‘ਪੜ੍ਹਦਾ ਪੰਜਾਬ’ ਪ੍ਰੋਜੈਕਟ ਤਹਿਤ ਡਾ. ਗੁਰਪ੍ਰੀਤ ਕੌਰ ਤੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਧੂਰੀ ਬਲਾਕ ਦੇ 5,520 ਵਿਦਿਆਰਥੀਆਂ ਦੀ ਫੀਸ ਦੇ ਚੈੱਕ ਪ੍ਰਿੰਸੀਪਲਾਂ ਨੂੰ ਵੰਡੇਸੰ

ਸੰਗਰੂਰ, 11 ਅਪ੍ਰੈਲ:

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ’ਚ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ਦੀ ਗਰੰਟੀ ਨੂੰ ਹੋਰ ