ਸੰਗਰੂਰ,11 ਜੂਨ-

ਸਿੱਖਿਆ ਮੰਤਰੀ ਸ੍ਰ ਗੁਰਮੀਤ ਸਿੰਘ ਮੀਤ ਹੇਅਰ ਦੇ ਲਾਰਿਆਂ ਤੋ ਅੱਕੇ ਬੇਰੁਜ਼ਗਾਰ ਬੀ ਐਡ ਟੈਟ ਪਾਸ ਅਧਿਆਪਕ ਮੁੜ ਆਪਣਾ ਸੰਘਰਸ਼ ਸਥਾਨਕ ਸ਼ਹਿਰ ਵਿਖੇ ਮਘਾਉਣਗੇ। ਜਿਸ ਤਹਿਤ ਉਹ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੀ ਡ੍ਰੀਮ ਲੈਂਡ ਕਾਲੋਨੀ ਵਿਚਲੀ ਕੋਠੀ ਦਾ ਘਿਰਾਓ ਕਰਨਗੇ। ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਦੱਸਿਆ ਕਿ ਬਦਲਿਆ ਕੁਝ ਵੀ ਨਹੀਂ।ਬੇਰੁਜ਼ਗਾਰ ਹੁਣ ਵੀ ਸੰਗਰੂਰ ਵਿਖੇ ਹੀ ਸੜਕਾਂ ਉਪਰ ਰੁਲਣ ਲਈ ਮਜਬੂਰ ਹਨ। ਉਹਨਾਂ ਦੱਸਿਆ ਕਿ ਕਾਂਗਰਸ ਨੇ ਆਖਰੀ ਸਮੇਂ 9 ਜਨਵਰੀ ਨੂੰ ਬੇਰੁਜ਼ਗਾਰ ਬੀ ਐਡ ਟੈਟ ਪਾਸ ਅਧਿਆਪਕਾਂ ਦੀ ਮੰਗ ਉੱਤੇ ਸਮਾਜਿਕ ਸਿੱਖਿਆ, ਪੰਜਾਬੀ ਅਤੇ ਹਿੰਦੀ ਦੀਆਂ ਮਹਿਜ਼ 1407 ਅਤੇ ਕੁੱਲ 4161 ਮਾਮੂਲੀ ਅਸਾਮੀਆਂ ਦਾ ਇਸਤਿਹਾਰ ਜਾਰੀ ਕੀਤਾ ਸੀ।ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲਟਕ ਰਹੀਆਂ ਪਿਛਲੀਆਂ ਭਰਤੀਆਂ ਨੂੰ ਤੁਰੰਤ ਮੁਕੰਮਲ ਕਰਨ ਅਤੇ ਮਾਸਟਰ ਕੇਡਰ ਦੀਆਂ ਅਸਾਮੀਆਂ ਵਿੱਚ ਵਾਧਾ ਕਰਨ ਦਾ ਭਰੋਸਾ ਦਿੱਤਾ ਸੀ।ਜਦਕਿ ਵਾਪਰ ਉਲਟ ਰਿਹਾ ਰਿਹਾ ਹੈ।ਮੁੱਖ ਮੰਤਰੀ ਤਾਂ ਦੂਰ ਦੀ ਗੱਲ ਸਿੱਖਿਆ ਮੰਤਰੀ ਸ੍ਰ ਗੁਰਮੀਤ ਸਿੰਘ ਮੀਤ ਹੇਅਰ ਜਿਹੜੇ ਖੁਦ ਬੇਰੁਜ਼ਗਾਰਾਂ ਕੋਲ ਸਥਾਨਕ ਸਰਕਾਰੀ ਹਸਪਤਾਲ ਵਾਲੀ ਟੈਂਕੀ ਉੱਤੇ ਚੜ ਕੇ ਵਾਅਦੇ ਕਰਦੇ ਰਹੇ ਹਨ ਵੀ ਮੀਟਿੰਗ ਤੱਕ ਨਹੀਂ ਕਰ ਰਹੇ। ਸਗੋਂ ਰੁਜ਼ਗਾਰ ਦੀ ਮੰਗ ਲੈਕੇ ਕੋਠੀ ਅੱਗੇ ਗਏ ਬੇਰੁਜ਼ਗਾਰਾਂ ਉੱਤੇ ਜ਼ਬਰ ਕਰਵਾ ਰਹੇ ਹਨ। ਉਹਨਾਂ ਦੱਸਿਆ ਕਿ 2 ਜੂਨ ਦੇ ਪ੍ਰਦਰਸ਼ਨ ਮਗਰੋ 9 ਜੂਨ ਨੂੰ ਮੀਟਿੰਗ ਕਰਨ ਦਾ ਲਿਖਤੀ ਭਰੋਸਾ ਵੀ ਹਵਾ ਵਿੱਚ ਉੱਡ ਗਿਆ ਹੈ। ਉਹਨਾਂ ਦੱਸਿਆ ਕਿ ਭਾਵੇਂ ਹੁਣ 15 ਜੂਨ ਨੂੰ ਮੀਟਿੰਗ ਕਰਵਾਉਣ ਦਾ ਲਾਰਾ ਦਿੱਤਾ ਹੈ।ਪ੍ਰੰਤੂ ਖਦਸ਼ਾ ਹੈ ਕਿ ਬੇਰੁਜ਼ਗਾਰਾਂ ਨੂੰ ਮੁੜ ਟਾਲਾ ਲਾਇਆ ਜਾਵੇਗਾ। ਉਹਨਾ ਕਿਹਾ ਕਿ ਜੇਕਰ 15 ਨੂੰ ਮੀਟਿੰਗ ਨਾ ਹੋਈ ਜਾਂ ਬੇਸਿੱਟਾ ਰਹੀ ਤਾਂ 19 ਜੂਨ ਨੂੰ ਮੁੱਖ ਮੰਤਰੀ ਦੀ ਸਥਾਨਕ ਕੋਠੀ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਗਗਨਦੀਪ ਕੌਰ, ਅਮਨ ਸੇਖਾ,ਸੰਦੀਪ ਸਿੰਘ ਗਿੱਲ,ਮੁਨੀਸ਼ ਕੁਮਾਰ ਫ਼ਾਜ਼ਿਲਕਾ,ਰਛਪਾਲ ਸਿੰਘ ਜਲਾਲਾਬਾਦ,ਬਲਰਾਜ ਸਿੰਘ ਮੌੜ,ਲਖਵਿੰਦਰ ਸਿੰਘ ਮੁਕਤਸਰ,ਕੁਲਵੰਤ ਸਿੰਘ ਲੌਂਗੋਵਾਲ,ਬਲਕਾਰ ਸਿੰਘ ਮਾਨਸਾ, ਗੁਰਪ੍ਰੀਤ ਸਿੰਘ ਪੱਕਾ ਆਦਿ ਹਾਜ਼ਰ ਸਨ।