ਤੁਸੀਂ ਸਰੀਰ ਦਾ ਧਿਆਨ ਰੱਖੋ, ਸਰੀਰ ਤੁਹਾਡਾ ਧਿਆਨ ਰੱਖੇਗਾ – ਡਾ ਭੰਡਾਰੀ

ਸੁਖਵਿੰਦਰ ਸਿੰਘ ਬਾਵਾ
ਸੰਗਰੂਰ, 25 ਮਾਰਚ-

ਸਮਾਜ ਸੇਵਾ, ਲੋਕ ਭਲਾਈ ਬਜ਼ਰੁਗਾਂ ਅਤੇ ਪੈਨਸ਼ਰਾਂ ਦੀ ਨਰੋਈ ਸਿਹਤ ਅਤੇ ਸਤਿਕਾਰ ਨੂੰ ਸਮਰਪਿਤ ਸਟੇਟ ਸੋਸ਼ਲ ਵੈੱਲ ਫੇਅਰ ਐਸੋਸ਼ੋਈਸ਼ਨ ਜਿਲ੍ਹਾ ਸੰਗਰੂਰ ਵਲੋਂ ਜਿਲ੍ਹਾਂ ਪ੍ਰਬੰਧਗੀ ਕੰਪਲੈਕਸ਼ ਵਿਖੇ ਬਜ਼ੁਰਗਾਂ ਦੀ ਨਿਰੋਈ ਸਿਹਤ ਅਤੇ ਤੰਦਰੁਸਤ ਸਿਹਤ ਲਈ ਸਿਹਤ ਸੈਮੀਨਾਰ ਦਾ ਆਜੋਯਨ ਐਸੋਸ਼ੀਏਸ਼ਨ ਦੇ ਜਿਲ੍ਹਾਂ ਪ੍ਰਧਾਨ ਸ੍ਰੀ ਰਾਜ ਕੁਮਾਰ ਅਰੋੜਾ ਜੀ ਅਗਵਾਈ ਹੇਠ ਸਪੰਨ ਹੋਇਆ ।

ਉਹਨਾਂ ਨਾਲ ਪ੍ਰਧਾਨਗੀ ਮੰਡਲ ਵਿੱਚ ਸ੍ਰੀ ਰਾਵਿੰਦਰ ਸਿੰਘ ਗੂਡੂ, ਪ੍ਰੋਫੈਸਰ ਸੁਰੇਸ਼ ਗੁਪਤਾ, ਡਾ. ਚਰਨਜੀਤ ਸਿੰਘ ਉਡਾਰੀ, ਸ੍ਰੀ ਜਗਦੀਸ ਕਾਲੜਾ, ਸ੍ਰੀ ਆਰ. ਐੱਲ ਪਾਂਧੀ, ਕਰਨੈਲ ਸਿੰਘ ਸੇਖੋਂ, ਵਿਪਨ ਮਲੀਕ, ਜਸਵੀਰ ਸਿੰਘ ਖਾਲਸਾ, ਓ.ਪੀ. ਖਿੰਪਲ, ਸੁਰਿੰਦਰ ਸਿੰਘ ਸੋਢੀ, ਰਾਜ ਕੁਮਾਰ ਬਾਂਸਲ, ਤਿੰਲਕ ਰਾਜ ਸਤੀਜਾ ਅਤੇ ਜਨਕ ਰਾਜ ਜੋਸੀ ਹਾਜ਼ਿਰ ਸਨ। ਸ੍ਰੀ ਅਵਿਨਾਸ਼ ਸਰਮਾ ਅਤੇ ਅਸ਼ੋਕ ਡੱਲਾ ਵਲੋਂ ਕੀਤੇ ਗਏ ਮੰਚ ਸੰਚਾਲਿਨ ਦੌਰਾਨ ਕੁਦਰਤੀ ਇਲਾਜ ਪ੍ਰਣਾਲੀ ਦੇ ਮਾਹਿਰ ਅਤੇ ਰਾਜ ਪੁਰਸਕਾਰ ਨਾਲ ਸਨਮਾਨਿਤ ਪ੍ਰਸਿੱਧ ਨੇਚੁਰੋਪੈਥ ਡਾ ਹਰਪ੍ਰੀਤ ਸਿੰਘ ਭੰਡਾਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੇ ਸਮੇਂ ’ਚ ਬਹੁਤ ਲੋਕ ਮੋਟਾਪੇ ਦਾ ਸ਼ਿਕਾਰ ਹੋ ਚੁੱਕੇ ਹਨ।

