ਬਲਜੀਤ ਸ਼ਰਮਾ ਦੇ ਤਰੰਨਮ ਵਿੱਚ ਗਾਏ ਖ਼ੂਬਸੂਰਤ ਗੀਤਾਂ ਨੇ ਸਰੋਤਿਆਂ ਨੂੰ ਝੂਮਣ ਲਾਇਆ
ਭਾਰਤ ਸਰਕਾਰ ਤੋਂ ਸ਼ਹੀਦ ਭਗਤ ਸਿੰਘ ਨੂੰ ਸ਼ਹੀਦ ਦਾ ਰੁਤਬਾ ਦੇਣ ਦੀਕੀਤੀ ਮੰਗ
ਕਮਲੇਸ਼ ਗੋਇਲ ਖਨੌਰੀ
ਖਨੌਰੀ 25 ਜੁਲਾਈ – ਮਾਲਵਾ ਲਿਖਾਰੀ ਸਭਾ ਸੰਗਰੂਰ (ਰਜਿ:) ਵੱਲੋਂ ਸੁਤੰਤਰ ਭਵਨ ਸੰਗਰੂਰ ਵਿਖੇ ਪੰਜਾਬੀ ਸਾਹਿਤ ਅਤੇ ਕਲਾ ਦੇ ਸੁਮੇਲ ਸ੍ਰੀਮਤੀ ਬਲਜੀਤ ਸ਼ਰਮਾ ਨਾਲ ਸ਼ਾਨਦਾਰ ਰੂ-ਬ-ਰੂ ਸਮਾਗਮ ਰਚਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ‘ਵਿਰਸੇ ਦਾ ਵਾਰਸ’ ਪੁਰਸਕਾਰ ਪ੍ਰਾਪਤ ਉੱਘੇ ਸਾਹਿਤਕਾਰ ਸ੍ਰੀ ਜਸਵੀਰ ਸ਼ਰਮਾ ਦੱਦਾਹੂਰ ਨੇ ਕੀਤੀ ਅਤੇ ਉਨ੍ਹਾਂ ਦੇ ਨਾਲ ਪ੍ਰਧਾਨਗੀ ਮੰਡਲ ਵਿੱਚ ਡਾ. ਮੀਤ ਖਟੜਾ ਅਤੇ ਸ੍ਰੀਮਤੀ ਪਰਮਜੀਤ ਕੌਰ ਸ਼ਾਮਲ ਹੋਏ। ਆਪਣੇ ਜੀਵਨ ਅਤੇ ਕਲਾਤਮਿਕ ਸਰਗਰਮੀਆਂ ਸਬੰਧੀ ਯਾਦਾਂ ਸਾਂਝੀਆਂ ਕਰਦਿਆਂ ਸ੍ਰੀਮਤੀ ਬਲਜੀਤ ਸ਼ਰਮਾ ਨੇ ਕਿਹਾ ਕਿ ਪੰਜਾਬ , ਪੰਜਾਬੀ ਅਤੇ ਪੰਜਾਬੀਅਤ ਦੀ ਪ੍ਰਫ਼ੁੱਲਤਾ ਉਨ੍ਹਾਂ ਦੇ ਜੀਵਨ ਦਾ ਮੁੱਖ ਉਦੇਸ਼ ਹੈ। ਲੋਕ-ਗੀਤਾਂ ’ਤੇ ਪੀ. ਐੱਚ. ਡੀ. ਕਰ ਰਹੇ ਧੀ ਪੰਜਾਬਣ ਮੰਚ (ਰਜਿ:) ਦੇ ਪ੍ਰਧਾਨ ਸ੍ਰੀਮਤੀ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਸਮਾਜਿਕ ਤਾਣੇ-ਬਾਣੇ ਵਿੱਚ ਧੀਆਂ ਨੂੰ ਬਣਦਾ ਮਾਨ – ਸਨਮਾਨ ਦਿਵਾਉਣ ਲਈ ਯਤਨਸ਼ੀਲ ਹੈ। ਉਨ੍ਹਾਂ ਨੇ ਆਪਣੇ ਲਿਖੇ ਅਤੇ ਰਿਕਾਰਡ ਕਰਵਾਏ ਕੁੱਝ ਚੋਣਵੇਂ ਖ਼ੂਬਸੂਰਤ ਗੀਤ ਤਰੰਨਮ ਵਿੱਚ ਗਾ ਕੇ ਸਰੋਤਿਆਂ ਨੂੰ ਝੂਮਣ ਲਾ ਦਿੱਤਾ। ਸਾਹਿਤਕਾਰਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਵੀ ਉਨ੍ਹਾਂ ਨੇ ਬੜੇ ਠਰ੍ਹਮੇ ਅਤੇ ਤਸੱਲੀਬਖ਼ਸ਼ ਢੰਗ ਨਾਲ ਦਿੱਤੇ। ਇਸ ਮੌਕੇ ਪੰਜਾਬੀ ਭਾਸ਼ਾ, ਸਾਹਿਤ ਅਤੇ ਕਲਾ ਦੀ ਪ੍ਰਫ਼ੁੱਲਤਾ ਲਈ ਪਾਏ ਵਡਮੁੱਲੇ ਯੋਗਦਾਨ ਲਈ ਉਨ੍ਹਾਂ ਨੂੰ ਸਭਾ ਵੱਲੋਂ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੂੰ ਦਿੱਤਾ ਜਾਣ ਵਾਲਾ ਸਨਮਾਨ – ਪੱਤਰ ਸ੍ਰੀਮਤੀ ਪਰਮਜੀਤ ਕੌਰ ਨੇ ਪੜ੍ਹਿਆ। ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਬੋਲਦਿਆਂ ਸ੍ਰੀ ਜਸਵੀਰ ਸ਼ਰਮਾ ਦੱਦਾਹੂਰ ਨੇ ਸਮਾਗਮ ਦੀ ਭਰਪੂਰ ਪ੍ਰਸ਼ੰਸਾ ਕਰਦਿਆਂ ਮਾਲਵਾ ਲਿਖਾਰੀ ਸਭਾ ਸੰਗਰੂਰ ਦੀਆਂ ਸਾਹਿਤਕ ਸਰਗਰਮੀਆਂ ’ਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਡਾ. ਮੀਤ ਖਟੜਾ ਨੇ ਕਿਹਾ ਕਿ ਪੰਜਾਬੀ ਸਾਹਿਤ ਅਤੇ ਕਲਾ ਦੇ ਖੇਤਰ ਵਿੱਚ ਬਲਜੀਤ ਸ਼ਰਮਾ ਵੱਲੋਂ ਪਾਇਆ ਗਿਆ ਯੋਗਦਾਨ ਬੇਹੱਦ ਮਹੱਤਵਪੂਰਨ ਅਤੇ ਜ਼ਿਕਰਯੋਗ ਹੈ। ਸਮਾਗਮ ਦੇ ਆਰੰਭ ਵਿੱਚ ਸਰਬਸੰਮਤੀ ਨਾਲ ਪਾਸ ਕੀਤੇ ਗਏ ਇੱਕ ਮਤੇ ਵਿੱਚ ਭਾਰਤ ਸਰਕਾਰ ਤੋਂ ਦੇਸ਼ ਦੀ ਆਜ਼ਾਦੀ ਲਈ ਜਾਨਾਂ ਕੁਰਬਾਨ ਕਰਨ ਵਾਲੇ ਸ਼ਹੀਦ ਭਗਤ ਸਿੰਘ , ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਸ਼ਹੀਦ ਊਧਮ ਸਿੰਘ ਆਦਿ ਇਨਕਲਾਬੀਆਂ ਨੂੰ ਕਾਨੂੰਨੀ ਰੂਪ ਵਿੱਚ ਸ਼ਹੀਦ ਦਾ ਰੁਤਬਾ ਦੇਣ ਦੀ ਮੰਗ ਕੀਤੀ ਗਈ ਤਾਂ ਕਿ ਕੋਈ ਉਨ੍ਹਾਂ ਨੂੰ ਅੱਤਵਾਦੀ ਕਹਿਣ ਦੀ ਹਿੰਮਤ ਨਾ ਕਰ ਸਕੇ। ਪਾਸ ਕੀਤੇ ਗਏ ਇੱਕ ਹੋਰ ਮਤੇ ਵਿੱਚ ਸਭਾ ਵਿਰੋਧੀ ਕਾਰਵਾਈਆਂ ਕਰਨ ਕਰਕੇ ਸਭਾ ਦੇ ਸਰਪ੍ਰਸਤ ਪ੍ਰੋ. ਨਰਿੰਦਰ ਸਿੰਘ ਦੀ ਮੁੱਢਲੀ ਮੈਂਬਰਸ਼ਿੱਪ ਰੱਦ ਕਰ ਦਿੱਤੀ ਗਈ। ਪਿਛਲੇ ਦਿਨੀਂ ਵਿੱਛੜ ਚੁੱਕੇ ਸਾਹਿਤਕਾਰ ਸ੍ਰੀ ਕੁੰਦਨ ਲਾਲ ਬੱਧਨ , ਸ੍ਰੀਮਤੀ ਮਹਿੰਦਰ ਕੌਰ ਜੌਹਲ ਅਤੇ ਫਿਲਮੀ ਗੀਤਕਾਰ ਭੁਪਿੰਦਰ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।
