ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ‘ਟਰੈਫਿਕ ਹਾਕਸ’ ਐਪ ਲਾਂਚ-
• ਲੁਧਿਆਣਾ ਕਮਿਸ਼ਨਰੇਟ ਪੁਲਿਸ ਦਾ ਲੋਕਾਂ ਅਤੇ ਪੁਲਿਸ ਦਰਮਿਆਨ ਫ਼ਾਸਲਾ ਖ਼ਤਮ ਕਰਨ ਲਈ ਨਿਵੇਕਲਾ ਉਪਰਾਲਾ
ਲੁਧਿਆਣਾ ਟਰੈਫਿਕ ਪੁਲਿਸ ਦੀ ਅਹਿਮ ਨਾਗਰਿਕ ਕੇਂਦਰਿਤ ਪਹਿਲਕਦਮੀ ਟਰੈਫਿਕ ਸਬੰਧੀ ਸ਼ਿਕਾਇਤਾਂ ਅਤੇ ਇਨ੍ਹਾਂ ਦੇ ਨਿਪਟਾਰੇ ਨੂੰ ਬਣਾਵੇਗੀ ਆਸਾਨ
ਲੁਧਿਆਣਾ, 1 ਅਗਸਤ:
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਲੁਧਿਆਣਾ ਕਮਿਸ਼ਨਰੇਟ ਪੁਲਿਸ ਦੀ ‘ਟਰੈਫਿਕ ਹਾਕਸ’ ਐਪ- ਇੱਕ ਮੋਬਾਈਲ ਐਪਲੀਕੇਸ਼ਨ ਲਾਂਚ ਕੀਤੀ, ਜੋ ਲੋਕਾਂ ਅਤੇ ਪੁਲਿਸ ਦਰਮਿਆਨ ਪਾੜੇ ਨੂੰ ਪੂਰਨ, ਟਰੈਫਿਕ ਸਬੰਧੀ ਸ਼ਿਕਾਇਤਾਂ ਅਤੇ ਉਹਨਾਂ ਦੇ ਨਿਪਟਾਰੇ ਲਈ ਇੱਕ ਸੁਖਾਲੇ ਢੰਗ ਨਾਲ ਵਰਤਣਯੋਗ ਮਾਡਿਊਲ ਪੇਸ਼ ਕਰਦੀ ਹੈ।
ਐਪ ਨੂੰ ਜਾਰੀ ਕਰਦਿਆਂ ਮੁੱਖ ਮੰਤਰੀ ਨੇ ਇਸਨੂੰ ਲੁਧਿਆਣਾ ਟਰੈਫਿਕ ਪੁਲਿਸ ਦੀ ਇੱਕ ਵੱਡੀ ਨਾਗਰਿਕ ਕੇਂਦਰਿਤ ਪਹਿਲ ਦੱਸਿਆ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਇਸ ਐਪ ਨੂੰ ਆਪਣੇ ਮੋਬਾਈਲ ਫ਼ੋਨ ’ਤੇ ਡਾਊਨਲੋਡ ਕਰਕੇ ਆਪਣੇ ਈਮੇਲ ਜਾਂ ਫ਼ੋਨ ਨੰਬਰ ਰਾਹੀਂ ਲਾਗਇਨ ਕਰ ਸਕਦਾ ਹੈ। ਸ. ਮਾਨ ਨੇ ਕਿਹਾ ਕਿ ਉਪਭੋਗਤਾ ਆਪਣਾ ਨਾਮ, ਫੋਨ ਨੰਬਰ ਅਤੇ ਈਮੇਲ ਰਾਹੀਂ ਇੱਕ ਨਵੇਂ ਖਾਤੇ ਲਈ ਵੀ ਰਜਿਸਟਰ ਕਰ ਸਕਦਾ ਹੈ।
ਐਪ ਦੀਆਂ ਮੁੱਖ ਵਿਸ਼ੇਸ਼ਤਾਵਾਂ ਗਿਣਾਉਂਦਿਆ, ਮੁੱਖ ਮੰਤਰੀ ਨੇ ਕਿਹਾ ਕਿ ਉਪਭੋਗਤਾ ਕਿਸੇ ਵੀ ਕਿਸਮ ਦੀ ਟਰੈਫਿਕ ਉਲੰਘਣਾ ਨਾਲ ਸਬੰਧਤ ਵੀਡੀਓ ਅਤੇ ਸਬੂਤ ਪ੍ਰਦਾਨ ਕਰਕੇ ਟਰੈਫਿਕ ਉਲੰਘਣਾ ਦੀ ਰਿਪੋਰਟ ਦਰਜ ਕਰਵਾ ਸਕਦਾ ਹੈ। ਉਨ੍ਹਾਂ ਕਿਹਾ ਕਿ ਐਪਲੀਕੇਸ਼ਨ ਵਿੱਚ ਖਿੱਚੀਆਂ ਗਈਆਂ ਤਸਵੀਰਾਂ ਮੁਤਾਬਿਕ ਉਪਭੋਗਤਾ ਦੇ ਜੀ.ਪੀ.