ਮੁੱਖ ਮੰਤਰੀ ਦੇਖਦਾ ਹੀ ਰਿਹਾ ‘ਤੇ ਅਖੀਰ ਪੰਜਾਬ ਡੁੱਬ ਗਿਆ!

ਪੰਜਾਬ ਵਿੱਚ ਹੜ੍ਹਾਂ ਦੀ ਮਾਰ ਹੋਈ ਹੈ। ਲੋਕਾਂ ਦੇ ਉਜਾੜੇ ਦਾ ਸਬੱਬ ਬਣਿਆ ਇਹ ਮੰਜ਼ਰ ਬਹੁਤ ਲੋਕਾਂ ਨੂੰ ਜ਼ਿੰਦਗੀ ਭਰ ਨਹੀਂ ਭੁੱਲੇਗਾ, ਪਰ ਦੁੱਖ ਦੀ ਇਸ ਘੜੀ ਵਿੱਚ ਵੱਡੇ ਲੋਕ, ਨੇਤਾ, ਅਫ਼ਸਰ ਸਿਰਫ਼ ਆਪਣਾ ਫੋਟੋ ਸੈਸ਼ਨ ਕਰਵਾ ਕੇ ਸੋਸ਼ਲ ਮੀਡੀਆ ਉਪਰ ਪਾਉਣ ਤੱਕ ਹੀ ਸੀਮਤ ਰਹੇ। ਕਈ ਅਫ਼ਸਰ ਬੇਬਸੀ ਦੀ ਹਾਲਤ ਵਿੱਚ ਵੀ ਲੋਕਾਂ ਨਾਲ ਰਾਤ ਨੂੰ ਜਾਗਦੇ ਰਹੇ, ਪਟਿਆਲਾ ਦੀ ਡੀਸੀ, ਰੋਪੜ ਦੀ ਡੀਸੀ ਦਾ ਜ਼ੋਰ ਲੱਗਿਆ ਦਿਸਦਾ ਹੈ।

ਅੱਜ ਦੇ ਪੂਰੇ ਦਿਨ ਦੀ ਰਿਪੋਰਟ

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬ ਅੱਜ ਜੋ ਵੀ ਭੁਗਤ ਰਿਹਾ ਹੈ, ਉਹ ਆਪਣੇ ਹੀ ਲੋਕਾਂ ਦਾ ਨਤੀਜਾ ਭੁਗਤ ਰਿਹਾ ਹੈ, ਲੋਕਾਂ ਨੇ ਆਪਣੇ ਲਾਲਚ ਪੂਰੇ ਕਰਨ ਲਈ ਭ੍ਰਿਸ਼ਟ ਨੇਤਾਵਾਂ ਨੂੰ ਅੱਗੇ ਲਿਆਂਦਾ, ਫੇਰ ਉਹੀ ਨੇਤਾਵਾਂ ਨੇ ਆਪਣੇ ਲਾਲਚ ਵੀ ਪੂਰੇ ਕੀਤੇ। ਅੱਜ ਪੰਜਾਬ ਵਿੱਚ ਬਰਸਾਤੀ ਪਾਣੀਆਂ ਦਾ ਰਾਹ ਨਾਮ ਦੀ ਕੋਈ ਚੀਜ਼ ਨਹੀਂ ਹੈ। ਚੰਡੀਗੜ੍ਹ ਦੇ ਆਲ਼ੇ ਦੁਆਲੇ ਮੋਹਾਲੀ, ਡੇਰਾਬਸੀ, ਰੋਪੜ, ਹੁਸ਼ਿਆਰਪੁਰ, ਨਵਾਂ ਸ਼ਹਿਰ, ਗੁਰਦਾਸਪੁਰ ਜ਼ਿਲਿਆਂ ਦੇ ਹਿਮਾਚਲ ਨਾਲ ਲਗਦੇ ਇਲਾਕਿਆਂ ਵਿੱਚੋਂ ਜੰਗਲ ਗ਼ਾਇਬ, ਮਿੱਟੀ ਗ਼ਾਇਬ ਅਤੇ ਬਰਸਾਤੀ ਨਾਲੇ ਵੀ ਗ਼ਾਇਬ ਕਰ ਦਿੱਤੇ ਗਏ ਹਨ।

ਪੰਜਾਬ ਦੇ ਕਿਸਾਨਾਂ ਦੇ ਲਾਲਚ ਦੀ ਭੁੱਖ ਨੇ ਖੇਤਾਂ ਵਿੱਚੋਂ ਦਰੱਖਤ ਬਿਲਕੁਲ ਮੁਕਾ ਦਿੱਤੇ ਹਨ, ਇਹਨਾਂ ਨੂੰ ਤਾਂ ਐਨਾ ਵੀ ਨਹੀਂ ਆਇਆ, ਕਿ ਹੋਰ ਨਹੀਂ ਤਾਂ ਆਪਣੀ ਜ਼ਮੀਨ ਦੀ ਵੱਟ ‘ਤੇ ਹੀ ਦਰੱਖਤ ਲਾ ਲੈਣ, ਉਹ ਵੱਟ ਜਿਹੜੀ ਜ਼ਮੀਨ ਵਿਕਣ ‘ਤੇ ਵੀ ਨਹੀਂ ਢਹਿਣੀ, ਪਰ ਇਹ ਤਾਂ ਝੋਨਾ ਲਾਕੇ ਮੋਟੇ ਨੋਟ ਕਮਾਉਣਾ ਚਾਹੁੰਦੇ ਹਨ ਅਤੇ ਔਲਾਦ ਨੂੰ ਕੈਨੇਡਾ ਸੈਟਲ ਕਰਨਾ ਲੋਚਦੇ ਹਨ।
ਸ਼ਹਿਰਾਂ ਵਿੱਚ ਰੀਅਲ ਅਸਟੇਟ ਵਪਾਰੀਆਂ ਨੇ ਆਪਣੇ ਲਾਲਚ ਵੱਸ ਲੀਡਰਾਂ ਨੂੰ ਨਾਲ ਕਰਕੇ ਸਰਕਾਰੀ ਬਰਸਾਤੀ ਚੋਅ, ਨਾਲੇ, ਸੂਏ ਭਰ ਦਿੱਤੇ ਅਤੇ ਉਨ੍ਹਾਂ ਉਪਰ ਕਾਲੋਨੀਆਂ ਬਣਾ ਦਿੱਤੀਆਂ ਹਨ। ਅੱਜ ਡੇਰਾਬਸੀ, ਜ਼ੀਰਕਪੁਰ, ਮੋਹਾਲੀ ਵਿੱਚ ਇਹ ਸਭ ਜੋ ਹੋ ਰਿਹਾ ਹੈ, ਇਸ ਦੀ ਜ਼ਿੰਮੇਵਾਰ ਕੁਦਰਤ ਨਹੀਂ ਹੈ, ਅਸੀਂ ਖ਼ੁਦ ਹਾਂ।

ਸਰਕਾਰ ਨੂੰ ਚਾਹੀਦਾ ਹੈ ਕਿ ਪਿਛਲੀਆਂ ਸਾਰੀਆਂ ਬਣੀਆਂ ਵਿਉਂਤਾਂ ਦੀ ਦੁਬਾਰਾ ਜਾਂਚ ਕਰੇ ਅਤੇ ਭਵਿੱਖ ਨੂੰ ਸੁਰੱਖਿਅਤ ਬਣਾਉਣ ਲਈ ਸਹੀ ਫ਼ੈਸਲੇ ਲਵੇ। (ਪੰਜਾਬ ਨਾਮਾ)

ਸਾਰੇ ਡੈਮ ਸੁਰੱਖਿਅਤ ਅਤੇ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਹੇਠਾਂ ਵਗ ਰਿਹਾ

ਚੰਡੀਗੜ੍ਹ, 12 ਜੁਲਾਈ: ਮਾਲ, ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ ਮੰਤਰੀ ਬਰਮਾ ਸ਼ੰਕਰ ਜਿੰਪਾ ਨੇ ਸਾਰੇ ਡਿਪਟੀ ਕਮਿਸ਼ਨਰਾਂ ਅਤੇ ਵੱਖ-ਵੱਖ ਵਿਭਾਗਾਂ ਦੇ ਉੱਚ ਅਧਿਕਾਰੀਆਂ ਨਾਲ ਇਕ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਿਹਾ ਹੈ ਕਿ ਹੜ੍ਹ ਪੀੜਤਾਂ ਦੀ ਹਰ ਸੰਭਵ ਮਦਦ ਕਰਨ ਵਿਚ ਕੋਈ ਕਸਰ ਨਾ ਛੱਡੀ ਜਾਵੇ। ਉਨ੍ਹਾਂ ਕਿਹਾ ਕਿ ਇਸ ਆਫ਼ਤ ਦੀ ਘੜੀ ਨਾਲ ਨਜਿੱਠਣ ਲਈ ਸੂਬਾ ਸਰਕਾਰ ਕੋਲ ਪੈਸੇ ਦੀ ਕੋਈ ਕਮੀ ਨਹੀਂ ਹੈ ਅਤੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ 33.50 ਕਰੋੜ ਰੁਪਏ ਅਗੇਤੇ ਰਾਹਤ ਕਾਰਜਾਂ ਲਈ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਜਲਦ ਹੀ 71.50 ਕਰੋੜ ਰੁਪਏ ਦੀ ਹੋਰ ਰਾਸ਼ੀ ਜਾਰੀ ਕਰਨਗੇ ਤਾਂ ਜੋ ਹੜ੍ਹ ਪ੍ਰਭਾਵਿਤ ਦੀ ਹਰ ਤਰ੍ਹਾਂ ਦੀ ਮਦਦ ਕੀਤੀ ਜਾ ਸਕੇ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਾਰੀ ਹਦਾਇਤਾਂ ਬਾਬਤ ਡਿਪਟੀ ਕਮਿਸ਼ਨਰਾਂ ਨੂੰ ਜਾਣੂੰ ਕਰਵਾਉਂਦਿਆਂ ਜਿੰਪਾ ਨੇ ਨਿਰਦੇਸ਼ ਦਿੱਤੇ ਕਿ ਹੜ੍ਹ ਪ੍ਰਭਾਵਿਤ ਤੱਕ ਰਾਸ਼ਨ ਅਤੇ ਦਵਾਈਆਂ ਪੁੱਜਦੀਆਂ ਕੀਤੀਆਂ ਜਾਣ ਤਾਂ ਜੋ ਕੋਈ ਵੀ ਵਿਅਕਤੀ ਇਨ੍ਹਾਂ ਜ਼ਰੂਰੀ ਵਸਤਾਂ ਤੋਂ ਵਿਹੂਣਾ ਨਾ ਹੋਵੇ। ਉਨ੍ਹਾਂ ਕਿਹਾ ਕਿ ਇਸ ਸਮੇਂ ਹਰੇਕ ਮਨੁੱਖ ਦੀ ਜਾਨ-ਮਾਲ ਦੀ ਸੁਰੱਖਿਆ ਨੂੰ ਪਹਿਲ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਹੜ੍ਹਾਂ ਦੌਰਾਨ ਜੇਕਰ ਕਿਸੇ ਵੀ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦੇ ਪਰਿਵਾਰ ਨੂੰ ਤੁਰੰਤ 4 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਦਿੱਤੀ ਜਾਵੇ।

ਮੀਟਿੰਗ ਵਿਚ ਵੀਡੀਓ ਕਾਨਫ਼ਰੰਸ ਰਾਹੀਂ ਜੁੜੇ ਡਿਪਟੀ ਕਮਿਸ਼ਨਰਾਂ ਨੂੰ ਸੰਬੋਧਨ ਕਰਦਿਆਂ ਆਫ਼ਤ ਪ੍ਰਬੰਧਨ ਮੰਤਰੀ ਨੇ ਕਿਹਾ ਕਿ ਖਸਤਾ ਹਾਲਤ ਘਰਾਂ ਦੀ ਪਛਾਣ ਕਰਕੇ ਲੋਕਾਂ ਨੂੰ ਸੁਰੱਖਿਅਤ ਥਾਂਵਾਂ ‘ਤੇ ਪਹੁੰਚਾਇਆ ਜਾਵੇ ਤਾਂ ਜੋ ਕਿਸੇ ਦਾ ਜਾਨੀ ਨੁਕਸਾਨ ਨਾ ਹੋਵੇ। ਉਨ੍ਹਾਂ ਕਿਹਾ ਕਿ ਸੰਕਟ ਦੀ ਇਸ ਘੜੀ ਵਿਚ ਅਸੀਂ ਹਰ ਉਸ ਵਿਅਕਤੀ ਤੱਕ ਪਹੁੰਚ ਕਰਨੀ ਹੈ ਜੋ ਹੜ੍ਹਾਂ ਦੀ ਮਾਰ ਝੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਹਰ ਕਿਸਮ ਦੀ ਸਹਾਇਤਾ ਕਰਨੀ ਪੰਜਾਬ ਸਰਕਾਰ ਦੀ ਪਹਿਲ ਹੈ।

ਜਿੰਪਾ ਨੇ ਖ਼ਾਸ ਤੌਰ ‘ਤੇ ਪਸ਼ੂਆਂ ਨੂੰ ਬਚਾਉਣ ਲਈ, ਉਨ੍ਹਾਂ ਦੇ ਚਾਰੇ ਦਾ ਪ੍ਰਬੰਧ ਕਰਨ ਲਈ ਤੇ ਜ਼ਰੂਰੀ ਦਵਾਈਆਂ ਪੁੱਜਦੀਆਂ ਕਰਨ ਲਈ ਡਿਪਟੀ ਕਮਿਸ਼ਨਰਾਂ ਨੂੰ ਪ੍ਰੇਰਿਤ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰਾਂ ਵੱਲੋਂ ਹੜ੍ਹਾਂ ਨਾਲ ਨਜਿੱਠਣ ਲਈ ਜੋ ਵੀ ਮੰਗ ਰੱਖੀ ਗਈ ਉਸ ਨੂੰ ਪੂਰਾ ਕਰਨ ਲਈ ਜਿੰਪਾ ਨੇ ਸਬੰਧਿਤ ਵਿਭਾਗਾਂ ਨੂੰ ਨਿਰਦੇਸ਼ ਦਿੱਤੇ। ਕੁਝ ਜ਼ਿਲ੍ਹਿਆਂ ਨੇ ਐਨਡੀਆਰਐਫ/ਐਸਡੀਆਰਐਫ ਟੀਮਾਂ ਦੀ ਮੰਗ ਕੀਤੀ ਜੋ ਮੌਕੇ ਉੱਤੇ ਹੀ ਮੰਨ ਲਈ ਗਈ।

ਪ੍ਰਭਾਵਿਤ ਇਲਾਕਿਆਂ ਵਿੱਚ ਬਿਮਾਰੀਆਂ ਤੋਂ ਬਚਾਅ ਲਈ ਖੜ੍ਹੇ ਪਾਣੀ ’ਤੇ ਕਰਵਾਈ ਜਾ ਰਹੀ ਹੈ ਲਾਰਵੀਸਾਈਡ ਦਵਾਈ ਦੀ ਸਪਰੇਅ

