403ਵੇਂ ਪ੍ਰਕਾਸ਼ ਪੁਰਬ ਦੀ ਸਮੁੱਚੀ ਕੌਮ ਨੂੰ ਦਿੱਤੀ ਵਧਾਈ
ਪਟਿਆਲਾ, 11 ਅਪ੍ਰੈਲ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਸਿੱਖਾਂ ਦੇ ਨੌਵੇਂ ਗੁਰੂ ਤੇ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 403ਵੇਂ ਪ੍ਰਕਾਸ਼ ਪੁਰਬ ਦੀਆਂ ਸੰਗਤਾਂ ਨੂੰ ਵਧਾਈ ਦਿੰਦਿਆਂ ਆਖਿਆ ਕਿ ਵਿਸ਼ਵ ਦੇ ਇੱਕ ਅਦੁਤੀ ਸ਼ਹੀਦ, ਧਰਮ ਰੱਖਿਅਕ, ਮਹਾਨ ਪਰਉਪਕਾਰੀ, ਨੀਲੇ ਦੇ ਸ਼ਾਹ ਸਵਾਰ, ਤੇਗ ਦੇ ਧਨੀ ਮਹਾਨ ਵਿਦਵਾਨ ਸੰਗੀਤ ਰਸੀਏ, ਪਵਿੱਤਰ ਗੁਰਬਾਣੀ ਦੇ ਰਚਣਹਾਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਮੀਰੀ ਪੀਰੀ ਦੇ ਮਾਲਕ ਦਲਭੰਜਨ ਗੁਰ ਸੂਰਮਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਅਤੇ ਮਾਤਾ ਨਾਨਕੀ ਜੀ ਦੇ ਗ੍ਰਹਿ ਵਿਖੇ 1 ਅਪ੍ਰੈਲ 1621 ਈਸਵੀਂ ਨੂੰ ਅੰਮ੍ਰਿਤਸਰ ਸਾਹਿਬ ਵਿਖੇ ਗੁਰੂ ਕਾ ਮਹਿਲ ਵਿਖੇ ਹੋਇਆ ਸੀ।
ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ 11 ਨਵੰਬਰ 1675 ਨੂੰ ਹਿੰਦੂ ਧਰਮ ਤੇ ਅੱਤਿਆਚਾਰ ਤਥਾ ਤਿਲਕ ਅਤੇ ਜੰਝੂ ਦੀ ਰਾਖੀ ਲਈ ਸ੍ਰੀ ਅਨੰਦਪੁਰ ਸਾਹਿਬ ਤੋਂ ਆਪ ਚਲ ਕੇ ਦਿੱਲੀ ਦੇ ਚਾਂਦਨੀ ਚੌਕ ਵਿਖੇ ਸ਼ਹੀਦੀ ਦੇ ਕੇ ਵਿਸ਼ਵ ਨੂੰ ਸਮਝਾਇਆ ਕਿ ਜੇਕਰ ਧਰਮ ਦੀ ਪਾਲਣਾ ਕਰਨੀ ਹੈ, ਤਾਂ ਸ਼ਹੀਦੀ ਵੀ ਦੇਣੀ ਪੈਂਦੀ ਹੈ, ਕਿਉਂਕਿ ਇਸ ਤੋਂ ਪਹਿਲਾਂ ਕਸ਼ਮੀਰੀ ਬ੍ਰਾਹਮਣਾਂ ਨੇ ਗੁਰੂ ਸਾਹਿਬ ਅੱਗੇ ਫਰਿਆਦ ਕਰਦਿਆਂ ਦੱਸਿਆ ਸੀ ਕਿ ਉਹ ਕੇਦਾਰਨਾਥ, ਬਦਰੀਨਾਥ, ਪੁਰੀ ਦੁਆਰਕਾ, ਕਾਂਸ਼ੀ, ਮਥੁਰਾ ਤੇ ਹੋਰ ਹਿੰਦੂ ਕੇਂਦਰਾਂ ਤੋਂ ਹੋ ਕੇ ਆਉਣ ਦੇ ਨਾਲ ਨਾਲ ਔਰੰਗਜ਼ੇਬ ਦੇ ਹਿੰਦੂ ਰਾਜਪੂਤ ਵਜ਼ੀਰਾਂ ਤੱਕ ਵੀ ਪਹੁੰਚ ਕੀਤੀ, ਪਰ ਕਿਸੇ ਨੇ ਉਹਨਾਂ ਦੀ ਬਾਂਹ ਫੜੀ ਤੇ ਨਾ ਹੀ ਕੋਈ ਸਾਰ ਲਈ, ਕਿਉਂਕਿ ਕਸ਼ਮੀਰ ਦੇ ਨਵੇਂ ਮੁਸਲਮਾਨ ਗਵਰਨਰ ਇਫ਼ਤਿਖ਼ਾਰ ਖਾਨ ਵੱਲੋਂ ਔਰੰਗਜ਼ੇਬ ਦੇ ਹੁਕਮਾਂ ਤੇ ਜਬਰੀ ਜ਼ੁਲਮ ਕਰਕੇ ਸੈਂਕੜੇ ਬ੍ਰਾਹਮਣਾਂ ਨੂੰ ਜਬਰੀ ਮੁਸਲਮਾਨ ਬਣਾਇਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਕਸ਼ਮੀਰੀ ਪੰਡਤਾਂ ਦੀ ਪੁਕਾਰ ਸੁਣ ਕੇ ਗੁਰੂ ਤੇਗ ਬਹਾਦਰ ਜੀ ਨੇ ਔਰੰਗਜ਼ੇਬ ਨੂੰ ਸੁਨੇਹਾ ਦੇਣ ਲਈ ਆਖਿਆ ਕਿ ਜੇਕਰ ਉਹ ਗੁਰੂ ਤੇਗ ਬਹਾਦਰ ਜੀ ਨੂੰ ਮੁਸਲਮਾਨ ਬਣਾ ਲਵੇ ਤਾਂ ਸਾਰੇ ਕਸ਼ਮੀਰੀ ਬ੍ਰਾਹਮਣ ਇਸਲਾਮ ਧਰਮ ਕਬੂਲ ਕਰਕੇ ਮੁਸਲਮਾਨ ਬਣ ਜਾਣਗੇ। ਜਿਸ ਤੇ ਆਪ ਵੱਲੋਂ ਬਾਲ ਗੋਬਿੰਦ ਰਾਏ ਜੀ ਦੇ ਕਹਿਣ ਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਆਪ ਚਲ ਕੇ ਦਿੱਲੀ ਦੇ ਚਾਂਦਨੀ ਚੌਕ ਵਿਖੇ ਸ਼ਹੀਦੀ ਦਿੱਤੀ।
ਉਹਨਾਂ ਕਿਹਾ ਕਿ ਵੱਡੀ ਤੋਂ ਵੱਡੀ ਰਾਜਸੀ ਸ਼ਕਤੀ ਤੇ ਤਲਵਾਰ ਦੇ ਜ਼ੋਰ ਨਾਲ ਕਿਸੇ ਨੂੰ ਜਬਰੀ ਧਰਮ ਤਬਦੀਲ ਕਰਨ ਦਾ ਕੋਈ ਅਧਿਕਾਰ ਨਹੀਂ ਹੈ, ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਮਹਾਨ ਸ਼ਹੀਦੀ ਦੇ ਕੇ ਸਾਰੀ ਸ੍ਰਿਸ਼ਟੀ ਉਤੇ ਰਖਿਆ-ਛੱਤਰੀ ਚਾਦਰ ਪਾ ਕੇ ਲਾਮਿਸਾਲ ਕਾਰਜ ਕੀਤਾ।
ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਕਿ ਧਰਮ ਦੀ ਹੋਰ ਰਹੀ ਹਾਨੀ ਨੂੰ ਠੱਲ੍ਹ ਪਾਉਣ ਲਈ ਸਾਨੂੰ ਸਭ ਨੂੰ ਪੂਰੀ ਦ੍ਰਿੜ੍ਹਤਾ ਤੇ ਵਚਨਬੱਧਤਾ ਨਾਲ ਸੰਘਰਸ਼ਸ਼ੀਲ ਹੋਣਾ ਪਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ  ਮੈਨੇਜਰ ਭਗਵੰਤ ਸਿੰਘ ਧੰਗੇੜਾ, ਸਾਬਕਾ ਮੈਨੇਜਰ ਅਮਰਜੀਤ ਸਿੰਘ, ਅਕਾਲੀ ਆਗੂ ਨਰਿੰਦਰ ਸਿੰਘ ਰਸੀਦਪੁਰ ਅਤੇ ਹੋਰ ਪਤਵੰਤੇ ਵੀ ਹਾਜਰ ਸਨ।