ਪੱਤਰਕਾਰ ਜਾਊ ਜੇਲ੍ਹ, ਝੂਠੀ ਜਾਣਕਾਰੀ ਦੇ ਕੇ ਬਣਾਇਆ  ਪ੍ਰੈਸ ਕਾਰਡ
ਸੰਗਰੂਰ, 29 ਜੁਲਾਈ (ਸੁਖਵਿੰਦਰ ਸਿੰਘ ਬਾਵਾ)-
ਝੂਠੇ ਦਸਤਾਵੇਜਾਂ ਦੇ ਸਹਾਰੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਕਾਰਡ ਲੈਣ ਵਾਲਾ ਸੰਗਰੂਰ ਜਿਲ੍ਹੇ ਦੇ ਇਕ ਪੱਤਰਕਾਰ ਤੇ ਸਰਕਾਰੀ ਏਜੰਸੀਆਂ ਨੇ ਕਾਰਵਾਈ ਕਰਨ ਲਈ ਪੜਤਾਲ ਸ਼ੁਰੂ ਕਰ ਦਿੱਤੀ ਹੈ ਅਤੇ ਉਹ ਦਿਨ ਦੂਰ ਨਹੀਂ ਹੋਵੇਗਾ ਜਿਸ ਦਿਨ ਇਹ ਮਾਨਤਾ ਪ੍ਰਾਪਤ ਪੱਤਰਕਾਰ ਜੇਲ੍ਹ ਦੀਆਂ ਸਿਲਾਖਾਂ ਮਗਰ ਹੋਵੇਗਾ ਅਤੇ ਆਪ ਹੀ ਅਖਬਾਰਾਂ ਅਤੇ ਮੀਡੀਆਂ ਦੀਆਂ ਸਰਖੀਆਂ ਬਣੇਗਾ।

ਰਾਜਸੀ ਨੇਤਾਵਾਂ, ਭ੍ਰਿਸ਼ਟਾਚਾਰੀ ਅਧਿਕਾਰੀਆਂ ਅਤੇ ਆਮ ਲੋਕਾਂ ਤੋਂ ਬਾਅਦ ਹੁਣ ਪੰਜਾਬ ਵਿਚ ਕੰਮ ਕਰਦੇ ਸਰਕਾਰੀ ਮਾਨਤਾ ਪ੍ਰਾਪਤ ਪੱਤਰਕਾਰ ਸਰਕਾਰ ਦੇ ਨਿਸ਼ਾਨੇ ਤੇ ਆ ਗਏ ਹਨ। ਫੀਲਡ ਵਿਚ ਕੰਮ ਕਰਦੇ ਪੱਤਰਕਾਰਾਂ ਨੂੰ ਭਾਵੇਂ ਪੰਜਾਬ ਸਰਕਾਰ ਹਰ ਸਾਲ ਵੱਖ ਵੱਖ ਕੈਟਾਗਿਰੀਆਂ ਵਿਚ ਸਰਕਾਰੀ ਮਾਨਤਾ ਪ੍ਰਾਪਤ ਕਾਰਡ ਜਾਰੀ ਕਰ ਰਹੀ ਹੈ ਪ੍ਰੰਤੂ ਫੀਲਡ ਵਿਚ ਕੰਮ ਕਰਕੇ ਬਹੁਤੇ ਪੱਤਰਕਾਰਾਂ ਦੀ ਹਮੇਸ਼ਾ ਪੰਜਾਬ ਸਰਕਾਰ ਅਤੇ ਜਿਲ੍ਹਾ ਲੋਕ ਸੰਪਰਕ ਅਧਿਕਾਰੀ ਪ੍ਰਤੀ ਨਿਰਾਜ਼ਗੀ ਰਹਿੰਦੀ ਹੈ ਕਿ ਉਹਨਾਂ ਨੂੰ ਪੀਲੇ ਕਾਰਡ ਯਾਨੀ ਸਰਕਾਰੀ ਮਾਨਤਾ ਪ੍ਰਾਪਤ ਕਾਰਡ ਜਾਰੀ ਨਹੀਂ ਕਰਦਾ।