ਪਟਿਆਲਾ 12 ਜੁਲਾਈ: ਸਿਵਲ ਸਰਜਨ ਡਾ. ਰਮਿੰਦਰ ਕੌਰ ਨੇ ਬਰਸਾਤੀ ਮੌਸਮ ਅਤੇ ਮੌਜੂਦਾ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਰੈਪਿਡ ਰੈਸਪਾਂਸ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ ਅਤੇ ਸਾਰੇ ਸਿਹਤ ਕੇਂਦਰਾਂ ਵਿੱਚ ਐਮਰਜੈਂਸੀ ਸੇਵਾਵਾਂ ਮੁਹੱਈਆ ਕਰਵਾਉਣੀਆਂ ਯਕੀਨੀ ਬਣਾਈਆਂ ਜਾ ਰਹੀਆਂ ਹਨ।

ਉਨ੍ਹਾਂ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਦੱਸਿਆ ਕਿ ਦੂਸ਼ਿਤ ਭੋਜਨ ਅਤੇ ਦੂਸ਼ਿਤ ਪਾਣੀ ਪੀਣ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ ਸਾਫ਼ ਸਫ਼ਾਈ ਦਾ ਖ਼ਾਸ ਧਿਆਨ ਰੱਖਿਆ ਜਾਵੇ ਅਤੇ ਕੁਝ ਵੀ ਖਾਣ ਤੋਂ ਪਹਿਲਾਂ ਹੱਥਾਂ ਨੂੰ ਸਾਬਣ ਨਾਲ ਧੋਇਆ ਜਾਵੇ। ਪਾਣੀ ਦੀ ਸੇਫ਼ ਸਪਲਾਈ ਸ਼ੁਰੂ ਹੋਣ ਤੋਂ ਪਹਿਲਾਂ ਮਿਊਂਸੀਪਲ ਕਾਰਪੋਰੇਸ਼ਨ ਵੱਲੋਂ ਟੈਂਕਰਾਂ ਰਾਹੀਂ ਦਿੱਤੇ ਜਾਣ ਵਾਲੇ ਪਾਣੀ ਦੀ ਵਰਤੋਂ ਕੀਤੀ ਜਾਵੇ। ਪੀਣ ਵਾਲੇ ਪਾਣੀ ਨੂੰ ਚੰਗੀ ਤਰ੍ਹਾਂ ਉਬਾਲ ਕੇ, ਠੰਡਾ ਕਰਕੇ ਪੀਤਾ ਜਾਵੇ।

ਉਨ੍ਹਾਂ ਦੱਸਿਆ ਕਿ ਪ੍ਰਭਾਵਿਤ ਇਲਾਕਿਆਂ ਵਿੱਚ ਪੀਣ ਵਾਲੇ ਪਾਣੀ ਨੂੰ ਰੋਗਾਣੂ ਮੁਕਤ ਕਰਨ ਲਈ ਕਲੋਰੀਨ ਦੀਆਂ ਗੋਲੀਆਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਉਹਨਾਂ ਗੋਲੀਆਂ ਦਾ ਇਸਤੇਮਾਲ ਕਰਕੇ ਪੀਣ ਵਾਲੇ ਪਾਣੀ ਨੂੰ ਵਰਤੋਂ ਵਿੱਚ ਲਿਆਂਦਾ ਜਾਵੇ। ਖਾਣ ਪੀਣ ਵਾਲੀਆਂ ਚੀਜ਼ਾਂ ਨੂੰ ਢੱਕ ਕੇ ਰੱਖਿਆ ਜਾਵੇ। ਉਲਟੀਆਂ ਜਾਂ ਦਸਤ ਲੱਗਣ ਤੇ ਹੈਲਪ ਲਾਈਨ ਨੰਬਰ 01755128793 ਜਾਂ ਮੈਡੀਕਲ ਕੈਂਪ ਜਾਂ ਨੇੜੇ ਦੇ ਸਰਕਾਰੀ ਸਿਹਤ ਸੰਸਥਾ ਨਾਲ ਸੰਪਰਕ ਕੀਤਾ ਜਾਵੇ।

ਉਨ੍ਹਾਂ ਦੱਸਿਆ ਕਿ ਦੂਸ਼ਿਤ ਪਾਣੀ ਅਤੇ ਕੀੜਿਆਂ ਦੇ ਕੱਟਣ ਨਾਲ ਆਮ ਤੌਰ ਤੇ ਚਮੜੀ ਤੇ ਬੈਕਟੀਰੀਆ ਇਨਫੈਕਸ਼ਨ (ਲਾਗ) ਹੋ ਜਾਂਦੀ ਹੈ। ਚਮੜੀ ਦੀ ਲਾਗ ਨੂੰ ਰੋਕਣ ਲਈ ਰਬੜ ਦੇ ਬੂਟ ਅਤੇ ਪੂਰੀਆਂ ਬਾਂਹਾਂ ਵਾਲੇ ਕੱਪੜੇ ਪਾਏ ਜਾਣ, ਇਨਫੈਕਸ਼ਨ (ਲਾਗ) ਹੋਣ ’ਤੇ ਨਜ਼ਦੀਕੀ ਸਿਹਤ ਸੰਸਥਾ ਨਾਲ ਸੰਪਰਕ ਕੀਤਾ ਜਾਵੇ। ਪਾਣੀ ਆਉਣ ਦੌਰਾਨ ਸੱਪ ਦੇ ਕੱਟਣ ਦੀਆਂ ਘਟਨਾਵਾਂ ਆਮ ਹਨ, ਜੇਕਰ ਸੱਪ ਕੱਟ ਜਾਂਦਾ ਹੈ ਤਾਂ ਤੁਰੰਤ ਨਜ਼ਦੀਕੀ ਸਿਹਤ ਸੰਸਥਾ ਨਾਲ ਸੰਪਰਕ ਕੀਤਾ ਜਾਵੇ। ਇਸ ਤੋਂ ਇਲਾਵਾ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਪ੍ਰਭਾਵਿਤ ਇਲਾਕਿਆਂ ਵਿੱਚ ਡੇਂਗੂ ਤੋਂ ਬਚਾਅ ਲਈ ਬਾਬਾ ਦੀਪ ਸਿੰਘ ਨਗਰ, ਸ਼ਾਂਤੀ ਨਗਰ ਅਤੇ ਐਲ ਆਈ ਜੀ ਫਲੈਟ, ਅਰਬਨ ਅਸਟੇਟ ਵਿੱਚ ਉਹਨਾਂ ਇਲਾਕਿਆਂ ਵਿੱਚ ਜਿੱਥੋਂ ਪਾਣੀ ਦੀ ਨਿਕਾਸੀ ਹੋ ਰਹੀ ਹੈ, ਉਥੇ ਖੜੇ ਪਾਣੀ ਤੇ ਲਾਰ ਵੀ ਸਾਈਡ ਦਵਾਈ ਦੀ ਸਪਰੇਅ ਕਰਵਾਈ ਗਈ ਅਤੇ ਲੋੜਵੰਦ ਲੋਕਾਂ ਨੂੰ ਓ. ਆਰ.ਐਸ ਦੇ ਪੈਕਟਾਂ ਦੀ ਵੰਡ ਅਤੇ ਪਾਣੀ ਨੂੰ ਸੁੱਧ ਕਰਕੇ ਪੀਣ ਲਈ ਕਲੋਰੀਨ ਦੀਆਂ ਗੋਲੀਆਂ ਦੀ ਵੰਡ ਕੀਤੀ ਗਈ।

