ਮਾਲੇਰਕੋਟਲਾ, 14 ਜੂਨ : (ਭੁਪਿੰਦਰ ਵਾਲੀਆ, ਹਰਿੰਦਰ ਭੋਲਾ )ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ  ਕਿ ਪਿਛਲੀਆਂ ਅਕਾਲੀ ਦਲ ਦੀ ਅਗਵਾਈ ਵਾਲੀਆਂ ਸਰਕਾਰ ਪ੍ਰਕਾਸ਼ ਸਿੰੰਘ ਬਾਦਲ ਸਰਕਾਰਾਂ ਨੇ ਹਮੇਸ਼ਾ ਸ਼ਾਂਤੀ ਤੇ ਫਿਰਕੂ ਸਦਭਾਵਨਾ ਨੁੰ ਸਰਕਾਰੀ ਨੀਤੀ ਦਾ ਮੁੱਖ ਧੁਰਾ ਬਣਾ ਕੇ ਰੱਖਿਆ ਅਤੇ ਇਹੀ ਕਾਰਨ ਹੈ ਕਿ ਪੰਜਾਬ ਵਿਚ ਹਰ ਵਰਗਾਂ ਵਿਚ ਸੰਪੂਰਨ ਸ਼ਾਂਤੀ ਬਣੀ ਰਹੀ ਜਦੋਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੇਲੇ ਧਾਰਮਿਕ ਝੜਪਾਂ ਹੋਈਆਂ ਤੇ ਅਮਨ ਕਾਨੁੰਨ ਵਿਵਸਥਾ ਢਹਿ ਢੇਰੀ ਹੋ ਗਈ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ  ਅਕਾਲੀ ਦਲ ਤੇ ਬਸਪਾ ਗਠਜੋੜ ਤੇ ਸਾਰੀਆਂ ਪੰਥਕ ਧਿਰਾਂ ਦੇ ਸਾਂਝੇ ਉਮੀਦਵਾਰ ਬੀਬਾ ਕਮਲਦੀਪ ਕੌਰ ਰਾਜੋਆਣਾ ਦੇ ਹੱਕ ਵਿਚ ਮੁਹਾਲੀ ਕਲਾਂ, ਨੂਧਾਰਣੀ, ਸ਼ੇਖੂਪੁਰ ਕਲਾਂ, ਝਨੇਰ, ਮਾਲੇਰਕੋਟਲਾ ਵਿਖੇ ਚੋਣ ਜਲਸਿਆਂ ਨੂੰ ਸੰਬੋਧਨ ਕਰ ਰਹੇ ਸਨ।

ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਬੀਬਾ ਰਾਜੋਆਣਾ ਨੂੰ ਬਹੁਤ ਡੂੰਘੀ ਸੋਚ ਵਿਚਾਰ ਤੋਂ ਬਾਅਦ ਉਮੀਦਵਾਰ ਬਣਾਇਆ ਗਿਆ ਹੈ। ਉਹਨਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਅਸੀਂ ਰਾਸ਼ਟਰਪਤੀ ਤੇ ਪ੍ਰਧਾਨ ਨੁੰ ਅਪੀਲ ਕੀਤੀ ਸੀ ਕਿ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਨੋਟੀਫਿਕੇਸ਼ਨ ਜਿਸ ਮੁਤਾਬਕ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੁੰ ਉਮਰ ਕੈਦ ਵਿਚ ਬਦਲਿਆ ਗਿਆ ਤੇ ਹੋਰਨਾਂ ਦੀ ਰਿਹਾਈ ਦਾ ਰਾਹ ਮੋਕਲਾ ਹੋਇਆ, ਉਸ ਮੁਤਾਬਕ ਬੰਦੀ ਸਿੰਘਾਂ ਦੀ ਰਿਹਾਈ ਯਕੀਨੀ ਬਣਾਈ ਜਾਵੇ। ਉਹਨਾਂ ਕਿਹਾ ਕਿ ਜਦੋਂ  ਅਜਿਹਾ ਨਹੀਂ ਹੋਇਆ ਤਾਂ ਸਾਰੀਆਂ ਪੰਥਕ ਧਿਰਾਂ ਨੇ ਰਲ ਕੇ ਬੀਬਾ ਰਾਜੋਆਣਾ ਨੁੰ ਇਸ ਸੀਟ ਤੋਂ ਸਾਂਝਾ ਉਮੀਦਵਾਰ ਬਣਾ ਲਿਆ।