ਮੋਟਾਪਾ ਹੋਣ ਦਾ ਮੁੱਖ ਕਾਰਣ ਗਲਤ ਖਾਣ ਪੀਣ, ਜ਼ਿਆਦਾ ਖਾਣਾ ਕਈ ਵਾਰ ਥਾਇਰਾਇਡ ਜਾਂ ਕੋਈ ਬੀਮਾਰੀ ਦਾ ਹੋਣਾ ਵੀ ਹੈ। ਮੋਟਾਪੇ ਦੀ ਸਮੱਸਿਆ ਨੂੰ ਦੂਰ ਕਰਨਾ ਬਹੁਤ ਔਖਾ ਹੋ ਜਾਂਦਾ ਹੈ। ਕਈ ਲੋਕ ਇਸ ਨੂੰ ਘਟਾਉਣ ਅਤੇ ਆਪਣੇ ਆਪ ਨੂੰ ਫਿੱਟ ਰੱਖਣ ਲਈ ਕਈ ਤਰ੍ਹਾਂ ਦੀਆਂ ਗੈਰ ਵਿਗਿਆਨਿਕ ਢੰਗਾਂ ਦਾ ਸਹਾਰਾ ਲੈਂਦੇ ਹਨ, ਜਿਨ੍ਹਾਂ ਦੇ ਕਈ ਵਾਰ ਬਹੁਤ ਸਾਰੇ ਸਾਈਡ ਇਫੈਕਟ ਵੀ ਹੁੰਦੇ ਹਨ। ਇਨ੍ਹਾਂ ਨੂੰ ਵਰਤਣ ਨਾਲ ਸਰੀਰ ਇੱਕ ਵਾਰ ਤਾਂ ਸਹੀ ਲੱਗਦਾ ਹੈ ਪਰ ਕੁੱਝ ਸਮੇਂ ਬਾਅਦ ਫਿਰ ਮੋਟਾਪਾ ਆ ਜਾਂਦਾ ਹੈ।

ਡਾ ਭੰਡਾਰੀ ਨੇ ਸਮਾਰੋਹ ਵਿੱਚ ਕੁਝ ਅਜਿਹੇ ਨੁਸਖ਼ੇ ਦੱਸੇ ਜਿਨ੍ਹਾਂ ਨਾਲ ਮੋਟਾਪੇ ਦੀ ਸਮੱਸਿਆ ਨੂੰ ਸੌਖੇ ਤਰੀਕੇ ਨਾਲ ਦੂਰ ਕੀਤੀ ਜਾ ਸਕਦਾ ਹੈ। ਉਹਨਾਂ ਕਿਹਾ ਕਿ ਇਨ੍ਹਾਂ ਕੁਦਰਤੀ ਨੁਸਖ਼ਿਆਂ ਦੀ ਰੋਜ਼ਾਨਾਂ ਵਰਤੋਂ ਕਰਨ ਨਾਲ ਫਰਕ ਆਪਣੇ ਆਪ ਨਜ਼ਰ ਆਵੇਗਾ। ਉਹਨਾਂ ਕਿਹਾ ਕਿ ਚਾਹ ਅਤੇ ਕੌਫੀ ਦਾ ਸੇਵਨ ਘੱਟ ਕਰ ਦਿਓ। ਚਾਹ ਅਤੇ ਕੌਫੀ ਦਾ ਜ਼ਿਆਦਾ ਸੇਵਨ ਕਰਨ ਨਾਲ ਮੋਟਾਪੇ ਦੀ ਸਮੱਸਿਆ ਹੁੰਦੀ ਹੈ। ਕਦੇ ਵੀ ਸਵੇਰੇ ਉੱਠਦੇ ਚਾਹ ਜਾਂ ਕੌਫੀ ਨਾ ਪੀਓ ਸਭ ਤੋਂ ਪਹਿਲਾਂ ਤਾਜ਼ਾ ਜਾਂ ਕੋਸਾ ਪਾਣੀ ਪੀਓ। ਵੈਸੇ ਵੀ ਮੋਟਾਪਾ ਘਟਾਉਣ ਲਈ ਚਾਹ ਕੌਫੀ ਦੀ ਆਦਤ ਤੋਂ ਪਰਹੇਜ਼ ਹੀ ਕਰਨਾ ਚਾਹੀਦਾ ਹੈ। ਬੇਸ਼ੁਮਾਰ ਲੋਕਾਂ ਦਾ ਕੁਦਰਤੀ ਤਰੀਕੇ ਨਾਲ ਮੋਟਾਪਾ ਘਟਾਉਣ ਵਾਲੇ ਡਾ ਭੰਡਾਰੀ ਨੇ ਕਿਹਾ ਕਿ ਰੋਜ਼ਾਨਾ ਕੋਸੇ ਪਾਣੀ ਵਿੱਚ ਇੱਕ ਨਿੰਬੂ ਅਤੇ ਇਕ ਚਮਚ ਸ਼ਹਿਦ ਮਿਲਾ ਕੇ ਪੀਓ। ਕੁਝ ਦਿਨਾਂ ਵਿੱਚ ਚਰਬੀ ਘਟਣ ਲੱਗ ਜਾਵੇਗੀ ਅਤੇ ਮੋਟਾਪੇ ਦੀ ਸਮੱਸਿਆ ਦੂਰ ਹੋ ਜਾਵੇਗੀ। ਉਹਨਾਂ ਕਿਹਾ ਕਿ ਖਾਣੇ ਵਿੱਚ ਹਮੇਸ਼ਾ ਫਾਈਬਰ ਵਾਲੀਆਂ ਚੀਜ਼ਾਂ ਦਾ ਜ਼ਿਆਦਾ ਸੇਵਨ ਕਰੋ। ਇਸ ਤਰ੍ਹਾਂ ਵੀ ਮੋਟਾਪੇ ਨੂੰ ਘੱਟ ਕੀਤਾ ਜਾ ਸਕਦਾ ਹੈ। ਫਲਾਂ ਬਾਰੇ ਗੱਲ ਕਰਦਿਆਂ ਉਹਨਾਂ ਕਿਹਾ ਕਿ ਰੋਜ਼ਾਨਾ ਮੌਸਮੀ, ਸੰਤਰਾ, ਅਮਰੂਦ, ਪਪੀਤੇ ਦਾ ਸੇਵਨ ਜ਼ਰੂਰ ਕਰੋ। ਰੋਜ਼ਾਨਾ ਥੋੜ੍ਹੀ ਮਾਤਰਾ ਵਿੱਚ ਅਨਾਨਾਸ ਦਾ ਸੇਵਨ ਜ਼ਰੂਰ ਕਰੋ। ਇਸ ਨਾਲ ਸਰੀਰ ਦੀ ਚਰਬੀ ਘੱਟ ਹੋ ਜਾਂਦੀ ਹੈ ਅਤੇ ਕੁਝ ਦਿਨਾਂ ਵਿੱਚ ਮੋਟਾਪਾ ਘੱਟ ਹੋ ਜਾਂਦਾ ਹੈ।
ਰਾਤ ਦੇ ਖਾਣੇ ਬਾਰੇ ਉਨ੍ਹਾਂ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਜੇਕਰ ਤੁਸੀਂ ਮੋਟਾਪਾ ਘੱਟ ਕਰਨਾ ਚਾਹੁੰਦੇ ਹੋ ਤਾਂ ਰਾਤ ਦਾ ਖਾਣਾ ਹਮੇਸ਼ਾ 7 ਵਜੇ ਤੋਂ ਪਹਿਲਾਂ ਖਾਓ। ਰਾਤ ਦਾ ਖਾਣਾ ਹਲਕਾ ਖਾਓ, ਕਿਉਂਕਿ ਰਾਤ ਨੂੰ ਸਾਡੇ ਸਰੀਰ ਦਾ ਮੈਟਾਬਾਲੀਜ਼ਮ ਰੇਟ ਹੌਲੀ ਹੌਲੀ ਘਟਣ ਲੱਗਦਾ ਹੈ। ਇਸ ਨਾਲ ਭਾਰੀਆਂ ਚੀਜ਼ਾਂ ਨੂੰ ਪਚਾਉਣ ਵਿੱਚ ਦਿੱਕਤ ਆਉਂਦੀ ਹੈ। ਲਗਾਤਾਰ ਵੱਧ ਰਹੇ ਮੋਟਾਪੇ ਨੂੰ ਘੱਟ ਕਰਨ ਲਈ ਰੋਜ਼ਾਨਾ ਸਵੇਰੇ ਉੱਠਕੇ ਸੈਰ ਕਰੋ। ਸੈਰ ਕਰਨ ਨਾਲ ਸਰੀਰ ਫਿੱਟ ਰਹਿੰਦਾ ਹੈ ਅਤੇ ਮੋਟਾਪਾ ਜਲਦੀ ਘੱਟਦਾ ਹੈ।

