ਜੋਰ ਸ਼ੋਰ ਨਾਲ ਤਿਆਰੀ ਦਾ ਸੱਦਾ ਦਿੱਤਾ।
ਇਸ ਸਮੇਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਆਗੂ ਭੁਪਿੰਦਰ ਸਿੰਘ ਲੌਂਗੋਵਾਲ ਵੱਲੋਂ ਯੂਨੀਅਨ ਦੇ ਐਲਾਨਨਾਮੇ ਅਤੇ ਵਿਧਾਨ ਬਾਰੇ ਚਾਨਣਾ ਪਾਇਆ ਗਿਆ ਅਤੇ ਜਰਨੈਲ ਸਿੰਘ ਜਹਾਂਗੀਰ ਨੇ ਸੰਘਰਸ਼ ਸਰਗਰਮੀਆਂ ਸਬੰਧੀ ਰਿਪੋਰਟ ਪੜ੍ਹੀ ਅਤੇ ਕੁਲਦੀਪ ਸਿੰਘ ਨੇ ਵਿੱਤੀ ਰਿਪੋਰਟ ਪੇਸ਼ ਕੀਤੀ । ਇਹਨਾਂ ਰਿਪੋਰਟਾਂ ਤੇ ਭਰਵੀਂ ਚਰਚਾ ਤੋਂ ਬਾਅਦ ਡੈਲੀਗੇਟਾਂ ਨੇ ਇਨ੍ਹਾਂ ਨੂੰ ਪਾਸ ਕੀਤਾ।
ਇਸ ਸਮੇਂ ਸੂਬਾ ਆਗੂ ਰਾਮਿੰਦਰ ਸਿੰਘ ਨੇ ਕਿਹਾ ਕਿ ਕਿਰਤੀ ਕਿਸਾਨ ਯੂਨੀਅਨ ਆਉਣ ਵਾਲੇ ਸਮੇਂ ਵਿਚ ਬਦਲਵੇਂ ਖੇਤੀ ਮਾਡਲ, ਹਰ ਇਕ ਖੇਤ ਤੱਕ ਨਹਿਰੀ ਪਾਣੀ ਦੀ ਪ੍ਰਾਪਤੀ, ਸੂਬਿਆਂ ਦੇ ਵੱਧ ਅਧਿਕਾਰਾਂ ਅਤੇ ਕਿਸਾਨਾਂ ਦੀ ਕਰਜ਼ਾ ਮੁਕਤੀ ਲਈ ਸੰਘਰਸ਼ ਕਰੇਗੀ। ਇਸ ਤੋਂ ਬਾਅਦ ਭੁਪਿੰਦਰ ਸਿੰਘ ਲੌਂਗੋਵਾਲ ਨੇ ਜ਼ਿਲ੍ਹਾ ਕਮੇਟੀ ਦਾ ਪੈਨਲ ਪੇਸ਼ ਕੀਤਾ ਜਿਸ ਨੂੰ ਡੈਲੀਗੇਟਾਂ ਨੇ ਸਰਬ ਸੰਮਤੀ ਨਾਲ ਪਾਸ ਕੀਤਾ।
ਚੁਣੇ ਹੋਏ ਮੈਂਬਰਾਂ ਨੇ ਜਰਨੈਲ ਸਿੰਘ ਜਹਾਂਗੀਰ ਨੂੰ ਦੁਬਾਰਾ ਜ਼ਿਲ੍ਹਾ ਪ੍ਰਧਾਨ, ਦਰਸ਼ਨ ਸਿੰਘ ਕੁੰਨਰਾਂ ਨੂੰ ਸਕੱਤਰ, ਸੀਨੀਅਰ ਮੀਤ ਪ੍ਰਧਾਨ ਭਜਨ ਸਿੰਘ ਢੱਡਰੀਆਂ, ਮੀਤ ਪ੍ਰਧਾਨ ਮੇਹਰ ਸਿੰਘ ਈਸਾਪੁਰ ਲੰਡਾ ਅਤੇ ਵਿੱਤ ਸਕੱਤਰ ਦੀ ਜ਼ਿੰਮੇਵਾਰੀ ਕੁਲਦੀਪ ਸਿੰਘ ਨੂੰ ਦਿੱਤੀ ਅਤੇ ਸੁਖਦੇਵ ਸਿੰਘ ਉਭਾਵਾਲ, ਜੁਝਾਰ ਸਿੰਘ ਬਡਰੁੱਖਾਂ, ਕਰਮਜੀਤ ਸਿੰਘ ਸਤੀਪੁਰਾ, ਨਿਰਭੈ ਸਿੰਘ ਨੂੰ ਜ਼ਿਲਾ ਕਮੇਟੀ ਮੈਂਬਰ ਅਤੇ ਜਸਦੀਪ ਸਿੰਘ ਬਹਾਦਰਪੁਰ, ਸੁਰਿੰਦਰ ਸਿੰਘ ਲੌਂਗੋਵਾਲ, ਹਰਦਮ ਸਿੰਘ ਰਾਜੋਮਾਜਰਾ, ਬਲਵੀਰ ਸਿੰਘ ਰਾਏਧਰਾਣਾ, ਮੱਘਰ ਸਿੰਘ ਉਭਾਵਾਲ, ਗੁਰਮੇਲ ਸਿੰਘ ਉਭਾਵਾਲ ਅਤੇ ਅਵਤਾਰ ਸਿੰਘ ਸਾਹੋਕੇ ਨੂੰ ਇਨਵਾਇਟੀ ਮੈਂਬਰ ਲਿਆ ਗਿਆ।
ਇਸ ਮੌਕੇ ਮਤਾ ਪਾਸ ਕਰਕੇ ਗੜ੍ਹੇਮਾਰੀ ਨਾਲ ਕਿਸਾਨਾਂ ਦੀਆਂ ਫਸਲਾਂ ਦੇ ਹੋਏ ਨੁਕਸਾਨ ਦੀ ਗਿਰਦਾਵਰੀ ਕਰਵਾ ਕੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਗਈ ਅਤੇ ਪੰਜਾਬ ਵਿੱਚ ਸਰਕਾਰ ਵੱਲੋਂ ਦਹਿਸ਼ਤ ਦਾ ਮਾਹੌਲ ਬਣਾ ਕੇ ਅੰਨ੍ਹੇਵਾਹ ਨੌਜਵਾਨਾਂ ਦੀਆਂ ਗ੍ਰਿਫ਼ਤਾਰੀਆਂ ਬੰਦ ਕਰਨ ਦੀ ਮੰਗ ਕੀਤੀ ਗਈ।
ਇਸ ਮੌਕੇ ਭਰਾਤਰੀ ਜਥੇਬੰਦੀਆਂ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਮਲੌਦ, ਡੈਮੋਕ੍ਰੇਟਿਕ ਟੀਚਰ ਫਰੰਟ ਦੇ ਸੂਬਾ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਅਤੇ ਅਮਨ ਵਸ਼ਿਸ਼ਟ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਆਗੂ ਸੁਖਦੀਪ ਸਿੰਘ ਨੇ ਭਰਾਤਰੀ ਸੰਦੇਸ਼ ਦਿੱਤਾ।