ਮੇਘ ਗੋਇਲ ਯਾਦਗਾਰੀ ਨਵ-ਪ੍ਰਤਿਭਾ ਪੁਰਸਕਾਰ ਗੁਰਮੀਤ ਸਿੰਘ ਸੋਹੀ ਨੂੰ
ਕਮਲੇਸ਼ ਗੋਇਲ
ਖਨੌਰੀ – 13 ਜੂਨ – ਮਾਲਵਾ ਲਿਖਾਰੀ ਸਭਾ ਸੰਗਰੂਰ (ਰਜਿ:) ਦੀ ਕਾਰਜਕਾਰਨੀ ਦੀ ਇਕੱਤਰਤਾ ਸਭਾ ਦੇ ਪ੍ਰਧਾਨ ਕਰਮ ਸਿੰਘ ਜ਼ਖ਼ਮੀ ਦੀ ਪ੍ਰਧਾਨਗੀ ਵਿੱਚ ਹੋਈ, ਜਿਸ ਵਿੱਚ ਸਰਬਸੰਮਤੀ ਨਾਲ ਇਹ ਫ਼ੈਸਲਾ ਕੀਤਾ ਗਿਆ ਕਿ ਹਰ ਸਾਲ ਜੂਨ ਮਹੀਨੇ ਵਿੱਚ ਸਭਾ ਦੇ ਸਥਾਪਨਾ ਦਿਵਸ ’ਤੇ ਕਿਸੇ ਉੱਭਰਦੇ ਲੇਖਕ ਜਾਂ ਲੇਖਿਕਾ ਨੂੰ ਉਤਸ਼ਾਹਿਤ ਕਰਨ ਲਈ ਮੇਘ ਗੋਇਲ ਯਾਦਗਾਰੀ ਨਵ – ਪ੍ਰਤਿਭਾ ਪੁਰਸਕਾਰ ਦਿੱਤਾ ਜਾਇਆ ਕਰੇਗਾ। ਇਸ ਸਾਲ ਦਾ ਇਹ ਪੁਰਸਕਾਰ ਇਸੇ ਮਹੀਨੇ ਦੇ ਆਖ਼ਰੀ ਐਤਵਾਰ ਨੂੰ ਹੋਣ ਵਾਲੇ ਸਭਾ ਦੇ ਨੌਂਵੇਂ ਸਥਾਪਨਾ ਦਿਵਸ ਨੂੰ ਸਮਰਪਿਤ ਸਮਾਗਮ ਵਿੱਚ ਗੁਰਮੀਤ ਸਿੰਘ ਸੋਹੀ ਨੂੰ ਦਿੱਤਾ ਜਾਵੇਗਾ। ਇਸ ਮੌਕੇ ਕੇਂਦਰ ਸਰਕਾਰ ਵੱਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਪੰਜਾਬ ਤੋਂ ਖੋਹ ਕੇ ਆਪਣੇ ਅਧੀਨ ਕਰਨ ਦੇ ਕੋਝੇ ਮਨਸੂਬਿਆਂ ਵਿਰੁੱਧ ਨਿਖੇਧੀ ਮਤਾ ਵੀ ਪਾਸ ਕੀਤਾ ਗਿਆ। ਇਸ ਇਕੱਤਰਤਾ ਵਿੱਚ ਪ੍ਰੋ. ਨਰਿੰਦਰ ਸਿੰਘ , ਕਰਮ ਸਿੰਘ ਜ਼ਖ਼ਮੀ , ਸੁਖਵਿੰਦਰ ਸਿੰਘ ਲੋਟੇ , ਰਜਿੰਦਰ ਸਿੰਘ ਰਾਜਨ , ਜਸਵਿੰਦਰ ਸਿੰਘ ਜੌਲੀ , ਧਰਮਵੀਰ ਸਿੰਘ, ਗੁਰਮੀਤ ਸਿੰਘ ਸੋਹੀ ਅਤੇ ਭੁਪਿੰਦਰ ਨਾਗਪਾਲ ਆਦਿ ਸਾਹਿਤਕਾਰਾਂ ਨੇ ਹਿੱਸਾ ਲਿਆ।