ਮੁਲਜ਼ਮ ਰਾਤੋ-ਰਾਤ ਅਮੀਰ ਬਣਨਾ ਚਾਹੁੰਦੇ ਸਨ, ਤਾਂਤਰਿਕ ਨੇ ‘ਮਨੁੱਖੀ ਬਲੀਦਾਨ’ ਕਰਨ ਲਈ ਉਕਸਾਇਆ: ਆਈ.ਜੀ.ਪੀ.ਗੁਰਪ੍ਰੀਤ ਭੁੱਲਰ


– ਪੀੜਤ ਖਤਰੇ ਤੋਂ ਬਾਹਰ, ਪੀ.ਜੀ.ਆਈ. ਵਿੱਚ ਜ਼ੇਰੇ ਇਲਾਜ: ਐੱਸ.ਐੱਸ.ਪੀ. ਰਵਜੋਤ ਗਰੇਵਾਲ

ਚੰਡੀਗੜ੍ਹ/ਫ਼ਤਿਹਗੜ੍ਹ ਸਾਹਿਬ, 20 ਅਪ੍ਰੈਲ:

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੰਜਾਬ ਨੂੰ ਅਪਰਾਧ ਮੁਕਤ ਸੂਬਾ ਬਣਾਉਣ ਲਈ ਵਚਨਬੱਧਤਾ ਨੂੰ ਦੁਹਰਾਉਂਦਿਆਂ ਪੰਜਾਬ ਪੁਲਿਸ ਨੇ ਅੱਜ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਇੱਕ ਅਧਖੜ ਉਮਰ ਦੀ ਮਹਿਲਾ ਦੇ ‘ਮਨੁੱਖੀ ਬਲੀਦਾਨ’ ਦੀ ਕੋਸ਼ਿਸ਼ ਸਬੰਧੀ ਸਨਸਨੀਖੇਜ਼ ਮਾਮਲੇ ਨੂੰ ਸੁਲਝਾ ਲਿਆ। ਉਕਤ ਦੋਸ਼ੀਆਂ ਵੱਲੋਂ ਅਮੀਰ ਬਣਨ ਦੀ ਇੱਛਾ ਰੱਖਦਿਆਂ ਜਾਦੂ-ਟੂਣੇ ਦੇ ਹਿੱਸੇ ਵਜੋਂ ਪੀੜਤ ਮਹਿਲਾ ਦਾ ਕਤਲ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ।
ਰੋਪੜ ਰੇਂਜ ਦੇ ਇੰਸਪੈਕਟਰ ਜਨਰਲ ਆਫ਼ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਫੜੇ ਗਏ ਦੋਵੇਂ ਮੁਲਜ਼ਮਾਂ ਦੀ ਪਛਾਣ ਕੁਲਦੀਪ ਸਿੰਘ ਉਰਫ ਕੀਪਾ ਅਤੇ ਜਸਵੀਰ ਸਿੰਘ ਉਰਫ ਜੱਸੀ, ਦੋਵੇਂ ਵਾਸੀ ਪਿੰਡ ਫਿਰੋਜ਼ਪੁਰ, ਫ਼ਤਹਿਗੜ੍ਹ ਸਾਹਿਬ ਵਜੋਂ ਹੋਈ ਹੈ। ਪੁਲੀਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਜੁਰਮ ਵਿੱਚ ਵਰਤਿਆ ਇੱਕ ਹੀਰੋ ਡੀਲਕਸ ਮੋਟਰਸਾਈਕਲ (ਪੀਬੀ 52ਬੀ 2187) ਅਤੇ ਦਾਤਰੀ ਵੀ ਬਰਾਮਦ ਕੀਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਫਰੌਰ ਦੀ ਇੱਕ 50 ਸਾਲਾ ਮਹਿਲਾ ਬਲਵੀਰ ਕੌਰ ਬੁੱਧਵਾਰ ਸਵੇਰੇ ਪਿੰਡ ਫਿਰੋਜ਼ਪੁਰ ਵਿਖੇ ਨਹਿਰ ਦੇ ਨੇੜੇ ਖੇਤਾਂ ਵਿੱਚ ਬੁਰੀ ਤਰ੍ਹਾਂ ਜ਼ਖ਼ਮੀ ਹਾਲਤ ਵਿੱਚ ਪਈ ਮਿਲੀ ਸੀ। ਪੀੜਤਾ ਹੁਣ ਖਤਰੇ ਤੋਂ ਬਾਹਰ ਹੈ ਅਤੇ ਉਹ ਪੀ.ਜੀ.ਆਈ. ਚੰਡੀਗੜ੍ਹ ਵਿਖੇ ਜ਼ੇਰੇ ਇਲਾਜ ਹੈ।