ਘਰੇਲੂ ਨੁਸਖ਼ਿਆਂ ਬਾਰੇ ਦੱਸਦਿਆਂ ਡਾ ਭੰਡਾਰੀ ਨੇ ਕਿਹਾ ਕਿ ਚਮਚ ਜੀਰੇ ਨੂੰ ਇੱਕ ਗਿਲਾਸ ਵਿੱਚ ਭਿਉਂ ਕੇ ਰੱਖੋ। ਸਵੇਰ ਸਮੇਂ ਇਸ ਪਾਣੀ ਨੂੰ ਉਬਾਲ ਲਓ ਅਤੇ ਇਸ ਪਾਣੀ ਵਿੱਚ ਇੱਕ ਨਿੰਬੂ ਅਤੇ ਸ਼ਹਿਦ ਮਿਲਾ ਕੇ ਸੇਵਨ ਕਰੋ। ਇਹ ਨੁਸਖ਼ਾ ਭਾਰ ਘੱਟ ਕਰਨ ਲਈ ਬਹੁਤ ਅਸਰਦਾਰ ਨੁਸਖ਼ਾ ਮੰਨਿਆ ਜਾਂਦਾ ਹੈ ਅਤੇ ਡਾਕਟਰੀ ਸਲਾਹ ਨਾਲ ਰੋਜ਼ਾਨਾ ਰਾਤ ਦਾ ਖਾਣਾ ਖਾਣ ਤੋਂ ਬਾਅਦ ਇੱਕ ਚਮਚ ਅਜਵਾਈਨ ਨੂੰ ਇੱਕ ਗਿਲਾਸ ਪਾਣੀ ਵਿੱਚ ਉਬਾਲ ਕੇ ਸੇਵਨ ਕਰੋ। ਇਸ ਨਾਲ ਖਾਣਾ ਜਲਦੀ ਹਜ਼ਮ ਹੋ ਜਾਵੇਗਾ ਅਤੇ ਵਜ਼ਨ ਘੱਟ ਹੋਣਾ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਖੀਰਾ, ਪੁਦੀਨਾ, ਧਨੀਆਂ ਮਿਲਾ ਕੇ ਡਿਟੋਕਸ ਡਰਿੰਕ ਬਣਾ ਕੇ ਵੀ ਪੀਤਾ ਜਾ ਸਕਦਾ ਹੈ। ਸਰੀਰ ਵਿੱਚ ਪਾਣੀ ਦੀ ਘਾਟ ਵੀ ਨਹੀਂ ਹੋਵੇਗੀ। ਖਾਣਾ ਖਾਂਦੇ ਸਮੇਂ ਪਾਣੀ ਦਾ ਸੇਵਨ ਨਾ ਕਰੋ। ਖਾਣਾ ਖਾਣ ਤੋਂ ਅੱਧਾ ਘੰਟਾ ਬਾਅਦ ਕੋਸਾ ਪਾਣੀ ਪੀਓ ਅਤੇ ਸੈਰ ਜ਼ਰੂਰ ਕਰੋ। ਅੱਜ ਦੇ ਇਸ ਸਿਹਤ ਸੈਮੀਨਾਰ ਦੌਰਾਨ ਡਾ. ਹਰਪ੍ਰੀਤ ਸਿੰਘ ਭੰਡਾਰੀ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਸੁਰਿੰਦਰ ਪਾਲ ਸਿਘ ਸ਼ਿੱਦਕੀ ਸੱਤ ਦੇਵ ਸ਼ਰਮਾ ,ਡਾ. ਮਨਮੋਹਨ ਸਿੰਘ ਮਾਹਿੰਦਰ ਸਿੰਘ ਢੀਂਡਸਾ, ਤਰਸੇਮ ਜਿੰਦਲ, ਆਸ਼ੋਕ ਨਾਗਪਾਲ, ਰਾਜਿੰਦਰ ਗੋਇਲ. ਸੁਰਿੰਦਰ ਪਾਲ ਗਗਰ, ਰਾਕੇਸ਼ ਕੁਮਾਰ ਗੁਪਤਾ, ਪਵਨ ਸ਼ਰਮਾ, ਨਰੈਣ ਦਾਸ ਗੋਇਲ, ਵੈਦ ਹਾਕਮ ਸਿੰਘ, ਬਲਦੇਵ ਸਿੰਘ ਰਤਨ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਐਸੋਸ਼ੀਏਸ਼ਨ ਦੇ ਮੈਂਬਰ ਹਾਜ਼ਿਰ ਸਨ।