1. ਸੰਗਰੂਰ 11 ਜੂਨ( ਭੁਪਿੰਦਰ ਵਾਲੀਆ) ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਚੋਣ ਪ੍ਰਚਾਰ ਸ਼ੁਰੂ ਕਰਦਿਆਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਗੁਰਮੇਲ ਸਿੰਘ ਨੇ ਵਿਧਾਇਕ ਲਾਭ ਸਿੰਘ ਉਗੋਕੇ ਸਮੇਤ ਅੱਜ ਵਿਧਾਨ ਸਭਾ ਹਲਕਾ ਭਦੌੜ ਦੇ ਵੱਖ ਵੱਖ ਪਿੰਡਾਂ ਦਾ ਦੌਰਾ ਅਤੇ ਜਨ ਸਭਾਵਾਂ ਕੀਤੀਆਂ। ਇਸ ਦੌਰਾਨ ਗੁਰਮੇਲ ਸਿੰਘ ਨੂੰ ਪਿੰਡਾਂ ਦੇ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਅਤੇ ਸਮਰਥਨ ਪ੍ਰਾਪਤ ਹੋਇਆ।
    ਗੁਰਮੇਲ ਸਿੰਘ ਨੇ ਪਿੰਡ ਰਜੀਆ, ਪੰਧੇਰ, ਕੋਟਦੁੰਨਾ, ਭੈਣੀ ਫੱਤਾ, ਧੂਰਕੋਟ, ਬਦਰਾ, ਕਾਹਨੇਕੇ, ਕਾਲੇਕੇ, ਭੈਣੀ ਜੱਸਾ, ਧੌਲਾ, ਤਾਜੋਕੇ, ਤਪਾ, ਢਿੱਲਵਾਂ, ਮੌੜ ਨਾਭਾ, ਸਹਿਣਾ ਅਤੇ ਭਦੌੜ ਆਦਿ 16 ਪਿੰਡਾਂ ਦਾ ਦੌਰਾ ਕੀਤਾ ਅਤੇ ਵੱਖ ਵੱਖ ਥਾਂਵਾਂ ’ਤੇ ਜਨ ਸਭਾਵਾਂ ਕਰਕੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਚੋਣ ਨਿਸ਼ਾਨ ‘ਝਾੜੂ’ ’ਤੇ ਵੋਟਾਂ ਪਾਉਣ ਦੀ ਅਪੀਲ ਕੀਤੀ।
    ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਨੇ ਲੋਕਾਂ ਨੂੰ ਗੁਰਮੇਲ ਸਿੰਘ ਨੂੰ ਵੋਟਾਂ ਪਾਉਣ ਦੀ ਅਪੀਲ ਕਰਦਿਆਂ ਕਿਹਾ, ‘‘ਗੁਰਮੇਲ ਸਿੰਘ ਆਪਣੀਆਂ ਜੜ੍ਹਾਂ ਨਾਲ ਜੁੜੇ ਹੋਏ ਹਨ ਅਤੇ ਪਿਛਲੇ ਕਈ ਸਾਲਾਂ ਤੋਂ ਸੰਗਰੂਰ ਵਾਸੀਆਂ ਦੀ ਭਲਾਈ ਲਈ ਲਗਨ ਨਾਲ ਕੰਮ ਕਰ ਰਹੇ ਹਨ।’’ ਉਨ੍ਹਾਂ ਕਿਹਾ ਕਿ ਗੁਰਮੇਲ ਸਿੰਘ ਨੇ ਹਿਸਾਬ ’ਚ ਗਰੈਜੂਏਸ਼ਨ ਅਤੇ ਐਮ.ਬੀ.ਏ ਕੀਤੀ ਹੋਈ ਹੈ ਅਤੇ ਰਾਜਨੀਤੀ ’ਚ ਆਉਣ ਤੋਂ ਪਹਿਲਾਂ ਉਹ ਇੱਕ ਅਧਿਆਪਕ ਸਨ ਅਤੇ ਉਨ੍ਹਾਂ 2018 ਤੱਕ ਵੱਖ ਵੱਖ ਸਕੂਲਾਂ ’ਚ ਬੱਚਿਆਂ ਨੂੰ ਪੜ੍ਹਾਇਆ ਹੈ।
    ਉਮੀਦਵਾਰ ਗੁਰਮੇਲ ਸਿੰਘ ਨੇ ਵੱਖ ਵੱਖ ਪਿੰਡਾਂ ’ਚ ਸੰਬੋਧਨ ਕਰਦਿਆਂ ਕਿਹਾ ਕਿ ਸੰਗਰੂਰ ‘ਆਪ’ ਦਾ ਗੜ੍ਹ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ 2014 ਅਤੇ 2019 ’ਚ ਇਸ ਸੀਟ ਤੋਂ ਦੋ ਵਾਰ ਜਿੱਤ ਚੁੱਕੇ ਹਨ। ਇਹ ਸੀਟ ਮੁੱਖ ਮੰਤਰੀ ਮਾਨ ਵੱਲੋਂ ਧੂਰੀ ਹਲਕੇ ਤੋਂ ਜਿੱਤ ਪ੍ਰਾਪਤ ਕਾਰਨ ਤੋਂ ਬਾਅਦ ਅਸਤੀਫ਼ਾ ਦੇਣ ਕਾਰਨ ਖਾਲ੍ਹੀ ਹੋਈ ਹੈ। ਉਨ੍ਹਾਂ ਕਿਹਾ ਕਿ ਅੱਜ ਲੋਕਾਂ ਦੇ ਪਿਆਰ ਅਤੇ ਸਮਰਥਨ ਨੂੰ ਦੇਖਦਿਆਂ ਵਿਸ਼ਵਾਸ ਹੋ ਗਿਆ ਹੈ ਕਿ ਇਸ ਚੋਣ ’ਚ ਵੀ ‘ਆਪ’ ਵੱਡੀ ਜਿੱਤ ਪ੍ਰਾਪਤ ਕਰੇਗੀ ਅਤੇ ਪਾਰਟੀ ਸਾਰੇ ਪੁਰਾਣੇ ਰਿਕਾਰਡ ਤੋੜੇਗੀ।
    ਗੁਰਮੇਲ ਸਿੰਘ ਨੇ ਕਿਹਾ ਕਿ ਉਹ ਮੁੱਖ ਮੰਤਰੀ ਮਾਨ ਦੀ ਗਤੀਸ਼ੀਲ ਅਗਵਾਈ ਵਾਲੀ ‘ਆਪ’ ਸਰਕਾਰ ਦੇ ਢਾਈ ਮਹੀਨਿਆਂ ਦੇ ਸ਼ਾਨਦਾਰ ਸ਼ਾਸਨ ਅਤੇ ਕੰਮਾਂ ਦੇ ਆਧਾਰ ’ਤੇ ਚੋਣ ਲੜ ਰਹੇ ਹਨ, ਜਿਨ੍ਹਾਂ ਨੇ ਪੰਜਾਬ ਨੂੰ ਬਦਲਣ ਲਈ ਬੀੜਾ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਸੰਗਰੂਰ ਸੀਟ ਜਿੱਤ ਕੇ ਉਹ ਮੁੱਖ ਮੰਤਰੀ ਮਾਨ ਦੇ ਮਿਸ਼ਨ ਨੂੰ ਅੱਗੇ ਵਧਾਉਣਗੇ ਅਤੇ ਸੰਗਰੂਰ ਵਾਸੀਆਂ ਦੀ ਭਲਾਈ ਲਈ ਮਿਹਨਤ ਨਾਲ ਕੰਮ ਕਰਨਗੇ।
    ਜ਼ਿਕਰਯੋਗ ਹੈ ਕਿ ਗੁਰਮੇਲ ਸਿੰਘ ‘ਆਪ’ ਦੇ ਵਰਕਰ ਹਨ ਅਤੇ ਉਹ 2015 ’ਚ ਭਵਾਨੀਗੜ੍ਹ ਬਲਾਕ ਦੇ ਪ੍ਰਧਾਨ ਬਣੇ ਸਨ। ਇਸ ਤੋਂ ਬਾਅਦ 2018 ’ਚ ਉਨ੍ਹਾਂ ਨੂੰ ਘਰਾਚੋਂ ਪਿੰਡ ਦਾ ਸਰਪੰਚ ਚੁਣ ਲਿਆ ਗਿਆ ਸੀ, ਜਦੋਂ ਕਿ ਪਾਰਟੀ ਨੇ ਸਾਲ 2021 ’ਚ ਗੁਰਮੇਲ ਸਿੰਘ ਨੂੰ ਸੰਗਰੂਰ ਜ਼ਿਲ੍ਹਾ ਦਾ ਪ੍ਰਧਾਨ ਨਿਯੁਕਤ ਕੀਤਾ ਸੀ।