ਸੰਗਰੂਰ, 9 ਜੂਨ- ਭੁਪਿੰਦਰ ਵਾਲੀਆ ਲੋਕ ਸਭਾ ਹਲਕਾ ਸੰਗਰੂਰ ਦੀ ਹੋਣ ਵਾਲੀ ਜ਼ਿਮਨੀ ਚੋਣ ਸਬੰਧੀ ਹਰੇਕ ਤਰਾਂ ਦੀਆਂ ਚੋਣ ਗਤੀਵਿਧੀਆਂ ’ਤੇ ਨਜ਼ਰ ਰੱਖਣ  ਲਈ ਚੋਣ ਕਮਿਸ਼ਨ ਦੀ ਤਰਫੋਂ ਤਾਇਨਾਤ ਜਨਰਲ ਅਬਜ਼ਰਵਰ ਸ਼੍ਰੀ ਮੁਹੰਮਦ ਜ਼ੁਬੇਰ ਅਲੀ ਹਾਸ਼ਮੀ (ਆਈ.ਏ.ਐਸ) ਨੇ ਲੋਕ ਸਭਾ ਦੀ ਚੋਣ ਲੜ ਰਹੇ ਉਮੀਦਵਾਰਾਂ ਨਾਲ ਮੀਟਿੰਗ ਕੀਤੀ।

ਸ਼੍ਰੀ ਮੁਹੰਮਦ ਜ਼ੁਬੇਰ ਅਲੀ ਹਾਸ਼ਮੀ ਨੇ ਉਮੀਦਵਾਰਾਂ ਅਤੇ ਉਹਨਾਂ ਦੇ ਨੁਮਾਇੰਦਿਆਂ ਨੂੰ ਕਿਹਾ ਕਿ ਜੇਕਰ ਉਨ੍ਹਾਂ ਨੂੰ ਜ਼ਿਮਨੀ ਚੋਣ ਸਬੰਧੀ ਕੋਈ ਵਰੀ (ਸਮੱਸਿਆ ਜਾਂ ਸ਼ਿਕਾਇਤ) ਹੈ ਤਾਂ ਜੇਕਰ ਉਹ ਚਾਹੁਣ ਤਾਂ ਉਹ ਲਿਖਤੀ ਤੌਰ ਉੱਤੇ ਆਪਣੀ ਵਰੀ ਲਿਸਟ ਤਿੰਨ ਦਿਨਾਂ ਵਿੱਚ ਉਨ੍ਹਾਂ ਨੂੰ ਮੁਹੱਈਆ ਕਰਵਾ ਸਕਦੇ ਹਨ। ਜਨਰਲ ਅਬਜ਼ਰਵਰ ਨੇ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਇਕ ਦੂਜੇ ਬਾਰੇ ਵਿਅਕਤੀਗਤ ਤੌਰ ਉੱਤੇ ਨਿੱਜੀ ਬਿਆਨਬਾਜ਼ੀ ਕਰਨ ਤੋਂ ਗ਼ੁਰੇਜ਼ ਕੀਤਾ ਜਾਵੇ।

ਉਨ੍ਹਾਂ ਦੱਸਿਆ ਕਿ ਉਹ ਰੋਜ਼ਾਨਾ ਸਵੇਰੇ 9 ਵਜੇ ਤੋਂ 10 ਵਜੇ ਤੱਕ ਪੀ ਡਬਲਿਊ ਡੀ ਰੈਸਟ ਹਾਊਸ ਸੰਗਰੂਰ ਵਿਖੇ ਲੋਕਾਂ ਦੀਆਂ ਜ਼ਿਮਨੀ ਚੋਣ ਨਾਲ ਸਬੰਧਤ ਸ਼ਿਕਾਇਤਾਂ ਅਤੇ ਸੁਝਾਅ ਸੁਣਦੇ ਹਨ ਅਤੇ ਜੇਕਰ ਚੋਣ ਲੜਨ ਵਾਲਾ ਉਮੀਦਵਾਰ ਜਾਂ ਚੋਣ ਏਜੰਟ ਜ਼ਿਮਨੀ ਚੋਣ ਬਾਰੇ ਕੋਈ ਸ਼ਿਕਾਇਤ, ਸੁਝਾਅ ਜਾਂ ਹੋਰ ਜਾਣਕਾਰੀ ਸਾਂਝੀ ਕਰਨੀ ਚਾਹੁੰਦੇ ਹੋਣ ਤਾਂ ਉਹ ਪੀ.ਡਬਲਿਯੂ.ਡੀ. ਰੈਸਟ ਹਾਊਸ, ਸੰਗਰੂਰ ਵਿਖੇ ਨਿਰਧਾਰਿਤ ਸਮੇਂ ਵਿੱਚ ਮਿਲ ਸਕਦਾ ਹੈ ਜਾਂ ਉਨ੍ਹਾਂ ਦੇ ਮੋਬਾਈਲ ਨੰਬਰ 70092-44326

ਉਤੇ ਸੰਪਰਕ ਕਰ ਸਕਦਾ ਹੈ।।ਉਹਨਾਂ ਕਿਹਾ ਕਿ ਜੇਕਰ ਕਿਸੇ ਵੀ ਉਮੀਦਵਾਰ ਦੇ ਧਿਆਨ ਵਿੱਚ ਆਦਰਸ਼ ਚੋਣ ਜਾਬਤੇ ਦੀ ਉਲੰਘਣਾ ਦਾ ਮਾਮਲਾ ਆਉਂਦਾ ਹੈ ਤਾਂ ਉਹ ਇਸਦੀ ਜਾਣਕਾਰੀ ਵੀ ਉਹਨਾਂ ਨਾਲ ਸਾਂਝੀ ਕਰ ਸਕਦਾ ਹੈ।
ਉਨ੍ਹਾਂ ਸਮੂਹ ਉਮੀਦਵਾਰਾਂ ਨੂੰ ਆਦਰਸ਼ ਚੋਣ ਜਾਬਤੇ ਦੀ ਇੰਨ ਬਿੰਨ ਪਾਲਣਾ ਕਰਨ ਲਈ ਆਖਿਆ।

ਇਸ ਮੌਕੇ ਖ਼ਰਚਾ ਅਬਜ਼ਰਵਰ ਸ਼੍ਰੀ ਸ਼ਿਆਮ ਮਨੋਹਰ ਸਿੰਘ ਵੀ ਮੌਜੂਦ ਸਨ। ਉਹਨਾਂ ਨੇ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਉਮੀਦਵਾਰਾਂ ਲਈ 95 ਲੱਖ ਰੁਪਏ ਦੀ ਖ਼ਰਚਾ ਹੱਦ ਨਿਰਧਾਰਿਤ ਕੀਤੀ ਗਈ ਹੈ। ਉਹਨਾਂ ਨੇ ਚੋਣ ਖ਼ਰਚੇ ਨਾਲ ਸਬੰਧਿਤ ਹਦਾਇਤਾਂ ਬਾਰੇ ਹੋਰ ਜਾਣਕਾਰੀ ਵੀ ਉਮੀਦਵਾਰਾਂ ਨਾਲ ਸਾਂਝੀ ਕੀਤੀ।