ਸੰਗਰੂਰ, 19 ਜੂਨ, ( ਭੁਪਿੰਦਰ ਵਾਲੀਆ, ਹਰਜਿੰਦਰ ਭੋਲਾ ) ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਦੇਸ਼ ਵਿਚ ਚਲਾਈ ਜਾ ਰਹੀ ਅਣਐਲਾਨੀ ਐਮਰਜੈਂਸੀ ਦੇ ਹਾਲਾਤ ਬਾਰੇ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਉਣ ਦਾ ਫ਼ੈਸਲੇ ਨੂੰ ਲਾਗੂ ਕਰਦਿਆਂ ਸਭਾ ਦੀ ਸੰਗਰੂਰ ਇਕਾਈ ਨੇ 3 ਜੁਲਾਈ ਨੂੰ ਸੰਗਰੂਰ ਵਿਖੇ ਕਨਵੈਨਸ਼ਨ ਦਾ ਫ਼ੈਸਲਾ ਕੀਤਾ ਹੈ।ਜਮਹੂਰੀ ਅਧਿਕਾਰ ਸਭਾ ਦੇ ਜਿਲਾ ਪ੍ਰਧਾਨ ਸਵਰਨਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਉਪਰੰਤ ਸਭਾ ਦੇ ਜ਼ਿਲ੍ਹਾ ਸਕੱਤਰ ਮਾਸਟਰ ਕੁਲਦੀਪ ਸਿੰਘ ਨੇ ਦੱਸਿਆ ਕਿ ਦੱਸਿਆ ਕਿ ਜਮਹੂਰੀ ਅਧਿਕਾਰ ਸਭਾ ਪੰਜਾਬ ਨੇ ਐਮਰਜੈਸੀ ਦਿਵਸ ਦੀ ਪੂਰਵ-ਸੰਧਿਆ 25 ਜੂਨ ਤੋਂ ਜਾਗਰੂਕਤਾ ਮੁਹਿੰਮ ਦਾ ਆਗਾਜ਼ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਜਿਸ ਤਹਿਤ ਹਰ ਜ਼ਿਲ੍ਹਾ ਇਕਾਈ ਹੋਰ ਜਨਤਕ ਜਮਹੂਰੀ ਜਥੇਬੰਦੀਆਂ ਅਤੇ ਜਾਗਰੂਕ ਹਿੱਸਿਆਂ ਦੇ ਸਹਿਯੋਗ ਨਾਲ ਵਿਸ਼ੇਸ਼ ਪ੍ਰੋਗਰਾਮ ਕਰੇਗੀ। ਮੁਹਿੰਮ ਮਨੁੱਖੀ ਅਤੇ ਜਮਹੂਰੀ ਹੱਕਾਂ ਦੀ ਲਹਿਰ ਦੇ ਸ਼ਹੀਦ ਅਤੇ ਉੱਘੇ ਲੋਕ ਘੁਲਾਟੀਏ ਸਟੇਨ ਸਵਾਮੀ ਦੇ ਸ਼ਹਾਦਤ ਦਿਵਸ 5 ਜੁਲਾਈ ਤੱਕ ਚਲਾਈ ਜਾਵੇਗੀ ਜੋ ਭਾਰਤੀ ਜੇਲ੍ਹ ਪ੍ਰਬੰਧ ਦੇ ਅਣਮਨੁੱਖੀ ਜਬਰ ਦਾ ਮੁਕਾਬਲਾ ਕਰਦਿਆਂ ਪਿਛਲੇ ਸਾਲ ਸਦੀਵੀ ਵਿਛੋੜਾ ਦੇ ਗਏ ਸਨ। ਇਸ ਮੁਹਿੰਮ ਦੌਰਾਨ ਜਮਹੂਰੀ ਅਧਿਕਾਰ ਸਭਾ ਦੀ ਜਿਲ੍ਹਾ ਇਕਾਈ ਸੰਗਰੂਰ ਵਲੋਂ 3 ਜੁਲਾਈ ਨੂੰ ਸੰਗਰੂਰ ਵਿਖੇ ਕਨਵੈਨਸ਼ਨ ਕੀਤੀ ਜਾਵੇਗੀ। ਆਗੂਆਂ ਨੇ ਦੱਸਿਆ ਕਿ ਇਸ ਕਨਵੈਨਸ਼ਨ ਵਿੱਚ ਆਰ.ਐੱਸ.ਐੱਸ.-ਭਾਜਪਾ ਦੇ ਰਾਜ ਵਿਚ ਰਾਜਕੀ ਪੁਸ਼ਤਪਨਾਹੀ ਨਾਲ ਦਣਦਣਾ ਰਹੀਆਂ ਫਾਸ਼ੀਵਾਦੀ ਫਿਰਕੂ ਤਾਕਤਾਂ ਦੇ ਖ਼ਤਰਨਾਕ ਮਨਸੂਬਿਆਂ ਬਾਰੇ ਜਾਣੂ ਕਰਾਇਆ ਜਾਵੇਗਾ ਅਤੇ ਪਾਟਕਪਾਊ ਸਿਆਸਤ ਵਿਰੁੱਧ ਵਿਸ਼ਾਲ ਜਮਹੂਰੀ ਲੋਕ ਰਾਇ ਉਸਾਰ ਕੇ ਇਸ ਨੂੰ ਇਕਜੁੱਟਤਾ ਨਾਲ ਠੱਲ ਪਾਉਣ ਦਾ ਸੱਦਾ ਦਿੱਤਾ ਜਾਵੇਗਾ। ਰਾਜਧ੍ਰੋਹ ਕਾਨੂੰਨ, ਯੂ.ਏ.ਪੀ.