ਦੂਰ-ਦੁਰਾਡੇ ਇਲਾਕਿਆਂ ਵਿੱਚ ਰਹਿੰਦੇ ਆਖ਼ਰੀ ਵਿਅਕਤੀ ਤੱਕ ਰਾਹਤ ਪਹੁੰਚਾਈ ਜਾਵੇਗੀ

ਬਾਦਸ਼ਾਹਪੁਰ/ਪਟਿਆਲਾ, 12 ਜੁਲਾਈ ( ): ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਅੱਜ ਘੱਗਰ ਦਰਿਆ ਦੀ ਤਾਜ਼ਾ ਸਥਿਤੀ ਦਾ ਜਾਇਜ਼ਾ ਲੈਣ ਲਈ ਪਟਿਆਲਾ ਜ਼ਿਲ੍ਹੇ ਦੇ ਹਲਕਾ ਸ਼ੁਤਰਾਣਾ ਵਿਖੇ ਪੁੱਜੇ, ਜਿਥੇ ਉਨ੍ਹਾਂ ਨੇ ਸੜਕ ਸੰਪਰਕ ਟੁੱਟਣ ਕਾਰਨ ਪ੍ਰਭਾਵਿਤ ਪੰਜ ਪਿੰਡਾਂ ਦਵਾਰਕਾਪੁਰ, ਬਾਦਸ਼ਾਹਪੁਰ, ਰਸੌਲ਼ੀ, ਅਰਨੇਟੂ ਤੇ ਰਾਮਪੁਰਪੜਤਾ ਦੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਰਜ਼ੀ ਰਾਹਤ ਕੈਂਪ ਬਣਾਏ ਗਏ ਹਨ, ਇਸ ਲਈ ਜਦੋਂ ਫ਼ੌਜ ਅਤੇ ਐਨ.ਡੀ.ਆਰ.ਐਫ਼ ਦੀਆਂ ਟੀਮਾਂ ਮੋਟਰ ਬੋਟਸ ਲੈ ਕੇ ਆਉਣ ਤਾਂ ਉਨ੍ਹਾਂ ਦੇ ਨਾਲ ਸੁਰੱਖਿਅਤ ਥਾਂਵਾਂ ‘ਤੇ ਪਹੁੰਚਿਆ ਜਾਵੇ। ਉਨ੍ਹਾਂ ਕਿਹਾ ਕਿ ਬਾਦਸ਼ਾਹਪੁਰ ਦੀ ਗਰਿੱਡ ਵਿੱਚ ਵੀ ਪਾਣੀ ਭਰ ਗਿਆ ਹੈ, ਇਸ ਲਈ ਬਿਜਲੀ ਦੀ ਸਮੱਸਿਆ ਤੋਂ ਇਲਾਵਾ ਖਾਣ-ਪੀਣ ਦੀਆਂ ਚੀਜ਼ਾਂ ਸਮੇਤ ਪਿੰਡ ਵਾਸੀਆਂ ਨੂੰ ਹੋਰ ਵੀ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਬਰਸਾਤੀ ਪਾਣੀ ਨਾਲ ਪੈਦਾ ਹੋਣ ਵਾਲੀਆਂ ਬਿਮਾਰੀਆਂ ਦਾ ਵੀ ਵਧੇਰੇ ਖ਼ਤਰਾ ਰਹਿੰਦਾ ਹੈ, ਇਸ ਲਈ ਆਪ ਅਤੇ ਆਪਣਿਆਂ ਦੀ ਜ਼ਿੰਦਗੀ ਲਈ ਪ੍ਰਸ਼ਾਸਨ ਨਾਲ ਸਹਿਯੋਗ ਕੀਤਾ ਜਾਵੇ।

ਉਨ੍ਹਾਂ ਕਿਹਾ ਕਿ ਭਾਵੇਂ ਜ਼ਿਲ੍ਹਾ ਪ੍ਰਸ਼ਾਸਨ ਨੇ ਪੀਣ ਲਈ ਪਾਣੀ ਦੀਆਂ ਬੋਤਲਾਂ, ਦੁੱਧ ਦੇ ਪੈਕਟ ਅਤੇ ਸੁੱਕੇ ਰਾਸ਼ਨ ਦਾ ਪ੍ਰਬੰਧ ਕੀਤਾ ਹੋਇਆ ਹੈ, ਪਰ ਇਸ ਦੇ ਬਾਵਜੂਦ ਪਿੰਡ ਵਾਸੀਆਂ ਦਾ ਇਥੇ ਰਹਿਣਾ ਮੁਸ਼ਕਲਾਂ ਨਾਲ ਭਰਿਆ ਹੋਵੇਗਾ। ਉਨ੍ਹਾਂ ਕਿਹਾ ਕਿ ਘੱਗਰ ਦੇ ਆਖ਼ਰੀ ਪੁਆਇੰਟ ‘ਤੇ ਇਹ ਪਿੰਡ ਵੱਸੇ ਹੋਏ ਹਨ, ਜਿਸ ਕਰਕੇ ਪਾਣੀ ਦੇ ਵਹਾਅ ਨਾਲ ਨੁਕਸਾਨ ਹੋ ਸਕਦਾ ਹੈ।

ਉਨ੍ਹਾਂ ਲੋਕਾਂ ਨੂੰ ਮੁੜ ਅਪੀਲ ਕਰਦਿਆਂ ਕਿਹਾ ਕਿ ਇਨ੍ਹਾਂ ਪਿੰਡਾਂ ਦੇ ਲੋਕ ਆਪਣੇ ਘਰਾਂ ਵਿੱਚ ਨਾ ਰੁਕਣ ਬਲਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੁਰੱਖਿਅਤ ਥਾਵਾਂ ਦਾ ਇੰਤਜ਼ਾਮ ਕੀਤਾ ਗਿਆ ਹੈ ਅਤੇ ਸੁਰੱਖਿਅਤ ਬਾਹਰ ਕੱਢ ਕੇ ਲਿਜਾਣ ਲਈ ਭਾਰਤੀ ਫ਼ੌਜ ਅਤੇ ਐਨ.ਡੀ.ਆਰ.ਐਫ. ਦੀਆਂ ਟੀਮਾਂ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਇਨ੍ਹਾਂ ਪਿੰਡਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ ਅਤੇ ਪਿੰਡ ਦੇ ਹਰ ਇੱਕ ਵਸਨੀਕ ਨੂੰ ਬਾਹਰ ਕੱਢਣ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੈ, ਇਸ ਲਈ ਪ੍ਰਸ਼ਾਸਨ ਨਾਲ ਸਹਿਯੋਗ ਕੀਤਾ ਜਾਵੇ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਭਰ ਵਿੱਚ ਪਏ ਮੋਹਲੇਧਾਰ ਮੀਂਹ ਕਾਰਨ ਲੋਕਾਂ ਦੇ ਹੋਏ ਨੁਕਸਾਨ ਦੇ ਇਕ-ਇਕ ਪੈਸੇ ਦੀ ਪੂਰਤੀ ਕਰਨ ਦੀ ਸੂਬਾ ਸਰਕਾਰ ਦੀ ਵਚਨਬੱਧਤਾ ਦੁਹਰਾਈ।

