ਸੰਘਰਸ਼ ਨੂੰ ਹੋਰ ਮਘਾਉਣਗੇ ਆਦਰਸ਼ ਸਕੂਲਾਂ ਦੇ ਅਧਿਆਪਕ 

101

ਯੂਨੀਅਨ ਨੇ ਮੰਗਾਂ ਇੱਕ ਹਫ਼ਤੇ ਵਿੱਚ ਪੂਰੀਆਂ ਕਰਨ ਦੀ ਕੀਤੀ ਮੰਗ 

ਦਲਜੀਤ ਕੌਰ ਭਵਾਨੀਗੜ੍ਹ
ਸੰਗਰੂਰ, 26 ਜੁਲਾਈ
-ਅਦਰਸ਼ ਸਕੂਲ ਅਧਿਆਪਕ ਯੂਨੀਅਨ ਪੰਜਾਬ (ਪੀਪੀਪੀ ਤਰਜ਼ ਵਾਲੇ) ਦੀਆਂ ਸਮੁੱਚੀਆਂ ਮੰਗਾਂ ਦੀ ਪੂਰਤੀ ਜੇਕਰ ਇਕ ਹਫਤੇ ਦੇ ਅੰਦਰ-ਅੰਦਰ ਸਰਕਾਰ ਨਹੀਂ ਕਰਦੀ ਹੈ ਤਾਂ ਜਥੇਬੰਦੀ ਵਿੱਢੇ ਸੰਘਰਸ਼ ਨੂੰ ਹੋਰ ਤਿੱਖਾ ਰੂਪ ਦੇਵੇਗੀ।
ਜ਼ਿਕਰਯੋਗ ਹੈ ਕਿ ਸਰਕਾਰ ਅਤੇ ਸਿੱਖਿਆ ਵਿਭਾਗ ਨੇ 22 ਜੁਲਾਈ ਨੂੰ ਪੰਜਾਬ ਭਵਨ ਚੰਡੀਗੜ੍ਹ ਵਿਖੇ ਹੋਈ ਸੂਬੇ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਪੈਨਲ ਮੀਟਿੰਗ ਵਿਚ ਜਥੇਬੰਦੀ ਦੀਆਂ ਸਾਰੀਆਂ ਮੰਗਾਂ ਮੰਨਣ ਦਾ ਹਾਂ-ਪੱਖੀ ਹੁੰਗਾਰਾ ਦਿੱਤਾ ਹੈ।
ਇਸ ਸੰਬੰਧੀ ਜਥੇਬੰਦੀ ਦੇ ਸੂਬਾਈ ਜਨਰਲ ਸਕੱਤਰ ਮੱਖਣ ਸਿੰਘ ਬੀਰ, ਸੂਬਾ ਕਮੇਟੀ ਮੈਂਬਰ ਸੁਖਵੀਰ ਸਿੰਘ, ਕੁਲਵੀਰ ਸਿੰਘ ਜਖੇਪਲ, ਦੀਪਕ ਸਿੰਗਲਾ, ਸਲੀਮ ਖਾਨ ਅਤੇ ਜਗਤਾਰ ਸਿੰਘ ਗੰਢੂਆਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਇਹ ਜਾਣਕਾਰੀ ਦਿੱਤੀ ਹੈ। ਆਗੂਆਂ ਨੇ ਕਿਹਾ ਹੈ ਕਿ ਪੰਜਾਬ ਦੇ ਸਿੱਖਿਆ ਮੰਤਰੀ ਨੇ ਤਰਸਯੋਗ ਹਾਲਾਤਾਂ ਵਿੱਚੋਂ ਗੁਜ਼ਰ ਰਹੇ ਆਦਰਸ਼ ਸਕੂਲਾਂ ਦੇ ਬੱਚਿਆਂ, ਅਧਿਆਪਕਾਂ ਅਤੇ ਦਰਜ਼ਾ ਚਾਰ ਮੁਲਾਜ਼ਮ ਪੱਖੀਂ ਸੁਹਿਰਦ ਨੀਤੀ ਬਣਾਉਣ, ਇੰਨ੍ਹਾਂ ਮੁਲਾਜ਼ਮਾਂ ਦੀਆਂ ਨੌਕਰੀਆਂ ਪੱਕੀਆਂ ਕਰਨ, ਆਦਰਸ਼ ਸਕੂਲਾਂ ਵਿੱਚ ਪੜ੍ਹਾਉਣ ਦੇ ਤਜ਼ਰਬੇ ਨੂੰ ਮਾਨਤਾ ਦੇ ਕੇ 2019 ਵਿਚ ਹੋਈ ਹੈੱਡ ਟੀਚਰ/ਸੈਂਟਰ ਹੈੱਡ ਟੀਚਰ (HT/CHT)ਦੀ ਸਿੱਧੀ ਭਰਤੀ ਵਿੱਚ ਸਮੁੱਚੀ ਭਰਤੀ ਪ੍ਰਕ੍ਰਿਆ ਪੂਰੀ ਕਰਨ ਉਪਰੰਤ ਕੌਸਲਿੰਗ ਕਰਵਾ ਚੁੱਕੇ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਜਾਰੀ ਕਰਨ ਦੀ ਮੰਗ ਕੀਤੀ ਗਈ ਸੀ ਜਦਕਿ ਸਿੱਖਿਆ ਮੰਤਰੀ ਨੇ ਸਿੱਖਿਆ ਵਿਭਾਗ ਨੂੰ ਮੀਟਿੰਗ ਵਿੱਚ ਜੁਆਇਨ ਕਰਵਾਉਣ ਲਈ ਹੁਕਮ ਜਾਰੀ ਕਰ ਦਿੱਤੇ ਹਨ।
ਆਗੂਆਂ ਨੇ ਕਿਹਾ ਕਿ ਵੱਖੋ-ਵੱਖ ਸਮਿਆਂ ਤੇ ਮੈਨੇਜਮੈਂਟਾਂ ਵੱਲੋਂ ਨੌਕਰੀਓ ਕੱਢੇ ਅਧਿਆਪਕਾਂ ਦੀ ਬਹਾਲੀ ਸਮੇਤ ਹੋਰ ਮੰਗਾਂ ਨੂੰ ਜੇਕਰ ਇੱਕ ਹਫ਼ਤੇ ਦੇ ਅੰਦਰ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਜਥੇਬੰਦੀ ਵੱਲੋਂ ਵਿੱਢਿਆ ਸੰਘਰਸ਼ ਹੋਰ ਮਘਾਇਆ ਜਾਵੇਗਾ। ਆਗੂਆਂ ਨੇ ਕਿਹਾ ਹੈ ਕਿ ਸਰਕਾਰ ਅਤੇ ਸਿੱਖਿਆ ਵਿਭਾਗ ਟਾਲ ਮਟੋਲ ਦੀ ਨੀਤੀ ਛੱਡ ਕੇ ਆਦਰਸ਼ ਸਕੂਲਾਂ ਦੇ ਸਮੁੱਚੇ ਮਾਮਲੇ ਫੌਰੀ ਹੱਲ ਕਰੇ।
Google search engine