ਸਰਦਾਰ ਬਾਦਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਬੰਦੀ ਸਿੰਘਾਂ ਨੁੰ ਪਰਿਵਾਰਾਂ ਨਾਲ ਮਿਲਾਉਣ ਲਈ ਇਕ ਮੌਕਾ ਦਿੱਤਾ ਜਾਵੇ ਅਤੇ ਕਿਹਾ ਕਿ ਬੀਬਾ ਰਾਜੋਆਦਾ ਦੀ ਚੋਣ ਦਹਾਕਿਆਂ ਤੋਂ ਜੇਲ੍ਹਾਂ ਵਿਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਦਾ ਰਾਹ ਪੱਧਰਾ ਕਰੇਗੀ। ਉਹਨਾਂ ਇਹ ਵੀ ਦੱਸਿਆ ਕਿ ਕਿਵੇਂ ਭਾਈ ਬਲਵੰਤ ਸਿੰਘ ਰਾਜੋਆਣਾ ਬਿਨਾਂ ਪੈਰੋਲ ਤੋਂ 28 ਸਾਲਾਂ ਤੋਂ ਜੇਲ੍ਹ ਵਿਚ ਬੰਦ ਹਨ ਤੇ ਸੁਪਰੀਮ ਕੋਰਟ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ 2012 ਵਿਚ ਦਾਇਰ ਰਹਿਮ ਦੀ ਪਟੀਸ਼ਨ ’ਤੇ ਫੈਸਲਾ ਲੈਣ ਲਈ ਵਾਰ ਵਾਰ ਹਦਾਇਤ ਕਰਨ ਦੇ ਬਾਵਜੂਦ ਹਾਲੇ ਤੱਕ ਇਸ ’ਤੇ ਫੈਸਲਾ ਨਹੀਂ ਲਿਆ ਗਿਆ।

ਉਹਨਾਂ ਨੇ ਆਮ ਆਦਮੀ ਪਾਰਟੀ ਅਤੇ ਦਿੱਲੀ ਦੇ ਮੁੱਖ ਮੰਤਰੀ ਨੂੰ ਵੀ ਕਰੜੇ ਹੱਥੀਂ ਲਿਆ ਤੇ ਦੱਸਿਆ ਕਿ ਕਿਵੇਂ ਸ੍ਰੀ ਅਰਵਿੰਦ ਕੇਜਰੀਵਾਲ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੇ ਹੁਕਮਾਂ ’ਤੇ ਹਸਤਾਖ਼ਰ ਨਹੀਂ ਕਰ ਰਹੇ ਹਾਲਾਂਕਿ ਸੱਤ ਮਹੀਨਿਆਂ ਤੋਂ ਉਹਨਾਂ ਦੀ ਰਿਹਾਈ ਦਾ ਰਾਹ ਪੱਧਰਾ ਹੋ ਚੁੱਕਾ ਹੈ।

ਸਰਦਾਰ ਬਾਦਲ ਨੇ ਆਮ ਆਦਮੀ ਪਾਰਟੀ ਤੇ ਇਸਦੇ ਪੰਜਾਬ ਦੇ ਮੁਖੀ ਸ੍ਰੀ ਭਗਵੰਤ ਮਾਨ ਦੀ ਗੱਲ ਕਰਦਿਆਂ ਕਿਹਾ ਕਿ ਸ੍ਰੀ ਭਗਵੰਤ ਮਾਨ ਲੋਕਾਂ ਦੇ ਰੋਸ ਵਿਖਾਵਿਆਂ ਤੋਂ ਡਰਦੇ ਆਪਣੇ ਪਾਰਲੀਮਾਨੀ ਹਲਕੇ ਵਿਚ  ਨਹੀਂ ਆ ਰਹੇ। ਉਹਨਾਂ ਕਿਹਾ ਕਿ ਪਹਿਲਾਂ ਲੋਕਾਂ ਨੇ ਆਮ ਆਦਮੀ ਪਾਰਟੀ ਨੁੰ ਧੂਰੀ ਵਿਚ ਆਪਣਾ ਚੋਣ ਦਫਤਰ ਨਹੀਂ ਖੋਲ੍ਹਣ ਦਿੱਤਾ। ਉਹਨਾਂ ਕਿਹਾ ਕਿ ਅਜਿਹਾ ਇਸ ਕਰ ਕੇ ਹੋ ਰਿਹਾ ਹੈ ਕਿਉਂਕਿ ਸ੍ਰੀ ਭਗਵੰਤ ਮਾਨ ਨੇ ਆਪਣੇ ਪਾਰਲੀਮਾਨੀ ਹਲਕੇ ਵਾਸਤੇ ਕੱਖ ਨਹੀਂ ਕੀਤਾ। ਉਹਨਾਂ ਕਿਹਾ ਕਿ ਨਵੇਂ ਕੰਮਾਂ ਦੀ ਤਾਂ ਗੱਲ ਹੀ ਛੱਡੋ ਪੁਰਾਣੇ ਕੰਮ ਵੀ ਅੱਧ ਵਿਚਾਲੇ ਰੋਕ ਦਿੱਤੇ ਗਏ।

