ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਅਤੇ ਸਟ੍ਰਾਈਕਰ ਇੰਡੀਆ ਵੱਲੋਂ ਪੰਜਾਬ ਦੇ ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਦੀ ਮੌਜੂਦਗੀ ਵਿੱਚ ਸਮਝੌਤਾ ਸਹੀਬੱਧ
– ਇਹ ਸਮਝੌਤਾ ਮੈਡੀਕਲ ਸਿੱਖਿਆ ਦੇ ਖੇਤਰ ਵਿੱਚ ਮਹੱਤਵਪੂਰਨ ਭਾਈਵਾਲੀ ਹੋਵੇਗਾ ਸਾਬਿਤ: ਡਾ. ਬਲਬੀਰ ਸਿੰਘ
– ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਮੈਡੀਕਲ ਖੇਤਰ ਵਿੱਚ ਸਕਾਰਾਤਮਕ ਤਬਦੀਲੀ ਲਿਆਉਣ ਲਈ ਵਚਨਬੱਧ
ਚੰਡੀਗੜ੍ਹ, 9 ਅਗਸਤ:
ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਮੈਡੀਕਲ ਖੇਤਰ ਵਿੱਚ ਸਕਾਰਾਤਮਕ ਲਿਆਉਣ ਲਿਆਉਣ ਲਈ ਗਤੀਸ਼ੀਲ ਭਾਈਵਾਲੀ ਵਾਸਤੇ ਮੰਚ ਤਿਆਰ ਕਰਦਿਆਂ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਦੀ ਅਗਵਾਈ ਹੇਠ ਅੱਜ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਅਤੇ ਕੰਸੋਸ਼ੀਆ ਐਡਵਾਈਜ਼ਰੀ/ਸਟ੍ਰਾਈਕਰ ਇੰਡੀਆ ਦਰਮਿਆਨ ਪੰਜਾਬ ਭਵਨ ਵਿਖੇ ਸਮਝੌਤਾ (ਐਮਓਯੂ) ਸਹੀਬੱਧ ਕੀਤਾ ਗਿਆ।
ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਹ ਭਾਈਵਾਲੀ ਨਵੀਨਤਾ ਅਤੇ ਤਰੱਕੀ ਨੂੰ ਉਤਸ਼ਾਹਿਤ ਕਰਨ ਦੀ ਦਿਸ਼ਾ ਵੱਲ ਮਹੱਤਵਪੂਰਨ ਕਦਮ ਹੈ, ਜਿਸਦਾ ਉਦੇਸ਼ ਸ਼ੁਰੂਆਤ ‘ਚ ਸੂਬੇ ਦੇ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਚੁਣੌਤੀਆਂ ਨਾਲ ਨਜਿੱਠਣ, ਮੌਕਿਆਂ ਦਾ ਫਾਇਦਾ ਉਠਾਉਣਾ ਅਤੇ ਸਟ੍ਰੋਕ ਤੇ ਬਰੇਨ ਅਟੈਕ ਦੇ ਖੇਤਰ ਵਿੱਚ ਮਰੀਜ਼ਾਂ ਦੀ ਦੇਖਭਾਲ ਅਤੇ ਖੋਜ ‘ਤੇ ਸਾਰਥਕ ਪ੍ਰਭਾਵ ਪਾਉਣ ਲਈ ਵਿਲੱਖਣ ਸਮਰੱਥਾਵਾਂ ਅਤੇ ਹੁਨਰਾਂ ਦਾ ਲਾਭ ਉਠਾਉਣਾ ਹੈ।
ਉਨ੍ਹਾਂ ਕਿਹਾ ਕਿ ਇਹ ਸਮਝੌਤਾ ਮੈਡੀਕਲ ਖੇਤਰ ਵਿੱਚ ਮਿਆਰੀ ਸਿੱਖਿਆ ਦੇ ਨਾਲ ਮੈਡੀਕਲ ਸਟਾਫ਼ ਤਿਆਰ ਕਰਨ ਵਿੱਚ ਸਹਾਈ ਸਿੱਧ ਹੋਵੇਗਾ। ਇਸ ਦੇ ਨਾਲ ਹੀ ਇਹ ਸੂਬੇ ਵਿੱਚ ਸਪੈਸ਼ਲਿਸਟ ਅਤੇ ਸੁਪਰ ਸਪੈਸ਼ਲਿਸਟ ਡਾਕਟਰਾਂ ਨੂੰ ਤਿਆਰ ਕਰਨ ਅਤੇ ਪੰਜਾਬ ਦੇ ਮੈਡੀਕਲ ਕਾਲਜਾਂ ਵਿੱਚ ਖੋਜ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਵਿੱਚ ਵੀ ਮਦਦ ਕਰੇਗਾ।
ਸਿਹਤ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਪੰਜਾਬ ਵਿੱਚ ਸਟ੍ਰੋਕ ਦੇ ਇਲਾਜ ਲਈ ਬਿਹਤਰ ਡਾਕਟਰੀ ਖੋਜਾਂ ਦੀ ਪਛਾਣ, ਵਿਕਾਸ ਅਤੇ ਪ੍ਰਚਾਰ ਕਰਨ ਲਈ ਵਚਨਬੱਧ ਹੈ, ਜਿਸ ਵਿੱਚ ਨਵੀਨਤਮ ਮਕੈਨੀਕਲ ਥਰੋਮਬੈਕਟੋਮੀ ਸ਼ਾਮਲ ਹੈ ਜੋ ਕਿ ਸਟ੍ਰੋਕ ਦੇ ਇਲਾਜ ਲਈ ਤਰੁੰਤ ਵਰਤੇ ਜਾਂਦੇ ਰਵਾਇਤੀ ਇਲਾਜਾਂ ਦਾ ਵਿਕਲਪ ਹੈ।
ਇਸ ਦੌਰਾਨ, ਦੋਵੇਂ ਧਿਰਾਂ ਨੇ ਮੈਡੀਕਲ ਪ੍ਰੈਕਟੀਸ਼ਨਰਾਂ, ਡਾਕਟਰਾਂ ਅਤੇ ਇੰਟਰਵੈਂਨਸ਼ਨਿਸ਼ਟਸ ਨੂੰ ਸਿਖਲਾਈ ਦੇਣ ਲਈ ਜਾਗਰੂਕਤਾ ਅਤੇ ਸਮਰੱਥਾ-ਨਿਰਮਾਣ ਪ੍ਰੋਗਰਾਮ ਸਥਾਪਤ ਕਰਨ ਲਈ ਆਪਸੀ ਸਹਿਮਤੀ ਪ੍ਰਗਟਾਈ। ਇਹ ਭਾਈਵਾਲੀ ਕਮਿਊਨਿਟੀ ਵਿੱਚ ਬਿਹਤਰ ਅਤੇ ਵਧੇਰੇ ਕਿਫਾਇਤੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਸਬੰਧੀ ਸਰਕਾਰ ਦੇ ਸੰਕਲਪ ਨੂੰ ਵੀ ਦਰਸਾਉਂਦੀ ਹੈ।