ਸੰਗਰੂਰ,26 ਜੁਲਾਈ (ਜਗਸੀਰ ਲੌਂਗੋਵਾਲ )
– ਲਾਇਨਜ਼ ਕਲੱਬ ਸੰਗਰੂਰ ਗਰੇਟਰ ਵੱਲੋਂ ਤੀਜ ਦਾ ਤਿਓਹਾਰ ਕਲਾਸਿਕ ਹੋਟਲ ਸੰਗਰੂਰ ਵਿਖੇ ਮਨਾਇਆ ਗਿਆ ਜਿਸ ਵਿੱਚ ਲਾਈਨ ਲੇਡੀਜ਼ ਵੱਲੋਂ ਗਿੱਧਾ, ਕਿੱਕਲੀ ਤੇ ਪੁਰਾਤਨ  ਸੱਭਿਆਚਾਰਕ ਬੋਲੀਆਂ ਪਾ ਕੇ ਤੀਆਂ ਦੀ ਸ਼ੁਰੂਆਤ ਕੀਤੀ ਗਈ।
ਇਸ ਮੌਕੇ ਤੇ ਸਟੇਜ ਨੂੰ ਚਰਖੇ, ਲਾਲਟੈਣਾਂ, ਪੱਖੀਆਂ, ਗੋਲੇ ਅਤੇ ਪੀੜ੍ਹੀਆਂ ਨਾਲ ਇੰਝ ਸਜਾਇਆ ਗਿਆ ਕੇ ਪੇਂਡੂ ਸੱਭਿਆਚਾਰ ਦੀ ਝਲਕ ਵਿਖਾਈ ਦਿੰਦੀ ਸੀ।ਇਹ ਪ੍ਰੋਗਰਾਮ ਸ਼ਾਮੀਂ ਪੰਜ ਵਜੇ ਸ਼ੁਰੂ ਹੋਇਆ ਤੇ ਸ਼ਾਮ ਦੇ ਅੱਠ ਵਜੇ ਤੱਕ ਗਿੱਧੇ ਦੀ ਗੂੰਜ ਆਉਂਦੀ ਰਹੀ।ਇਹ ਪ੍ਰੋਗਰਾਮ ਵਿੱਚ ਸਾਰੀਆਂ ਲਾਇਨ ਲੇਡੀਜ਼ ਨੇ ਖ਼ੂਬ ਰੰਗ ਬੰਨ੍ਹੇ।
ਮੈਡਮ ਪੂਨਮ ਗਰਗ ਜੋ ਕਿ ਇਸ ਪ੍ਰੋਗਰਾਮ ਦੇ ਚੇਅਰਪਰਸਨ ਸਨ, ਦੀ ਮਿਹਨਤ, ਲਗਨ ਅਤੇ ਤਜਰਬੇ ਕਾਰਨ ਉਨ੍ਹਾਂ ਦੇ ਵਿਸ਼ੇਸ਼ ਯੋਗਦਾਨ ਦੀ ਸਾਰੇ ਲਾਇਨ ਮੈਂਬਰਾਂ ਵੱਲੋਂ ਤਾਰੀਫ਼ ਕੀਤੀ ਗਈ।
ਇਸ ਉਪਰੰਤ ਸਾਰੇ ਲਾਇਨ ਮੈਂਬਰਾਂ ਨੇ ਜਨਰਲ ਬਾਡੀ ਮੀਟਿੰਗ ਕੀਤੀ ਜਿਸ ਵਿੱਚ ਸਾਰਿਆਂ ਦੀ ਸਹਿਮਤੀ ਨਾਲ ਕੁਝ ਮਤੇ ਜੋ ਬੀ ਓ ਡੀ ਦੀ ਮੀਟਿੰਗ ਵਿਚ ਵਿਚਾਰੇ ਕੀਤੇ ਗਏ ਸਨ, ਨੂੰ ਸਹਿਮਤੀ ਦਾ ਪ੍ਰਗਟਾਵਾ ਦੇ ਕੇ ਪਾਸ ਕੀਤਾ ਗਿਆ।
ਲਾਇਨਜ਼ ਕਲੱਬ ਸੰਗਰੂਰ ਗਰੇਟਰ ਦੇ ਪ੍ਰਧਾਨ ਡਾ ਪਰਮਜੀਤ ਸਿੰਘ ਵੱਲੋਂ ਆਏ ਮੈਬਰਾਂ ਨੂੰ ਜੀ ਆਇਆਂ ਨੂੰ ਕਿਹਾ ਗਿਆ ਤੇ ਲਾਇਨ ਕਲੱਬ ਦੀਆਂ ਜੁਲਾਈ ਮਹੀਨੇ ਵਿਚ ਕੀਤੀਆਂ ਗਈਆਂ ਗਤੀਵਿਧੀਆਂ ਸਬੰਧੀ ਜਾਣੂ ਕਰਵਾਇਆ ਗਿਆ।
ਮੰਚ ਸੰਚਾਲਨ ਦੀ ਭੂਮਿਕਾ ਲਾਇਨ ਕਲੱਬ ਸੰਗਰੂਰ ਗਰੇਟਰ ਦੇ ਸਕੱਤਰ ਇੰਜੀ. ਸੁਖਮਿੰਦਰ ਸਿੰਘ ਭੱਠਲ ਵੱਲੋਂ ਨਿਭਾਈ ਗਈ।