ਪ੍ਰੰਤੂ ਸੂਬੇ ਵਿਚਲੀ ਭਗਵੰਤ ਮਾਨ ਸਰਕਾਰ ਨੇ ਜਿਥੇ ਅਖਬਾਰਾਂ ਅਤੇ ਚੈਨਲਾਂ ਦੇ ਗਿਣਤੀ ਦੇ ਪੱਤਰਕਾਰਾਂ ਨੂੰ ਮਾਨਤਾ ਦਿੱਤੀ ਹੈ ਉਥੇ ਹੀ ਜਿਨ੍ਹਾ ਪੱਤਰਕਾਰਾਂ ਨੂੰ ਪਿਛਲੇ ਕਾਫੀ ਸਾਲਾਂ ਤਤਕਾਲ ਸਰਕਾਰਾਂ ਤੋਂ ਮਾਨਤਾ ਮਿਲੀ ਹੋਈ ਹੈ ਉਹਨਾ ਪੱਤਰਕਾਰਾਂ ਦੀਆਂ ਫਾਇਲਾਂ ਫੋਰਲਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।

ਪੰਜਾਬ ਵਿਚ ਭਗਵੰਤ ਮਾਨ ਦੀ ਸਰਕਾਰ ਆਉਣ ਨਾਲ ਜਿਥੇ ਭਿ੍ਹਸ਼ਟਾਚਾਰ ਦੇ ਦੋਸ਼ਾਂ ਵਿਚ ਫਸੇ ਕਈ ਪੱਤਰਕਾਰ ਜੇਲ੍ਹ ਦੀ ਹਵਾਂ ਛਕ ਚੁੱਕੇ ਹਨ, ਉਥੇ ਹੀ ਹੁਣ ਸਰਕਾਰ ਨੂੰ ਝੂਠੇ ਦਸਤਾਵੇਜ ਵਿਖਾ ਕੇ ਸਰਕਾਰੀ ਪ੍ਰੈਸ ਦਾ ਕਾਰਡ ਪ੍ਰਾਪਤ ਕਰਨ ਵਾਲੇ ਪੱਤਰਕਾਰਾਂ ਦੀ ਵੀ ਪਹਿਚਾਣ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ।

ਪੰਜਾਬ ਸਰਕਾਰ ਦਾ ਕਾਰਡ ਭਾਵੇਂ ਕਿਸੇ ਵੀ ਰੰਗ ਦਾ ਹੋਵੇ, ਸ਼ਰਤਾਂ ਸਾਰਿਆ ਲਈ ਇਕੋਂ ਜਹੀਆਂ ਹੀ ਰੱਖੀਆਂ ਗਈਆ ਹਨ। ਹਰ ਸਾਲ ਹਲਫੀਆਂ ਬਿਆਨ ਦਿੱਤਾ ਜਾਂਦਾ ਹੈ ਕਿ ਉਸ ਉਪਰ ਭਾਰਤੀ ਕਾਨੂੰਨ ਮੁਤਾਬਿਕ ਕੋਈ ਕੇਸ ਤਾਂ ਨਹੀਂ ਦਰਜ ਕੀਤਾ ਗਿਆ ਜਾਂ ਫਿਰ ਉਸ ਨੂੰ ਕਿਸੇ ਕੇਸ ਵਿਚ ਅਦਾਲਤ ਨੇ ਸਜਾ ਤਾਂ ਨਹੀਂ ਸੁਣਾਈ । ਜੇਕਰ ਅਜਿਹਾ ਕੁਝ ਹੋਇਆ ਹੈ ਤਾਂ ਪਹਿਲਾ ਸਿਰਫ ਕਾਗਜੀ ਕਾਰਵਾਈ ਹੀ ਕੀਤੀ ਜਾਂਦੀ ਸੀ । ਜਿਲ੍ਹਾ ਲੋਕ ਸੰਪਰਕ ਅਧਿਕਾਰੀ ਉਸ ਪੱਤਰਕਾਰ ਤੋਂ ਸਰਕਾਰੀ ਕਾਰਡ ਵਾਪਿਸ ਕਰਵਾ ਲੈਦਾ ਸੀ ਅਤੇ ਉਸ ਨੂੰ ਮਿਲਣ ਵਾਲੀ ਸਰਕਾਰੀ ਸਹੂਲਤ ਖਤਮ ਹੋ ਜਾਂਦੀ ਸੀ ।