ਪ੍ਰੈੱਸ ਨੂੰ ਸੰਬੋਧਨ ਕਰਦਿਆ ਆਈ.ਜੀ.ਪੀ. ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਦੋਵੇਂ ਦੋਸ਼ੀ ਸਰਕਸ ਦੇ ਕਲਾਕਾਰ ਸਨ ਅਤੇ ਵੱਖ-ਵੱਖ ਪਿੰਡਾਂ ‘ਚ ਜਾ ਕੇ ਸਾਈਕਲ ਸ਼ੋਅ ਕਰਦੇ ਸਨ। ਉਨ੍ਹਾਂ ਦੱਸਿਆ ਕਿ ਮੁਲਜ਼ਮ ਕੀਪਾ ਅਤੇ ਜੱਸੀ ਦੀ ਮੁਲਾਕਾਤ ਬਲਵੀਰ ਕੌਰ ਨਾਲ ਉਸ ਦੇ ਲੜਕੇ ਧਰਮਪ੍ਰੀਤ ਰਾਹੀਂ ਹੋਈ ਸੀ, ਜਿਸ ਦੀ ਕਰੀਬ ਅੱਠ ਮਹੀਨੇ ਪਹਿਲਾਂ ਪਿੰਡ ਫਰੌਰ ਵਿਖੇ ਸ਼ੋਅ ਦੌਰਾਨ ਇਨ੍ਹਾਂ ਨਾਲ ਦੋਸਤੀ ਹੋਈ ਸੀ।
ਮੁੱਢਲੀ ਤਫ਼ਤੀਸ਼ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਫਤਹਿਗੜ੍ਹ ਸਾਹਿਬ ਡਾ. ਰਵਜੋਤ ਕੌਰ ਗਰੇਵਾਲ ਨੇ ਦੱਸਿਆ ਕਿ ਦੋਵੇਂ ਮੁਲਜ਼ਮ ਅਮੀਰ ਬਣਨ ਦੇ ਇੱਛੁਕ ਸਨ ਅਤੇ ਇੱਕ ‘ਤਾਂਤਰਿਕ’ ਦੇ ਸੰਪਰਕ ਵਿੱਚ ਆਏ, ਜਿਸ ਨੇ ਉਨ੍ਹਾਂ ਨੂੰ ਇੱਕ ਔਰਤ ਦਾ ‘ਮਨੁੱਖੀ ਬਲੀਦਾਨ’ ਕਰਨ ਲਈ ਉਕਸਾਇਆ।
ਉਹਨਾਂ ਨੇ ਦੱਸਿਆ ਕਿ ਮੁਲਜ਼ਮ ਕੀਪਾ ਅਤੇ ਜੱਸੀ ਨੇ ਮੰਗਲਵਾਰ ਨੂੰ ਬਲਵੀਰ ਕੌਰ ਨੂੰ ਤਾਂਤਰਿਕ ਕੋਲ ਮੱਥਾ ਟੇਕਣ ਦੇ ਬਹਾਨੇ ਬੁਲਾਇਆ ਅਤੇ ਉਸ ਦਾ ਕਤਲ ਕਰਨ ਲਈ ਉਸ ਨੂੰ ਪਿੰਡ ਫਿਰੋਜ਼ਪੁਰ ਦੀ ਇਕ ਸੁੰਨਸਾਨ ਜਗ੍ਹਾ ‘ਤੇ ਲੈ ਗਏ, ਜਿੱਥੇ ਉਨ੍ਹਾਂ ਨੇ ਦਾਤਰੀ ਨਾਲ ਮਹਿਲਾ ‘ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਦੀ ਗਰਦਨ ਅਤੇ ਸਰੀਰ ਦੇ ਹੋਰ ਅੰਗਾਂ ‘ਤੇ ਗੰਭੀਰ ਸੱਟਾਂ ਲੱਗੀਆਂ।
ਐਸ.ਐਸ.ਪੀ. ਰਵਜੋਤ ਕੌਰ ਨੇ ਕਿਹਾ ਕਿ ਪਿੰਡ ਵਾਸੀਆਂ ਤੋਂ ਮਿਲੀ ਜਾਣਕਾਰੀ ਉਪਰੰਤ ਪੁਲਿਸ ਨੇ ਤੁਰੰਤ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਅਤੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਦੱਸਣਯੋਗ ਹੈ ਕਿ ਐਫ.ਆਈ.ਆਰ ਨੰ. 38 ਮਿਤੀ 09.04.2023 ਨੂੰ ਭਾਰਤੀ ਦੰਡਾਵਲੀ (ਆਈ.ਪੀ.ਸੀ.) ਦੀ ਧਾਰਾ 307 ਅਤੇ 34 ਤਹਿਤ ਥਾਣਾ ਫ਼ਤਿਹਗੜ੍ਹ ਸਾਹਿਬ ਵਿਖੇ ਮੁੱਕਦਮਾ ਦਰਜ ਕਰ ਲਿਆ ਗਿਆ ਹੈ।