ਚੰਡੀਗੜ੍ਹ, 12 ਜੁਲਾਈ: ਇੱਥੇ ਜਾਰੀ ਇਕ ਬਿਆਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਉਹ ਹਾਲਾਤ ਉਤੇ ਪਲ-ਪਲ ਨਜ਼ਰ ਰੱਖ ਰਹੇ ਹਨ ਅਤੇ ਸੂਬੇ ਭਰ ਤੋਂ ਬਾਕਾਇਦਾ ਰਿਪੋਰਟ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਿਆਂ ਵਿੱਚ ਚੱਲ ਰਹੇ ਰਾਹਤ ਕਾਰਜਾਂ ਅਤੇ ਪਾਣੀ ਦੇ ਪੱਧਰ ਬਾਰੇ ਸੂਬੇ ਭਰ ਵਿੱਚ ਜ਼ਿਲ੍ਹਾ ਪ੍ਰਸ਼ਾਸਨਾਂ ਰਾਹੀਂ ਨਿਗਰਾਨੀ ਰੱਖੀ ਜਾ ਰਹੀ ਹੈ। ਭਗਵੰਤ ਮਾਨ ਨੇ ਕਿਹਾ ਕਿ ਮੁਸ਼ਕਲ ਦੀ ਇਸ ਘੜੀ ਵਿੱਚ ਲੋਕਾਂ ਦੀ ਮਦਦ ਕਰਨਾ ਸੂਬਾ ਸਰਕਾਰ ਦਾ ਫ਼ਰਜ਼ ਬਣਦਾ ਹੈ ਅਤੇ ਇਸ ਕਾਰਜ ਦੀ ਪੂਰਤੀ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਦੂਰ-ਦੁਰਾਡੇ ਇਲਾਕਿਆਂ ਵਿੱਚ ਬੈਠੇ ਆਖ਼ਰੀ ਵਿਅਕਤੀ ਤੱਕ ਰਾਹਤ ਪਹੁੰਚਾਈ ਜਾਵੇਗੀ। ਉਨ੍ਹਾਂ ਕਿਹਾ ਕਿ ਸੂਬੇ ਦੇ ਸਭ ਤੋਂ ਵੱਧ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਪੁੱਜਣੀ ਯਕੀਨੀ ਬਣਾਉਣ ਉੱਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਤਾਂ ਕਿ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਪੇਸ਼ ਨਾ ਆਵੇ। ਭਗਵੰਤ ਮਾਨ ਨੇ ਕਿਹਾ ਕਿ ਸੂਬੇ ਦੇ ਸਭ ਤੋਂ ਵੱਧ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਤੇ ਬਚਾਅ ਕਾਰਜ ਚਲਾਉਣ ਨੂੰ ਤਰਜੀਹ ਦਿੱਤੀ ਜਾ ਰਹੀ ਹੈ।

 

ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਸਾਰੇ ਡੈਮ ਸੁਰੱਖਿਅਤ ਹਨ ਅਤੇ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਹੇਠਾਂ ਵਗ ਰਿਹਾ ਹੈ। ਉਨ੍ਹਾਂ ਉਮੀਦ ਜਤਾਈ ਕਿ ਬੁੱਧਵਾਰ ਸ਼ਾਮ ਤੱਕ ਸੂਬੇ ਵਿੱਚ ਹਾਲਾਤ ਵਿੱਚ ਸੁਧਾਰ ਹੋਵੇਗਾ। ਭਗਵੰਤ ਮਾਨ ਨੇ ਕਿਹਾ ਕਿ ਸਾਰੇ ਕੈਬਨਿਟ ਮੰਤਰੀ, ਵਿਧਾਇਕ ਤੇ ਅਫ਼ਸਰ ਪਹਿਲਾਂ ਹੀ ਆਪੋ-ਆਪਣੇ ਕਾਰਜ ਖ਼ੇਤਰਾਂ ਵਿੱਚ ਤਾਇਨਾਤ ਹਨ ਅਤੇ ਸੰਕਟ ਦੀ ਇਸ ਘੜੀ ਵਿੱਚ ਲੋੜਵੰਦਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਪਾਣੀ ਦੇ ਪੱਧਰ ਨੂੰ ਦੇਖਦਿਆਂ ਲੋਕਾਂ ਦੇ ਜਾਨ ਤੇ ਮਾਲ ਦੀ ਰਾਖੀ ਕਰਨ ਲਈ ਮਸ਼ੀਨਰੀ ਦਾ ਵਿਆਪਕ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰਾਂ ਅਤੇ ਐਸ.ਐਸ.ਪੀਜ਼ ਆਪਣੇ-ਆਪਣੇ ਜ਼ਿਲ੍ਹਿਆਂ ਵਿੱਚ ਰਾਹਤ ਕਾਰਜਾਂ ਵਿੱਚ ਤੇਜ਼ੀ ਲਿਆ ਰਹੇ ਹਨ ਤਾਂ ਜੋ ਲੋਕਾਂ ਨੂੰ ਰਾਹਤ ਦਿੱਤੀ ਜਾ ਸਕੇ। ਭਗਵੰਤ ਮਾਨ ਨੇ ਕਿਹਾ ਕਿ ਭਾਰੀ ਬਰਸਾਤ ਕਾਰਨ ਪੈਦਾ ਹੋਏ ਹਾਲਾਤ ਵਿੱਚ ਲੋਕਾਂ ਦੀ ਰਾਖੀ ਕਰਨਾ ਸੂਬਾ ਸਰਕਾਰ ਦਾ ਫ਼ਰਜ਼ ਬਣਦਾ ਹੈ। ਉਨ੍ਹਾਂ ਕਿਹਾ ਕਿ ਮੰਤਰੀ, ਵਿਧਾਇਕ ਤੇ ਅਧਿਕਾਰੀ ਨੀਵੇਂ ਤੇ ਹੜ੍ਹਾਂ ਪੱਖੋਂ ਸੰਵੇਦਨਸ਼ੀਲ ਇਲਾਕਿਆਂ ਦਾ ਦੌਰਾ ਕਰ ਰਹੇ ਹਨ ਤਾਂ ਕਿ ਇਨ੍ਹਾਂ ਇਲਾਕਿਆਂ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਉਤੇ ਪਹੁੰਚਾਇਆ ਜਾਵੇ।

-ਚੇਅਰਮੈਨ ਨਰਿੰਦਰ ਸਿੰਘ ਸ਼ੇਰਗਿੱਲ ਨੇ ਭੋਜਨ ਰਾਹਤ ਸਮੱਗਰੀ ਦੇ ਵਾਹਨ ਰਵਾਨਾ ਕੀਤੇ

ਪਟਿਆਲਾ 12 ਜੁਲਾਈ: ਪਟਿਆਲਾ ਅਤੇ ਸੰਗਰੂਰ ਜਿੱਲ੍ਹਿਆ ਦੇ ਪਾਣੀ ਨਾਲ ਪ੍ਰਭਾਵਿਤ ਇਲਾਕਿਆਂ ਲਈ ਭੋਜਨ ਪੈਕਟਾਂ ਦੇ ਰੂਪ ਵਿੱਚ ਰਾਹਤ ਸਮੱਗਰੀ ਅੱਜ ਮਿਲਕਫੈੱਡ ਪੰਜਾਬ ਦੇ ਚੇਅਰਮੈਨ ਸ. ਨਰਿੰਦਰ ਸਿੰਘ ਸ਼ੇਰਗਿੱਲ ਨੇ ਰਵਾਨਾ ਕੀਤੀ। ਵੇਰਕਾ ਮਿਲਕ ਪਲਾਂਟ, ਪਟਿਆਲਾ ਵਿਖੇ ਰਾਹਤ ਸਮੱਗਰੀ ਵਾਲੀਆਂ ਗੱਡੀਆਂ ਨੂੰ ਝੰਡੀ ਦੇਣ ਉਪਰੰਤ ਚੇਅਰਮੈਨ ਸ. ਨਰਿੰਦਰ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਮੌਜੂਦਾ ਹਾਲਾਤ ਦੌਰਾਨ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਲਈ ਮੁੱਖ ਮੰਤਰੀ, ਪੰਜਾਬ ਸ. ਭਗਵੰਤ ਮਾਨ ਦੀ ਯੋਗ ਕਾਰਵਾਈ ਹੇਠ ਮਿਲਕਫੈੱਡ ਅਤੇ ਮਾਰਕਫੈੱਡ ਵੱਲੋਂ ਉਨ੍ਹਾਂ ਲੋੜਵੰਦ ਲੋਕਾਂ ਦੀ ਹਰ ਸੰਭਵ ਮਦਦ ਲਈ ਪੰਜਾਬ ਵਿੱਚ ਪਟਿਆਲਾ, ਲੁਧਿਆਣਾ, ਜਲੰਧਰ ਅਤੇ ਮੋਹਾਲੀ ਵਿਖੇ ਖਾਣ-ਪੀਣ ਦੀ ਰਾਹਤ ਸਮੱਗਰੀ ਤਿਆਰ ਕਰਨ ਅਤੇ ਸਪਲਾਈ ਕਰਨ ਲਈ ਸੈਂਟਰ ਸਥਾਪਿਤ ਕੀਤੇ ਗਏ ਹਨ।

ਉਨ੍ਹਾਂ ਨੇ ਦੱਸਿਆ ਕਿ ਹੁਣ ਤੱਕ ਮਿਲਕਫੈੱਡ ਨੂੰ ਸਰਕਾਰ ਤੋਂ 50 ਹਜ਼ਾਰ ਪੈਕਟ ਭੋਜਨ ਪੈਕਟਾਂ ਦੀ ਮੰਗ ਪ੍ਰਾਪਤ ਹੋਈ ਹੈ ਅਤੇ ਇਸ ਸਬੰਧੀ ਪੰਜਾਬ ਭਰ ਵਿਖੇ ਭੋਜਨ ਰਾਹਤ ਸਮੱਗਰੀ ਦੀ ਸਪਲਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਔਖੇ ਵਕਤ ਵਿੱਚ ਘਬਰਾਹਟ ਵਿੱਚ ਆਉਣ ਤੋਂ ਬਚਣਾ ਚਾਹੀਦਾ ਹੈ ਅਤੇ ਅਫ਼ਵਾਹਾਂ ਤੋਂ ਸੁਚੇਤ ਹੋਣ ਦੀ ਜ਼ਰੂਰਤ ਹੈ। ਇਸ ਔਖੇ ਵਕਤ ਵਿੱਚ ਪ੍ਰਭਾਵਿਤ ਲੋਕਾਂ ਦੀ ਹਰ ਸੰਭਵ ਮਦਦ ਲਈ ਸਰਕਾਰ ਵਚਨਬੱਧ ਹੈ ਅਤੇ ਮਿਲਕਫੈੱਡ ਪੰਜਾਬ ਵੱਲੋਂ ਫੂਡ ਸਪਲਾਈ ਅਤੇ ਮਾਰਕਫੈੱਡ ਵਿਭਾਗਾਂ ਦੇ ਅਧਿਕਾਰੀਆਂ ਦੀਆਂ ਸਾਂਝੀਆਂ ਟੀਮਾਂ ਬਣਾ ਕੇ ਭੋਜਨ ਦੇ ਕੰਮ ਨੂੰ ਸੁਚਾਰੂ ਰੂਪ ਨਾਲ ਚਲਾਇਆ ਜਾ ਰਿਹਾ ਹੈ।

ਇਸ ਮੌਕੇ ਵੇਰਕਾ ਮਿਲਕ ਪਲਾਂਟ ਦੇ ਜਨਰਲ ਮੈਨੇਜਰ ਡਾ. ਸੁਰਜੀਤ ਸਿੰਘ ਭਦੌੜ ਨੇ ਦੱਸਿਆ ਕਿ ਮਿਲਕ ਪਲਾਂਟ ਪਟਿਆਲਾ ਅਤੇ ਸੰਗਰੂਰ ਜਿੱਲ੍ਹਿਆ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਸਥਾਨਕ ਸਿਵਲ ਪ੍ਰਸ਼ਾਸਨ ਦੇ ਸਹਿਯੋਗ ਨਾਲ ਭੋਜਨ ਰਾਹਤ ਸਮੱਗਰੀ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਵੇਰਕਾ ਪੰਜਾਬ ਦੇ ਚੇਅਰਮੈਨ ਨਰਿੰਦਰ ਸਿੰਘ ਸ਼ੇਰਗਿੱਲ ਅਤੇ ਪ੍ਰਬੰਧ ਨਿਰਦੇਸ਼ਕ ਸ੍ਰੀ ਅਮਿਤ ਢਾਕਾ, ਆਈ.ਏ.ਐਸ. ਦੀ ਰਹਿਨੁਮਾਈ ਹੇਠ ਸਮੁੱਚੇ ਕਰਮਚਾਰੀ ਅਤੇ ਅਧਿਕਾਰੀ ਦਿਨ ਰਾਤ ਇਸ ਕਾਰਜ ਲਈ ਸਮਰਪਿਤ ਕੀਤੇ ਗਏ ਹਨ।

ਇਸ ਮੌਕੇ ’ਤੇ ਵੇਰਕਾ ਮਿਲਕ ਪਲਾਂਟ, ਪਟਿਆਲਾ ਦੇ ਅਫ਼ਸਰ ਹਰਭਜਨ ਸਿੰਘ- ਚੇਅਰਮੈਨ, ਭਜਨ ਸਿੰਘ ਸਿੰਬੜੋ-ਡਾਇਰੈਕਟਰ, ਡਾ. ਸੁਰਜੀਤ ਸਿੰਘ ਭਦੌੜ-ਜਨਰਲ ਮੈਨੇਜਰ, ਸੰਜੀਵ ਕੁਮਾਰ ਗੋਇਲ-ਮੈਨੇਜਰ ਪ੍ਰੋਡਕਸ਼ਨ, ਡਾ. ਅਮਿਤ ਗਰਗ-ਡਿਪਟੀ ਮੈਨੇਜਰ ਏ.ਐਚ, ਸ੍ਰੀ ਸੁਖਚੈਨ ਸਿੰਘ- ਡਿਪਟੀ ਮੈਨੇਜਰ ਇੰਜੀਨੀਅਰਿੰਗ ਅਤੇ ਸ੍ਰੀ ਰੋਹਿਨ ਕਪੂਰ-ਅਸਿਸਟੈਂਟ ਮੈਨੇਜਰ ਐਚ.ਆਰ ਮੌਜੂਦ ਸਨ।

ਪਾਣੀ ਦਾ ਪੱਧਰ ਘੱਟਣ ਨਾਲ ਨਗਰ ਨਿਗਮ ਦੀਆਂ ਟੀਮਾਂ ਹੋਰ ਵਧੇਰੇ ਹਰਕਤ ‘ਚ ਆਈਆਂ-ਅਦਿੱਤਿਆ ਉੱਪਲ

ਪ੍ਰਭਾਵਤ ਇਲਾਕਿਆਂ ‘ਚ ਕਲੋਰੀਨ ਯੁਕਤ ਪੀਣ ਵਾਲੇ ਪਾਣੀ ਦੇ ਟੈਂਕਰ ਵੀ ਭੇਜੇ, ਪਾਣੀ ਦੇ ਨਮੂਨੇ ਲੈਣ ਦੀ ਪ੍ਰਕ੍ਰਿਆ ਜਾਰੀ