ਐਸ. ਕੋਆਰਡੀਨੇਟਸ ਨੂੰ ਆਪਣੇ ਆਪ ਸਬੰਧਤ ਅਧਿਕਾਰੀਆਂ ਤੱਕ ਭੇਜ ਦੇਵੇਗੀ ਤਾਂ ਜੋ ਸ਼ਿਕਾਇਤਕਰਤਾ ਦੇ ਅਸਲ ਸਥਾਨ ਨੂੰ ਟਰੈਕ ਕੀਤਾ ਜਾ ਸਕੇ। ਭਗਵੰਤ ਮਾਨ ਨੇ ਕਿਹਾ ਕਿ ਇਸ ਐਪ ਵਿੱਚ ਉਪਭੋਗਤਾ ਰੋਸ ਮੁਜ਼ਾਹਰੇ, ਸੜਕ ਬਣਾਉਣ ਕਾਰਨ, ਸੜਕ ਦੀ ਮੁਰੰਮਤ ਅਤੇ ਹੋਰਾਂ ਕਾਰਨਾਂ ਕਰਕੇ ਟਰੈਫਿਕ ਜਾਮ ਵਰਗੀਆਂ ਸਾਰੀਆਂ ਘਟਨਾਵਾਂ ਨੂੰ ਦੇਖ ਸਕਦੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਕੋਈ ਉਪਭੋਗਤਾ ਹਾਦਸਾ ਹੋਣ ਸਬੰਧੀ ਜਾਂ ਟਰੈਫਿਕ ਜਾਮ ਸਬੰਧੀ ਆਪਸ਼ਨ ਚੁਣਦਾ ਹੈ ਅਤੇ ਸਬੰਧਤ ਘਟਨਾ ਦੇ ਵੇਰਵੇ ਪ੍ਰਦਾਨ ਕਰਦਾ ਹੈ ਤਾਂ ਐਪਲੀਕੇਸ਼ਨ ਆਪਣ ਆਪ ਸਬੰਧਤ ਸਥਾਨ ਦੀ ਦੇ ਜੀ.ਪੀ.ਐਸ. ਕੋਆਰਡੀਨੇਟਸ ਅਧਿਕਾਰੀਆਂ ਨੂੰ ਭੇਜ ਦੇਵੇਗੀ। ਉਨ੍ਹਾਂ ਕਿਹਾ ਕਿ ਹੋਰ ਟੈਬਸ ’ਤੇ ਉਪਭੋਗਤਾ ਆਪਣੇ ਸਥਾਨ ਅਨੁਸਾਰ ਨਕਸ਼ੇ ’ਤੇ ਨਜ਼ਦੀਕੀ ਅਧਿਕਾਰੀ ਨੂੰ ਵੀ ਦੇਖ ਸਕਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਮਦਦ ਲਈ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ। ਭਗਵੰਤ ਮਾਨ ਨੇ ਕਿਹਾ ਕਿ ਲੋਕਾਂ ਦੀ ਸਹੂਲਤ ਲਈ ਇਸ ਮਾਡਿਊਲ ਵਿੱਚ ਚਲਾਨ ਭਰਨ ਦੇ ਵੱਖ-ਵੱਖ ਤਰੀਕਿਆਂ ਦੀ ਵੀ ਬਾਰੀਕੀ ਨਾਲ ਵਿਆਖਿਆ ਕੀਤੀ ਗਈ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਐਪ ਟਰੈਫਿਕ ਅਪਰਾਧਾਂ ਦੀ ਸੂਚੀ ਵੀ ਦਰਸਾਉਂਦੀ ਹੈ ਤਾਂ ਜੋ ਉਪਭੋਗਤਾਵਾਂ ਨੂੰ ਉਲੰਘਣਾਵਾਂ ਅਤੇ ਸਬੰਧਤ ਜੁਰਮਾਨਿਆਂ ਬਾਰੇ ਵੀ ਜਾਗਰੂਕ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਉਪਭੋਗਤਾਵਾਂ ਨੂੰ ਜਾਗਰੂਕ ਕਰਨ ਅਤੇ ਉਪਭੋਗਤਾਵਾਂ ਨੂੰ ਜਾਣੂ ਕਰਵਾਉਣ ਲਈ ਵੱਖ-ਵੱਖ ਸੜਕ ਸੁਰੱਖਿਆ ਚਿੰਨ੍ਹ ਸਮਝਾਏ ਗਏ ਹਨ। ਭਗਵੰਤ ਮਾਨ ਨੇ ਕਿਹਾ ਕਿ ਫੀਡਬੈਕ ਟੋਲ ਵਜੋਂ ਜੇਕਰ ਕੋਈ ਉਪਭੋਗਤਾ ਟਰੈਫਿਕ ਪੁਲਿਸ ਦੇ ਕਿਸੇ ਵੀ ਸਟਾਫ ਦੇ ਕੰਮ ਤੋਂ ਖੁਸ਼ ਹੁੰਦਾ ਹੈ, ਤਾਂ ਉਹ ਵਿਭਾਗ ਨੂੰ ਤੁਰੰਤ ਪ੍ਰਸ਼ੰਸਾ ਸੁਨੇਹਾ ਭੇਜ ਸਕਦਾ ਹੈ । ਉਹਨਾਂ ਇਹ ਵੀ ਕਿਹਾ ਕਿ ਇੱਕ ਫਾਰਮ ਜਿੱਥੇ ਉਪਭੋਗਤਾ/ਜਨਤਾ ਪੁਲਿਸ ਨੂੰ ਖੁੱਲ੍ਹੇ ਸੁਝਾਅ ਦੇ ਸਕਦਾ ਹੈ ਵੀ ਇਸ ਐਪ ’ਤੇ ਉਪਲਬਧ ਹੈ।