ਉਪਰੰਤ ਸ੍ਰੀਮਤੀ ਗਗਨਪ੍ਰੀਤ ਕੌਰ ਸੱਪਲ ਦੀ ਇਨਕਲਾਬੀ ਕਵਿਤਾ ਨਾਲ ਸ਼ੁਰੂ ਹੋਏ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਵਿਸ਼ਾਲ ਕਵੀ ਦਰਬਾਰ ਵਿੱਚ ਡਾ. ਪਰਮਜੀਤ ਸਿੰਘ ਦਰਦੀ, ਮੂਲ ਚੰਦ ਸ਼ਰਮਾ, ਸੁਖਵਿੰਦਰ ਸਿੰਘ ਲੋਟੇ , ਕ੍ਰਿਪਾਲ ਸਿੰਘ ਮੂਣਕ , ਦੇਸ਼ ਭੂਸ਼ਨ , ਅਮਰਜੀਤ ਸਿੰਘ ਅਮਨ , ਲਾਭ ਸਿੰਘ ਝੱਮਟ, ਰਜਿੰਦਰ ਸਿੰਘ ਰਾਜਨ, ਕਰਮ ਸਿੰਘ ਜ਼ਖ਼ਮੀ, ਜਸਪਾਲ ਸਿੰਘ ਸੰਧੂ , ਯੁਵਰਾਜ ਅਲੀ ਬਰਿਆਹ, ਰਣਜੀਤ ਬਰਿਆਹ, ਪੂਜਾ ਪੁੰਡਰਕ , ਜਗਜੀਤ ਸਿੰਘ ਤਾਜ, ਸੰਦੀਪ ਸੋਖਲ , ਧਰਮਵੀਰ ਸਿੰਘ , ਰਮੇਸ਼ਵਰ ਸਿੰਘ , ਸਰਬਜੀਤ ਸਿੰਘ ਨਮੋਲ, ਕਲਵੰਤ ਕਸਕ, ਆਰ. ਐੱਮ. ਸ਼ਰਮਾ, ਲਵਲੀ ਬਡਰੁੱਖਾਂ, ਜੀਤ ਹਰਜੀਤ, ਗੁਰਮੀਤ ਸਿੰਘ ਸੋਹੀ, ਬਬਲੂ , ਅਮਨਦੀਪ, ਜਸਵਿੰਦਰ ਸਿੰਘ ਜੌਲੀ, ਚਰਨਜੀਤ ਸਿੰਘ ਮੀਮਸਾ, ਰਾਮ ਕੁਮਾਰ ਸੰਗਰੂਰ, ਜਲ ਸਿੰਘ ਮੱਟਰਾਂ, ਭੁਪਿੰਦਰ ਨਾਗਪਾਲ , ਨਿਰਮਲ ਸਿੰਘ ਬਟੜਿਆਣਾ, ਪੇਂਟਰ ਸੁਖਦੇਵ ਧੂਰੀ , ਸਤਪਾਲ ਸਿੰਘ ਲੌਂਗੋਵਾਲ , ਨਿਰਮਲ ਸਿੰਘ ਕਾਹਲੋਂ , ਮਨਜੀਤ ਸਿੰਘ ਗਿੱਲ , ਪਰਮਜੀਤ ਪੱਪੂ , ਜਗਤਾਰ ਸਿੰਘ ਸਿੱਧੂ , ਨਵਜੀਤ ਸਿੰਘ, ਜਗਤਾਰ ਸਿੰਘ , ਗੋਬਿੰਦ ਸਿੰਘ ਤੂਰਬਨਜਾਰਾ, ਜੀਵਨ ਸਿੰਘ , ਮੀਤ ਸਕਰੌਦੀ, ਹਰਜੀਤ ਸਿੰਘ ਢੀਂਗਰਾ, ਜਰਨੈਲ ਸਿੰਘ ਸੱਗੂ, ਰਵਿੰਦਰ ਗੁਪਤਾ ਸਵਾਮੀ , ਸੁਖਵਿੰਦਰ ਸਿੰਘ ਫੁੱਲ ਅਤੇ ਮਹਿੰਦਰ ਜੀਤ ਸਿੰਘ ਆਦਿ ਕਵੀਆਂ ਨੇ ਹਿੱਸਾ ਲਿਆ। ਅੰਤ ਵਿੱਚ ਕਰਮ ਸਿੰਘ ਜ਼ਖ਼ਮੀ ਨੇ ਸਾਰੇ ਆਏ ਸਾਹਿਤਕਾਰਾਂ ਲਈ ਧੰਨਵਾਦੀ ਸ਼ਬਦ ਕਹੇ ਅਤੇ ਮੰਚ ਸੰਚਾਲਨ ਦੀ ਭੂਮਿਕਾ ਰਜਿੰਦਰ ਸਿੰਘ ਰਾਜਨ ਨੇ ਨਿਭਾਈ।