ਰਾਹੁਲ ਗਾਂਧੀ ਦੀ ਈਡੀ ਵੱਲੋਂ ਪੁੱਛਗਿੱਛ ਦੇ ਵਿਰੁੱਧ ਪੰਜਾਬ ਦੇ ਕਾਂਗਰਸੀ ਹੋਏ ਇੱਕਜੁਟ

ਮੋਦੀ ਸਰਕਾਰ ਪਾਕਿਸਤਾਨੀ ਸਰਕਾਰ ਦੇ ਨਕਸ਼ੇ ਕਦਮਾਂ ਤੇ ਚੱਲ ਕੇ ਵਿਰੋਧੀਆਂ ਨੂੰ ਕੁਚਲ ਰਹੀ ਹੈ : ਬਾਜਵਾ, ਵੜਿੰਗ

ਸੰਗਰੂਰ ਵਿਖੇ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਪ੍ਰਤਾਪ ਸਿੰਘ ਬਾਜਵਾ ਨੇ ਕੇਂਦਰ ਸਰਕਾਰ ਨੂੰ ਰਗੜੇ

ਸੰਗਰੂਰ, 15 ਜੂਨ(ਹਰਜਿੰਦਰ ਭੋਲਾ)।
ਰਾਹੁਲ ਗਾਂਧੀ ਦੀ ਈਡੀ ਵੱਲੋਂ ਪਿਛਲੇ ਕਈ ਦਿਨਾਂ ਤੋਂ ਹੋ ਰਹੀ ਪੁੱਛ ਗਿੱਛ ਤੋਂ ਭੜਕਦਿਆਂ ਪੰਜਾਬ ਦੇ ਕਾਂਗਰਸੀਆਂ ਨੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਆਪਣੀਆਂ ਜਾਂਚ ਏਜੰਸੀਆਂ ਦੇ ਰਾਹੀਂ ਕਾਂਗਰਸੀਆਂ ਨੂੰ ਧਮਕਾਉਣਾ ਤੇ ਡਰਾਉਣਾ ਬੰਦ ਕਰੇ ਨਹੀਂ ਸਮੁੱਚੇ ਕਾਂਗਰਸੀ ਵਰਕਰ ਸੜਕਾਂ ’ਤੇ ਉੱਤਰ ਆਉਣਗੇ।
ਸੰਗਰੂਰ ਵਿਖੇ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਇਕਸੁਰ ਹੁੰਦਿਆਂ ਕਿਹਾ ਕਿ ਮੋਦੀ ਸਰਕਾਰ ਪਾਕਿਸਤਾਨ ਦੀ ਸਰਕਾਰ ਦੇ ਨਕਸ਼ੇ ਕਦਮਾਂ ’ਤੇ ਚਲਦਿਆਂ ਆਪਣੇ ਵਿਰੋਧੀਆਂ ਨੂੰ ਸੱਤਾ ਦੇ ਪ੍ਰਭਾਵ ਹੇਠ ਕੁਚਲਣਾ ਚਾਹੁੰਦੀ ਹੈ। ਉਨਾਂ ਕਿਹਾ ਕਿ ਭਾਰਤ ਨੂੰ ਵਿਸ਼ਵ ਦਾ ਚੋਟੀ ਦਾ ਲੋਕਤੰਤਰੀ ਦੇਸ਼ ਮੰਨਿਆ ਜਾਂਦਾ ਸੀ ਪਰ ਮੋਦੀ ਸਰਕਾਰ ਨੇ ਅੱਜ ਅਜਿਹੇ ਹਾਲਾਤ ਪੈਦਾ ਕਰ ਦਿੱਤੇ ਹਨ ਕਿ ਡੰਡੇ ਦੇ ਜ਼ੋਰ ’ਤੇ ਆਪਣੇ ਵਿਰੋਧੀਆਂ ਨੂੰ ਧਮਕਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਕੇਂਦਰੀ ਜਾਂਚ ਏਜੰਸੀਆਂ ਦਾ ਡਰ ਬਿਠਾ ਕੇ ਕਾਂਗਰਸੀਆਂ ਦਾ ਮਨੋਬਲ ਡੇਗਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ, ਉਨਾਂ ਕਿਹਾ ਮੋਦੀ ਸਰਕਾਰ ਆਪਣੇ ਅਜਿਹੇ ਮਨਸੂਬਿਆਂ ਵਿੱਚ ਕਦੇ ਕਾਮਯਾਬ ਨਹੀਂ ਹੋਵੇਗੀ। ਉਨਾਂ ਕਿਹਾ ਕਿ ਕਾਂਗਰਸ ਪਾਰਟੀ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਦੀ ਪਾਰਟੀ ਹੈ, ਉਨਾਂ ਨੇ ਅੰਗਰੇਜ਼ਾਂ ਨਾਲ ਲੜਾਈਆਂ ਲੜੀਆਂ ਹਨ ਤਾਂ ਮੋਦੀ ਸਰਕਾਰ ਤਾਂ ਚੀਜ਼ ਹੀ ਕੀ ਹੈ।
ਰਾਜਾ ਵੜਿੰਗ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਇਸ਼ਾਰੇ ਤੇ ਹੀ ਰਾਹੁਲ ਗਾਂਧੀ ਨੂੰ ਬੇਲੋੜੀ ਜਾਂਚ ਵਿੱਚ ਸਵੇਰ ਤੋਂ ਦੇਰ ਰਾਤ ਤੱਕ ਉਲਝਾਇਆ ਜਾ ਰਿਹਾ ਹੈ। ਇੱਥੋਂ ਤੱਕ ਕਿ ਦਿੱਲੀ ਪੁਲਿਸ ਵੱਲੋਂ ਸੀਨੀਅਰ ਕਾਂਗਰਸੀ ਆਗੂਆਂ ਨੂੰ ਹੀ ਰਾਹੁਲ ਗਾਂਧੀ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ। ਕਾਂਗਰਸ ਨਾਲ ਸਬੰਧਿਤ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਪੁਲਿਸ ਵੱਲੋਂ ਥਾਣਿਆਂ ਵਿੱਚ ਡੱਕਿਆ ਜਾ ਰਿਹਾ ਹੈ। ਉਨਾਂ ਕਿਹਾ ਕਿ ਕਾਂਗਰਸੀ ਕਦੇ ਵੀ ਇਹ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਨਗੇ। ਉਨਾਂ ਕਿਹਾ ਕਿ ਛੇਤੀ ਹੀ ਕੇਂਦਰੀ ਹਾਈਕਮਾਂਡ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕਾਂਗਰਸੀ ਆਗੂ ਹਰ ਪੱਧਰ ਤੇ ਸੰਘਰਸ਼ ਲੜਨ ਲਈ ਤਿਆਰ ਬੈਠੇ ਹਨ। ਇਸ ਮੌਕੇ ਉਨਾਂ ਦੇ ਨਾਲ ਸਾਬਕਾ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ, ਸੀਨੀਅਰ ਕਾਂਗਰਸੀ ਆਗੂ ਚੌਧਰੀ ਵਿਕਰਮਜੀਤ ਸਿੰਘ, ਅਸ਼ਵਨੀ ਸ਼ੇਖੜੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਮੌਜ਼ੂਦ ਸਨ।
ਫੋਟੋ ਫਾਈਲ : ਸੰਗਰੂਰ ਕਾਂਗਰਸ
——–