ਏ., ਚਾਰ ਲੇਬਰ ਕੋਡ ਸਮੇਤ ਸਾਰੇ ਹੀ ਕਾਲੇ ਕਾਨੂੰਨਾਂ ਨੂੰ ਖ਼ਤਮ ਕਰਨ ਦੀ ਮੰਗ ਕੀਤੀ ਜਾਵੇਗੀ ਜੋ ਮਨੁੱਖ ਦੀ ਆਜ਼ਾਦੀ ਅਤੇ ਪ੍ਰਗਟਾਵੇ ਦੇ ਹੱਕ ਨੂੰ ਕੁਚਲਣ ਲਈ ਈਜਾਦ ਕੀਤੇ ਗਏ ਹਨ। ਇਸ ਤੋ ਇਲਾਵਾ ਕਨਵੈਨਸ਼ਨ ਭੀਮਾ-ਕੋਰੇਗਾਓਂ ਅਤੇ ਹੋਰ ਝੂਠੇ ਸਾਜ਼ਿਸ਼ ਕੇਸਾਂ ’ਚ ਗ੍ਰਿਫ਼ਤਾਰ ਕੀਤੇ ਲੋਕਪੱਖੀ ਬੁੱਧੀਜੀਵੀਆਂ, ਹੱਕਾਂ ਦੇ ਕਾਰਕੁੰਨਾਂ, ਸਿਆਸੀ ਕੈਦੀਆਂ ਅਤੇ ਸਜ਼ਾਵਾਂ ਪੂਰੀਆਂ ਕਰ ਕੈਦੀਆਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕਰੇਗੀ। ਆਗੂਆਂ ਨੇ ਕਿਹਾ ਕਿ ਉਹਨਾਂ ਕਿਹਾ ਕਿ ਇਨਕਲਾਬ ਜ਼ਿੰਦਾਬਾਦ ਦਾ ਨਾਅਰਾ ਲਗਾ ਕੇ ਰਾਜਨੀਤੀ ਵਿਚ ਬਦਲਾਓ ਲਿਆਉਣ ਦੇ ਚੋਣ ਵਾਅਦੇ ਨਾਲ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਥਾਂ ਟਾਲਮਟੋਲ ਦੀ ਨੀਤੀ ਅਪਣਾ ਰਹੀ ਹੈ ਪੱਕੇ ਰੋਜ਼ਗਾਰ, ਨਵੀਂ ਭਰਤੀ ਲਈ ਸੰਘਰਸ਼ ਕਰ ਰਹੀਆਂ ਬੇਰੋਜ਼ਗਾਰ ਨੌਜਵਾਨ ਜਥੇਬੰਦੀਆਂ ਅਤੇ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਮੰਗਾਂ ਲਈ ਜੂਝ ਰਹੀਆਂ ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਸੰਘਰਸ਼ਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਪੰਜਾਬ ਯੂਨੀਵਰਸਿਟੀ ਨੂੰ ਕੇਂਦਰੀਕਰਨ ਤੋਂ ਬਚਾਉਣ ਲਈ ਲੜ ਰਹੀਆਂ ਵਿਦਿਆਰਥੀ ਜਥੇਬੰਦੀਆਂ ਦੇ ਸੰਘਰਸ਼ ਨੂੰ ਜਬਰ ਨਾਲ ਦਬਾਇਆ ਜਾ ਰਿਹਾ ਹੈ। ਮੀਟਿੰਗ ਵਿਚ ਪਿੰਡਾਂ ਵਿਚ ਪੰਚਾਇਤਾਂ ਅਤੇ ਜਾਤ ਹੰਕਾਰ ਵਿਚ ਗ੍ਰਸਿਤ ਲੋਕਾਂ ਵਲੋਂ ਮਜਦੂਰਾਂ ਦੀ ਦਿਹਾੜੀ ਅਤੇ ਝੋਨੇ ਦੀ ਲਵਾਈ ਦੇ ਇਕ ਪਾਸੜ ਰੇਟ ਤਹਿ ਕਰਕੇ ਜੁਰਮਾਨੇ/ਬਾਈਕਾਟ ਦੀਆਂ ਧਮਕੀਆਂ ਵਾਲੇ ਜਾਰੀ ਕੀਤੇ ਜਾ ਰਹੇ ਮਤਿਆਂ ਰੂਪੀ ਹੁਕਮਨਾਮਿਆਂ ਦੀ ਨਿਖੇਧੀ ਕਰਦਿਆਂ ਇਹਨਾਂ ਲਈ ਜੁੰਮੇਵਾਰ ਵਿਆਕਤੀਆਂ ਖਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ। ਜਮਹੂਰੀ ਅਧਿਕਾਰ ਸਭਾ ਦੇ ਆਗੂਆਂ ਨਾਮਦੇਵ ਸਿੰਘ ਭੂਟਾਲ, ਮਨਧੀਰ ਸਿੰਘ, ਕੁਲਵਿੰਦਰ ਸਿੰਘ ਬੰਟੀ, ਬਸੇਸਰ ਰਾਮ, ਵਿਸ਼ਵਕਾਤ, ਗੁਰਜੰਟ ਸਿੰਘ, ਜਗਰੂਪ ਸਿੰਘ, ਹਰਗੋਬਿੰਦ ਸਿੰਘ ਅਤੇ ਦਾਤਾ ਸਿੰਘ ਨਮੋਲ ਨੇ ਸਮੂਹ ਇਨਸਾਫ਼ਪਸੰਦਾਂ ਲੋਕਾਂ ਅਤੇ ਜਨਤਕ ਜਮਹੂਰੀ ਜਥੇਬੰਦੀਆਂ ਨੂੰ ਇਸ ਕਨਵੈਨਸ਼ਨ ਵਿੱਚ ਭਰਵਾਂ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ।