ਵੱਖ ਵੱਖ ਪ੍ਰੋਜੈਕਟਾਂ ਅਧੀਨ ਸਕੂਲਾਂ ਤੋਂ ਬਾਹਰ ਅਧਿਆਪਕਾਂ ਨੂੰ ਸਕੂਲਾਂ ਵਿੱਚ ਭੇਜਿਆ ਜਾਵੇ: ਡੀ ਟੀ ਐਫ

ਜ਼ਿਲ੍ਹਾ ਸੰਗਰੂਰ ਵਿੱਚ ਸਿੱਖਿਆ ਮੰਤਰੀ ਪੰਜਾਬ ਦੇ ਹੁਕਮਾਂ ਦੀ ਹੋ ਰਹੀ ਉਲੰਘਣਾ

ਸੰਗਰੂਰ 6ਮਈ ਸੁਖਵਿੰਦਰ ਸਿੰਘ ਬਾਵਾ

-ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਵੱਲੋਂ ਪਿਛਲੇ ਸਮਿਆਂ ਵਿੱਚ ਕੀਤੀ ਜਾ ਰਹੀ ਮੰਗ ਤਹਿਤ ‘ਪੜ੍ਹੋ ਪੰਜਾਬ ਪੜ੍ਹਾਓ ਪੰਜਾਬ’ ਅਧੀਨ ਸੈਕੰਡਰੀ ਅਤੇ ਪ੍ਰਾਇਮਰੀ ਵਿਭਾਗਾਂ ਬਤੌਰ ਜ਼ਿਲ੍ਹਾ ਕੋਆਰਡੀਨੇਟਰ ਅਤੇ ਜਿਲ੍ਹਾ ਸਹਾਇਕ ਕੋਆਰਡੀਨੇਟਰ, ਬੀ.ਐੱਮ.ਟੀ. (ਬਲਾਕ ਮਾਸਟਰ ਟ੍ਰੇਨਰ) ਕੰਮ ਕਰਦੇ ਅਧਿਆਪਕਾਂ ਨੂੰ ਵਾਪਿਸ ਪਿੱਤਰੀ ਸਕੂਲਾਂ ਵਿੱਚ ਭੇਜਣ ਦੇ ਪੱਤਰ ਜਾਰੀ ਹੋ ਚੁੱਕੇ ਹਨ ਪਰ ਜਿਲਾ ਸੰਗਰੂਰ ਵਿੱਚ ਪੈਂਦੇ ਕਈ ਅਧਿਆਪਕਾਂ ਨੂੰ ਅਜੇ ਤੱਕ ਉਨ੍ਹਾਂ ਦੇ ਪਿੱਤਰੀ ਸਕੂਲਾਂ ਵਿੱਚ ਵਾਪਿਸ ਨਹੀਂ ਭੇਜਿਆ ਗਿਆ ।

ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਡੈਮੋਕ੍ਰੇਟਿਕ ਟੀਚਰਜ਼ ਫਰੰਟ ਸੰਗਰੂਰ ਦੇ ਜਿਲਾ ਪ੍ਰਧਾਨ ਸੁਖਵਿੰਦਰ ਗਿਰ, ਜਨਰਲ ਸਕੱਤਰ ਅਮਨ ਵਸਿਸ਼ਟ ਸੂਬਾ ਕਮੇਟੀ ਮੈਂਬਰ ਰਘਵੀਰ ਸਿੰਘ ਭਵਾਨੀਗੜ੍ਹ,ਮੇਘ ਰਾਜ, ਦਲਜੀਤ ਸਫੀਪੁਰ ਅਤੇ ਜਿਲਾ ਪ੍ਰੈੱਸ ਸਕੱਤਰ ਕਰਮਜੀਤ ਨਦਾਮਪੁਰ ਨੇ ਜਿਲਾ ਅਧਿਕਾਰੀਆਂ ਪਾਸੋਂ ਮੰਗ ਕਰਦਿਆਂ ਕਿਹਾ ਕਿ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੇ ‘ਪੜ੍ਹੋ ਪੰਜਾਬ ਪੜ੍ਹਾਓ ਪੰਜਾਬ’ ਵਰਗੇ ਪ੍ਰੋਜੈਕਟ ਪੂਰੀ ਤਰ੍ਹਾਂ ਬੰਦ ਕੀਤੇ ਜਾਣ ਅਤੇ ਸਿੱਖਿਆ ਵਿਭਾਗ ਵਿੱਚ ਪਹਿਲਾਂ ਤੋਂ ਉਪਲਬਧ ਸੰਵਿਧਾਨਕ ਢਾਂਚੇ ਨੂੰ ਮਜਬੂਤ ਕਰਦਿਆਂ ਸਿੱਖਿਆ ਢਾਂਚੇ ਨੂੰ ਸੁਧਾਰ ਵੱਲ ਲਿਜਾਇਆ ਜਾਵੇ। ਉਨ੍ਹਾਂ ਇਸ ਪ੍ਰੋਜੈਕਟ ਅਧੀਨ ਕੰਮ ਕਰਦੇ ਪ੍ਰਾਇਮਰੀ ਅਤੇ ਸੈਕੰਡਰੀ ਅਧਿਆਪਕਾਂ ਨੂੰ ਉਨ੍ਹਾਂ ਦੇ ਪਿੱਤਰੀ ਸਕੂਲਾਂ ਵਿੱਚ ਵਾਪਿਸ ਭੇਜਣ ਦੀ ਮੰਗ ਕੀਤੀ।