ਇਸ ਤੋਂ ਅਕਾਲੀ ਦਲ ਦੇ ਪ੍ਰਧਾਨ ਨੇ ਬਾਬਾ ਹੈਦਰ ਸ਼ੇਖ ਦੀ ਦਰਗਾਹ ’ਤੇ ਮੱਥਾ ਟੇਕਿਆ।  ਪੱਤਰਕਾਰਾਂ ਦੇ ਸਵਾਲ ਦੇ ਜਵਾਬ ਵਿਚ ਸਰਦਾਰ ਬਾਦਲ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਕਾਂਗਰਸ ਪਾਰਟੀ ਦੇ ਨਾਲ ਰਲ ਕੇ ਸਿੱਧੂ ਮੂਸੇਵਾਲ ਦੇ ਕਤਲ ਦਾ ਸਿਆਸੀਕਰਨ ਕਰ ਰਹੇ ਹਨ। ਉਹਨਾਂ ਕਿਹਾ ਕਿ ਪੀੜਤ ਪਰਿਵਾਰ ਦੇ ਮਨਾਂ ਨੁੰ ਵੀ ਇਸ ਨਾਲ ਠੇਸ ਪਹੁੰਚੀ ਹੈ। ਉਹਨਾਂ ਕਿਹਾ ਕਿ ਹਰ ਕਿਸੇ ਨੁੰ ਅਜਿਹੇ ਵਰਤਾਰੇ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।

ਇਸ ਮੌਕੇ ਬੀਬਾ ਰਾਜੋਆਦਾ ਨੇ ਹਲਕੇ ਵਿਚ ਵੱਖਰੇ ਤੌਰ ’ਤੇ ਪ੍ਰਚਾਰ ਕੀਤਾ। ਉਹਨਾਂ ਸਪਸ਼ਟ ਕੀਤਾ ਕਿ ਉਹ ਕੋਈ ਵੀ ਸਿਆਸੀ ਆਗੂ ਨਹੀਂ ਹਨ ਤੇ ਉਹ ਸਿਰਫ ਭਾਈ ਰਾਜੋਆਣਾ ਤੇ ਹੋਰ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਚੋਣਾਂ ਵਿਚ ਖੜ੍ਹੇ ਹੋੲੈ ਹਨ ਜੋ ਲੰਬੇ ਸਮੇਂ ਤੋਂ ਜੇਲ੍ਹਾਂ ਵਿਚ ਬੰਦ ਹਨ। ਉਹਨਾ ਕਿਹਾ ਕਿ ਪਹਿਲਾਂ ਖਾਲਸਾ ਪੰਥ ਨੇ 1989 ਵਿਚ ਇਕਜੁੱਟ ਹੋ ਕੇ ਲੋਕ ਸਭਾ ਚੋਣਾਂ ਵਿਚ ਸਰਦਾਰ ਸਿਮਰਨਜੀਤ ਸਿੰਘ ਮਾਨ ਨੁੰ ਚੁਣਿਆ ਸੀ ਤੇ ਉਹਨਾਂ ਦੀ ਰਿਹਾਈ ਦਾ ਰਾਹ ਪੱਧਰਾ ਕੀਤਾ ਸੀ।

ਇਸ ਮੌਕੇ ਹਲਕੇ ਵਿਚ ਇਕਬਾਲ ਸਿੰਘ ਝੂੰਦਾਂ, ਨੁਸਰਤ ਅਲੀ ਖਾਂ ਬੱਗਾ, ਦਰਸ਼ਨ ਸਿੰਘ ਸ਼ਿਵਾਲਿਕ, ਗੁਰਚਰਨ ਸਿੰਘ ਗਰੇਵਾਲ, ਐਸ ਆਰ ਕਲੇਰ, ਵਿਰਸਾ ਸਿੰਘ ਵਲਟੋਹਾ ਤੇ ਕਰਨੈਲ ਸਿੰਘ ਪੀਰਮੁਹੰਮਦ ਤੋਂ ਇਲਾਵਾ ਪਰਮਜੀਦ ਸਿੰਘ ਢਿੱਲੋਂ ਤੇ ਯਾਦਵਿੰਦਰ ਸਿੰਘ ਯਾਦੂ ਨੇ ਵੀ ਬੀਬਾ ਰਾਜੋਆਣਾ ਦੇ ਹੱਕ ਵਿਚ ਪ੍ਰਚਾਰ ਕੀਤਾ।