ਸੁਨਾਮ ਊਧਮ ਸਿੰਘ ਵਾਲਾ,5 ਜੂਨ (ਜਗਸੀਰ ਲੌਂਗੋਵਾਲ)- ਮਜ਼ਦੂਰ ਮੁਕਤੀ ਮੋਰਚੇ ਦੀ ਅਗਵਾਈ ਹੇਠ ਪੇਂਡੂ ਔਰਤਾਂ ਨੇ ਇਕ ਪ੍ਰਾਈਵੇਟ ਫਾਇਨਸ ਕੰਪਨੀ ਵੱਲੋਂ ਮਜ਼ਦੂਰ ਔਰਤਾਂ ਦੇ ਖਿਲਾਫ ਝੂਠੀ ਕਾਰਵਾਈ ਕਰਵਾਉਣ ਖਿਲਾਫ਼ ਕੰਪਨੀ ਦੇ ਸੁਨਾਮ ਸਥਿਤ ਦਫਤਰ ਅੱਗੇ ਪੀੜਤ ਔਰਤਾਂ ਨੇ ਧਰਨਾ ਲਗਾ ਕੇ ਡਟਵੀਂ ਨਾਅਰੇਬਾਜ਼ੀ ਕੀਤੀ।

ਇਸ ਬਾਰੇ ਜਾਣਕਾਰੀ ਦਿੰਦਿਆਂ ਮਜ਼ਦੂਰ ਮੁਕਤੀ ਮੋਰਚੇ ਦੇ ਜ਼ਿਲ੍ਹਾ ਆਗੂ ਬਿੱਟੂ ਸਿੰਘ ਖੋਖਰ, ਧਰਮਾ ਸਿੰਘ ਸੁਨਾਮ, ਘਮੰਡ ਸਿੰਘ ਖਾਲਸਾ ਜ਼ਿਲਾ ਸਕੱਤਰ ਤੇ ਮਨਜੀਤ ਕੌਰ ਆਲੋਅਰਖ ਨੇ ਕਿਹਾ ਕਿ ਪਿੰਡ ਸੇਰੋਂ ਅਤੇ ਨਮੋਲ ਦੀਆਂ ਪੀੜਤ ਔਰਤਾਂ ਨੇ ਮਾਮਲੇ ਸਚਾਈ ਸਾਹਮਣੇ ਲਿਆਉਣ ਲਈ ਤਿੰਨ ਮਹੀਨੇ ਪਹਿਲਾਂ ਡੀ ਐਸ਼ ਪੀ ਸੁਨਾਮ ਨੂੰ ਕੰਪਨੀ ਦੇ ਅਧਿਕਾਰੀਆਂ ਖਿਲਾਫ ਦਰਖਾਸਤ ਦਿੱਤੀ ਸੀ ਜਿਸ ਤੇ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ । ਜਿਸ ਕਰਕੇ ਸਾਨੂੰ ਅੱਜ ਧਰਨਾ ਦੇਣ ਲਈ ਮਜਬੂਰ ਹੋਣਾ ਪਿਆ ਹੈ ।

ਆਗੂਆਂ ਨੇ ਕਿਹਾ ਕਿ ਭਾਵੇਂ ਅੱਜ ਕੰਪਨੀ ਦੇ ਅਧਿਕਾਰੀ ਆਪਣਾ ਦਫਤਰ ਛੱਡ ਕੇ ਭੱਜਣ ਵਿੱਚ ਸਫਲ ਹੋ ਗਏ ਪਰ ਜੇਕਰ ਸਾਨੂੰ ਜਲਦੀ ਇਨਸਾਫ ਨਾ ਮਿਲਿਆ ਤਾਂ ਆਉਣ ਵਾਲੇ ਸਮੇਂ ਵਿੱਚ ਅਸੀਂ ਤਿੱਖਾ ਸੰਘਰਸ਼ ਕਰਾਂਗੇ । ਇਸ ਮੌਕੇ ਪਾਲ ਕੌਰ ਸੇਰੋਂ, ਚਰਨਜੀਤ ਕੌਰ, ਮਨਜੀਤ ਕੌਰ ਨਮੋਲ, ਕਿੱਕਰ ਸਿੰਘ ਖਾਲਸਾ ਤੇ ਵੱਡੀ ਗਿਣਤੀ ਵਿੱਚ ਔਰਤਾਂ ਮੌਜੂਦ ਸਨ ।