ਸਿੱਖਿਆ ਮੰਤਰੀ ਪੰਜਾਬ ਨੇ ਪਿਛਲੇ ਦਿਨਾਂ ਵਿੱਚ ਹੁਕਮ ਜਾਰੀ ਕਰਦਿਆਂ , ਇਨਾਂ ਸਾਰੇ ਅਧਿਆਪਕਾਂ ਨੂੰ ਉਨ੍ਹਾਂ ਦੇ ਪਿੱਤਰੀ ਸਕੂਲਾਂ ਵਿੱਚ ਭੇਜਣ ਲਈ ਪੱਤਰ ਜਾਰੀ ਕੀਤਾ ਸੀ। ਪਰ ਜਿਲਾ ਸੰਗਰੂਰ ਵਿੱਚ ਇਨਾਂ ਅਧਿਆਪਕਾਂ ਨੂੰ ਉਨ੍ਹਾਂ ਦੇ ਪਿੱਤਰੀ ਸਕੂਲਾਂ ਵਿੱਚ ਭੇਜਣ ਦੀ ਥਾਂ ਜਿਲੇ ਦੀਆਂ ਵੱਖ ਵੱਖ ਸੰਸਥਾਵਾਂ ਵਿੱਚ ਲਗਾਇਆ ਗਿਆ ਹੈ, ਜਿਸਦਾ ਸਿੱਧਾ ਅਸਰ ਉਨਾ ਅਧਿਆਪਕਾਂ ਦੇ ਪਿੱਤਰੀ ਸਕੂਲਾਂ ਦੇ ਵਿਦਿਆਰਥੀਆਂ ਤੇ ਸਿੱਧੇ ਰੂਪ ਵਿੱਚ ਵੇਖਣ ਨੂੰ ਮਿਲਦਾ ਹੈ। ਵਿਦਿਆਰਥੀ ਅਧਿਆਪਕਾਂ ਨੂੰ ਤਰਸ ਰਹੇ ਹਨ, ਇਸਦੇ ਉਲਟ ਉਨ੍ਹਾਂ ਅਧਿਆਪਕਾਂ ਨੂੰ ਬਿਨਾਂ ਕਿਸੇ ਪੋਸਟ ਅਤੇ ਕਾਰਨ ਵੱਖ ਵੱਖ ਆਰਾਮਪ੍ਰਸਤ ਪੋਸਟਾਂ ਤੇ ਲਗਾਇਆ ਜਾ ਰਿਹਾ ਹੈ।

ਇਸ ਲਈ ਡੀ ਟੀ ਐਫ ਵੱਲੋਂ ਦੁਬਾਰਾ ਮੰਗ ਕੀਤੀ ਜਾਂਦੀ ਹੈ ਕਿ ਇਨਾ ਯੋਗ ਅਤੇ ਤਜਰਬੇਕਾਰ ਅਧਿਆਪਕਾ ਨੂੰ ਉਨ੍ਹਾਂ ਦੇ ਪਿੱਤਰੀ ਸਕੂਲਾਂ ਵਿੱਚ ਲਗਾਇਆ ਜਾਵੇ ਤਾਂ ਜੋ ਵਿਦਿਆਰਥੀਆਂ ਦੀ ਪੜ੍ਹਾਈ ਦਾ ਪੱਧਰ ਉੱਚਾ ਹੋ ਸਕੇ।