ਪਟਿਆਲਾ, 12 ਜੁਲਾਈ: ਪਟਿਆਲਾ ਸ਼ਹਿਰ ਦੀਆਂ ਕਈ ਕਲੋਨੀਆਂ ਵਿੱਚ ਪਾਣੀ ਆਉਣ ਕਰਕੇ ਪੈਦਾ ਹੋਈ ਸਥਿਤੀ ਨਾਲ ਨਜਿੱਠਣ ਲਈ ਨਗਰ ਨਿਗਮ ਪਟਿਆਲਾ ਦੀਆਂ ਟੀਮਾਂ ਕਮਿਸ਼ਨਰ ਅਦਿੱਤਿਆ ਉਪਲ ਦੀ ਅਗਵਾਈ ਅਤੇ ਸੰਯੁਕਤ ਕਮਿਸ਼ਨਰ ਨਮਨ ਮਾਰਕੰਨ ਦੀ ਦੇਖ-ਰੇਖ ਹੇਠ ਕਾਰਜਸ਼ੀਲ ਹਨ। ਹੁਣ ਜਦੋਂ ਸ਼ਹਿਰ ਦੀਆਂ ਪ੍ਰਭਾਵਤ ਕਲੋਨੀਆਂ ਵਿੱਚੋਂ ਪਾਣੀ ਘੱਟ ਗਿਆ ਹੈ ਤਾਂ ਨਿਗਮ ਦੀਆਂ ਟੀਮਾਂ ਹੋਰ ਵੀ ਵਧੇਰੇ ਹਰਕਤ ‘ਚ ਆ ਗਈਆਂ ਹਨ। ਅੱਜ ਇਨ੍ਹਾਂ ਟੀਮਾਂ ਨੇ 6 ਕਲੋਨੀਆਂ ਵਿੱਚ ਖੜ੍ਹੇ ਪਾਣੀ ਦੀ ਨਿਕਾਸੀ ਕਰਵਾਈ ਅਤੇ 4 ਕਲੋਨੀਆਂ ਵਿੱਚੋਂ ਸੀਵਰੇਜ ਲਾਇਨਾਂ ਵਿੱਚੋਂ ਪਾਣੀ ਨੂੰ ਮਸ਼ੀਨਾਂ ਨਾਲ ਬਾਹਰ ਸੁੱਟਿਆ।

ਕਮਿਸ਼ਨਰ ਅਦਿੱਤਿਆ ਉਪਲ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸ਼ਹਿਰ ਦੀਆਂ ਪ੍ਰਭਾਵਤ ਕਲੋਨੀਆਂ ਦੇ ਵਸਨੀਕਾਂ ਨੂੰ ਮੁਢਲੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਨਗਰ ਨਿਗਮ ਨਿਰੰਤਰ ਯਤਨਸ਼ੀਲ ਹੈ। ਉਨ੍ਹਾਂ ਦੱਸਿਆ ਕਿ ਸਿਹਤ ਮੰਤਰੀ ਡਾ. ਬਲਬੀਰ ਸਿੰਘ ਤੇ ਵਿਧਾਇਕ ਅਜੀਤਪਾਲ ਸਿੰਘ ਦੀ ਅਗਵਾਈ ਹੇਠ ਪਾਣੀ ਆਉਣ ਕਰਕੇ ਪ੍ਰਭਾਵਤ ਹੋਈਆਂ ਕਲੋਨੀਆਂ ਵਿੱਚ ਸਾਫ਼-ਸਫ਼ਾਈ ਸਮੇਤ ਮੱਛਰਾਂ ਤੋਂ ਬਚਾਅ ਲਈ ਫਾਗਿੰਗ ਤੇ ਐਂਟੀ ਲਾਰਵਾ ਦਵਾਈ ਦੇ ਛਿੜਕਾਅ ਸਮੇਤ ਪੀਣ ਵਾਲਾ ਸਵੱਛ ਪਾਣੀ ਉਪਲਬੱਧ ਕਰਵਾਉਣ ਲਈ ਵੀ ਉਚੇਚੇ ਯਤਨ ਕਰਦਿਆਂ ਪ੍ਰਭਾਵਤ ਇਲਾਕਿਆਂ ਵਿੱਚ ਕਲੋਰੀਨ ਯੁਕਤ ਪੀਣ ਵਾਲੇ ਪਾਣੀ ਦੇ ਟੈਂਕਰ ਵੀ ਭੇਜੇ ਗਏ ਹਨ।
ਸੰਯੁਕਤ ਕਮਿਸ਼ਨਰ ਨਮਨ ਮਾਰਕੰਨ ਨੇ ਦੱਸਿਆ ਕਿ ਨਿਗਮ ਦੀਆਂ ਟੀਮਾਂ ਨੇ ਨਿਊ ਮਹਿੰਦਰਾ ਕਲੋਨੀ, ਪਾਠਕ ਵਿਹਾਰ, ਭੂਤਨਾਥ ਮੰਦਿਰ, ਤੇਜ ਬਾਗ਼, ਮੁਸਲਿਮ ਕਲੋਨੀ, ਪੁਰਾਣਾ ਬਿਸ਼ਨ ਨਗਰ ਦੀ ਗਲੀ ਨੰਬਰ 9 ਵਿੱਚ ਖੜ੍ਹੇ ਪਾਣੀ ਦੀ ਨਿਕਾਸੀ ਕੀਤੀ। ਜਦਕਿ ਸਟੇਟ ਕਾਲਜ ਨੇੜੇ, ਟੈਗੌਰ ਥਇਏਟਰ ਨੇੜੇ ਮਾਡਲ ਟਾਊਨ ਮਥੁਰਾ ਕਲੋਨੀ ਵਿਖੇ ਐਂਟੀ ਲਾਰਵਾ ਦਵਾਈ ਦਾ ਛਿੜਕਾਅ ਕੀਤਾ ਗਿਆ ਅਤੇ ਪ੍ਰੇਮ ਬਾਗ਼ ਪੈਲੇਸ, ਮਹਿੰਦਰਾ ਕਾਲਜ, ਪੋਲੀਟੈਕਨਿਕ ਕਾਲਜ ਤੇ ਸਟੇਟ ਕਾਲਜ ਤੇ ਬਿਕਰਮ ਕਾਲਜ ਵਿਖੇ, ਜਿੱਥੇ ਰਾਹਤ ਕੈਂਪ ਬਣਾਏ ਗਏ ਹਨ, ਵਿਖੇ ਫਾਗਿੰਗ ਕਰਵਾਈ ਗਈ।
ਉਨ੍ਹਾਂ ਅੱਗੇ ਦੱਸਿਆ ਕਿ ਇਸੇ ਦੌਰਾਨ ਗੋਪਾਲ ਕਲੋਨੀ, ਛੋਟਾ ਅਰਾਈਮਾਜਰਾ, ਹੀਰਾ ਬਾਗ਼ ਤੇ ਰਿਸ਼ੀ ਕਲੋਨੀ ਵਿਖੇ ਜੈਟਸੱਕ ਮਸ਼ੀਨ ਤੇ ਇੰਜਣ ਲਗਾਕੇ ਪਾਣੀ ਨੂੰ ਸੀਵਰੇਜ ਲਾਇਨਾਂ ਵਿੱਚੋਂ ਬਾਹਰ ਸੁੱਟਿਆ ਗਿਆ। ਇਸ ਤੋਂ ਬਿਨ੍ਹਾਂ ਪਾਣੀ ਤੋਂ ਪ੍ਰਭਾਵਤ ਇਨ੍ਹਾਂ ਕਲੋਨੀਆਂ ਵਿੱਚ ਨਿਗਮ ਦੇ ਸਫ਼ਾਈ ਸੇਵਕਾਂ ਨੇ ਸਫ਼ਾਈ ਮੁਹਿੰਮ ਚਲਾ ਕੇ ਚੰਗੀ ਤਰ੍ਹਾਂ ਸਫ਼ਾਈ ਵੀ ਕੀਤੀ।
ਕਮਿਸ਼ਨਰ ਅਦਿੱਤਿਆ ਉਪਲ ਨੇ ਦੱਸਿਆ ਕਿ ਨਗਰ ਨਿਗਮ ਵੱਲੋਂ ਰੋਜ਼ਾਨਾ ਪਟਿਆਲਾ ਸ਼ਹਿਰੀ ਦੇ ਦਿਹਾਤੀ ਹਲਕਿਆਂ ਦੀਆਂ ਦੋ ਸਲੰਮ ਕਲੋਨੀਆਂ ਵਿੱਚ ਪੀਣ ਵਾਲੇ ਪਾਣੀ ਦੇ ਸੈਂਪਲ ਭਰੇ ਜਾ ਰਹੇ ਹਨ ਤਾਂ ਕਿ ਲੋਕਾਂ ਨੂੰ ਦੂਸ਼ਿਤ ਪਾਣੀ ਪੀਣ ਨਾਲ ਕੋਈ ਬਿਮਾਰੀਆਂ ਨਾ ਹੋਣ। ਉਨ੍ਹਾਂ ਦੱਸਿਆ ਕਿ ਅੱਜ ਝਿੱਲ ਅਤੇ ਨਿਊ ਮਹਿੰਦਰਾ ਕਲੋਨੀ ਵਿੱਚੋਂ ਪਾਣੀ ਦੇ ਨਮੂਨੇ ਜਾਂਚ ਲਈ ਭਰੇ ਗਏ।