ਜਦ ਤੋਂ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਸ ਸਮੇਂ ਤੋਂ ਹੀ ਆਮ ਲੋਕਾਂ ਵਾਂਗ ਪੱਤਰਕਾਰਾਂ ਤੇ ਵੀ ਪੁਲਿਸ ਦਾ ਸਿਕਾਂਜਾ ਕਸਣਾ ਸ਼ੁਰੂ ਹੋਇਆ ਹੈ। ਜੇਕਰ ਮੈਂ ਗਲਤ ਨਹੀਂ ਹਾਂ ਤਾਂ ਇਕੱਲੇ ਸੰਗਰੂਰ ਜਿਲ੍ਹੇ ਵਿਚ ਅੱਧੀ ਦਰਜਨ ਤੋਂ ਵੱਧ ਪੱਤਰਕਾਰ ਪੁਲਿਸ ਵਲੋਂ ਬਣਾਏ ਮੁਕੱਦਮਿਆ ਕਾਰਨ ਅਦਾਲਤਾਂ ਦੇ ਚੱਕਰ ਕੱਢ ਰਹੇ ਹਨ। ਇਹ ਇਕੱਲੇ ਸੰਗਰੂਰ ਜਿਲ੍ਹੇ ਵਿਚ ਹੀ ਨਹੀਂ, ਬਲਕਿ ਪੰਜਾਬ ਦੇ ਹਰ ਜਿਲ੍ਹੇ ਵਿਚ ਪੱਤਰਕਾਰਾਂ ਤੇ ਸਰਕਾਰੀ ਨਜਲਾ ਗਿਰ ਚੁੱਕਾ ਹੈ।

ਗੱਲ ਕਰ ਰਹੇ ਸੀ ਕਿ ਸੰਗਰੂਰ ਜਿਲ੍ਹੇ ਦੇ ਇਕ ਪੱਤਰਕਾਰ ਦੀ ਫਾਇਲ ਸਰਕਾਰ ਨੇ ਖੋਲ ਲਈ ਹੈ। ਇਹ ਪੱਤਰਕਾਰ ਸਰਕਾਰੇ-ਦਰਬਾਰੇ ਆਪਣੀ ਹੋਂਦ ਵਿਖਾਉਣ ਲਈ ਅਤੇ ਲੀਡਰਾਂ ਨੂੰ ਮੁੱਠੀ ਵਿਚ ਕਰਨ ਅਤੇ ਆਮ ਪੱਤਰਕਾਰਾਂ ਨੂੰ ਨੀਵਾਂ ਵਿਖਾਉਣ ਲਈ ਕਾਫੀ ਹੱਥਕੰਡੇ ਅਪਣਾਉਂਦਾ ਰਹਿੰਦਾ ਹੈ। ਹੁਣ ਜਦ ਸਰਕਾਰ ਨੇ ਇਹ ਦੀ ਫਾਇਲ ਖੋਲ ਹੀ ਲਈ ਹੈ ਤਾਂ ਪਤਾ ਲੱਗਾ ਹੈ ਕਿ ਕਰੋੜਾਂ ਵਿਚ ਖੇਡਣ ਵਾਲੇ ਇਹ ਪੱਤਰਕਾਰ ਕਾਗਜ਼ੀ ਕਾਰਵਾਈਆਂ ਵਿਚ ਆਪਣੇ ਆਪ ਨੂੰ ਗਰੀਬ ਦਰਸਾਉਂਦੇ ਹਨ । ਨਾਮਵਰ ਰਾਜਸੀ ਲੀਡਰਾਂ ਦੇ ਚਹੇਤੇ ਇਹ ਪੱਤਰਕਾਰ ਸਰਕਾਰੀ ਵਿਭਾਗ ਨੂੰੰ ਝੂਠੀ ਜਾਣਕਾਰੀ ਵਾਲੇ ਦਸਤਾਵੇਜ ਭੇਜ ਕੇ, ਅਧਿਕਾਰੀਆਂ ਨੂੰ ਡਰਾ ਕੇ ਆਪਣੀ ਮਾਨਤਾ ਬਰਕਰਾਰ ਰੱਖਣਾਂ ਚਾਹੁੰਦਾ ਸੀ ਪਰ ਜਦੋਂ ਪੰਜਾਬ ਦੀ ਸਰਕਾਰੀ ਏਜੰਸੀਆਂ ਨੇ ਪੱਤਰਕਾਰ ਦੀ ਫਾਇਲ ਖੋਲੀ ਤਾਂ ਕਹਿੰਦੇ ਉਹਨਾਂ ਦੇ ਹੋਸ਼ ਉਡ ਗਏ ਅਤੇ ਹੁਣ ਕਾਰਵਾਈ ਵਾਲੀ ਫਾਇਲ ਇਕ ਟੇਬਲ ਤੋਂ ਦੂਜੇ ਟੇਬਲ ਤੇ ਦੋੜੀ ਚਲੀ ਜਾ ਰਹੀ ਹੈ ਅਤੇ ਉਹ ਦਿਨ ਦੂਰ ਨਹੀਂ ਜਦ ਪੱਤਰਕਾਰ, ਝੂਠੀ ਜਾਣਕਾਰੀ ਮੁਹਾਇਆ ਕਰਵਾਉਣ ਦੇ ਇਵਜ ਵਿਚ ਜੇਲ੍ਹ ਦੀ ਯਾਤਰਾ ਕਰੇਗਾ।