ਆਪ’ ਸਰਕਾਰ ਦੀ ਲਾਪਰਵਾਹੀ ਨੇ ਕੁਦਰਤੀ ਆਫ਼ਤ ਨੂੰ ਹੋਰ ਵਧਾਇਆ : ਸੁਨੀਲ ਜਾਖੜ

ਕਿਸਾਨਾਂ ਲਈ ਬਿਨਾਂ ਗਿਰਦਾਵਰੀ 20,000 ਰੁਪਏ ਪ੍ਰਤੀ ਏਕੜ ਤੁਰੰਤ ਮੁਆਵਜ਼ਾ ਮੰਗਿਆI

ਚੰਡੀਗੜ੍ਹ, 12 ਜੁਲਾਈ ( ) : ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੇ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ‘ਤੇ ਦੋਸ਼ ਲਾਇਆ ਹੈ ਕਿ ਸਰਕਾਰ ਦੀ ਲਾਪਰਵਾਹੀ ਨੇ ਭਾਰੀ ਮੀਂਹ ਦੀ ਕੁਦਰਤੀ ਆਫਤ ਨੂੰ ਹੋਰ ਵਧਾ ਦਿੱਤਾ ਹੈ। ਇਹ ਭਗਵੰਤ ਮਾਨ ਸਰਕਾਰ ਦੀ ਘੋਰ ਅਣਗਹਿਲੀ ਅਤੇ ਅਯੋਗਤਾ ਸੀ, ਜਿਸ ਕਾਰਨ ਪੰਜਾਬ ਦੇ ਲੋਕਾਂ ਨੂੰ ਜਾਨੀ-ਮਾਲੀ ਨੁਕਸਾਨ ਝੱਲਣਾ ਪਿਆ ਹੈ।

ਸੁਨੀਲ ਜਾਖੜ ਨੇ ਇੱਥੇ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ਮੌਸਮ ਵਿਭਾਗ ਵੱਲੋਂ ਪੰਜਾਬ ਵਿੱਚ ਭਾਰੀ ਮੀਂਹ ਪੈਣ ਲਈ ਕਦੇ ਓਰੇਂਜ,ਕਦੇ ਯੈੱਲੋ ਅਤੇ ਅੰਤ ਵਿੱਚ ਰੈੱਡ ਅਲਰਟ ਜਾਰੀ ਕੀਤਾ ਗਿਆ ਸੀ ਪਰ ਮੁੱਖ ਮੰਤਰੀ ਨੇ ਇਸ ਅਲਰਟ ਵੱਲ ਅੱਖਾਂ ਮੀਚ ਲਈਆਂ। ਅਲਰਟ ਦੇ ਬਾਵਜੂਦ ਮੁੱਖ ਮੰਤਰੀ ਨੇ ਕੋਈ ਅਗਾਊਂ ਪ੍ਰਬੰਧ ਕਰਨ ਲਈ ਮੀਟਿੰਗ ਤੱਕ ਨਹੀਂ ਬੁਲਾਈ। ਜਦੋਂ ਪੰਜਾਬ ਵਿੱਚ ਪਾਣੀ ਭਰਿਆ ਹੋਇਆ ਸੀ ਤਾਂ ਸਰਕਾਰ ਵਿੱਚ ਮੁੱਖ ਸਕੱਤਰ ਨੇ ਇੱਕ ਉੱਚ ਪੱਧਰੀ ਮੀਟਿੰਗ ਬੁਲਾਈ ਸੀ।

 

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੀ 3 ਕਰੋੜ ਪੰਜਾਬੀਆਂ ਪ੍ਰਤੀ ਵੀ ਜ਼ਿੰਮੇਵਾਰੀ ਬਣਦੀ ਹੈ ਜਿਨ੍ਹਾਂ ਨੇ ਉਨ੍ਹਾਂ ਨੂੰ ਭਾਰੀ ਬਹੁਮਤ ਨਾਲ ਮੁੱਖ ਮੰਤਰੀ ਬਣਾਇਆ ਹੈ। ਪਰ ਅਫਸੋਸ ਦੀ ਗੱਲ ਹੈ ਕਿ ਭਗਵੰਤ ਮਾਨ ਆਪਣੀ ਜਿੰਮੇਵਾਰੀ ਨੂੰ ਭੁੱਲ ਗਏ।

ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ‘ਚ ਲੋਕ ਤਰਾਹ-ਤਰਾਹ ਕਰ ਰਹੇ ਹਨ ਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਮੋਹਾਲੀ, ਡੇਰਾਬੱਸੀ ਦੇ ਆਲੇ-ਦੁਆਲੇ ਪਾਣੀ ‘ਚ ਫਸੇ ਲੋਕਾਂ ਕੋਲ ਜਾਣ ਦੀ ਬਜਾਏ ਪੰਚਕੂਲਾ ‘ਚ ਆਪਣੀ ਪਾਰਟੀ ਦੇ ਪ੍ਰੋਗਰਾਮ ‘ਚ ਜਾਣ ਨੂੰ ਤਰਜੀਹ ਦਿੱਤੀ। ਉਹ ਹਰਿਆਣਾ ਵਿੱਚ ਵੋਟਾਂ ਮੰਗਣ ਦੇ ਕੰਮ ਵਿੱਚ ਲੱਗੇ ਹੋਏ ਸਨ।

ਸੁਨੀਲ ਜਾਖੜ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਸੂਬੇ ਦੇ ਕਿਸਾਨਾਂ ਨੂੰ ਉਨ੍ਹਾਂ ਦੀਆਂ ਖਰਾਬ ਹੋਈਆਂ ਫਸਲਾਂ ਦਾ 20,000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਤੁਰੰਤ ਮੁਆਵਜ਼ਾ ਦਿੱਤਾ ਜਾਵੇ ਅਤੇ ਉਨ੍ਹਾਂ ਨੂੰ ਗਿਰਦਾਵਰੀ ਦਾ ਇੰਤਜ਼ਾਰ ਨਾ ਕੀਤਾ ਜਾਵੇ।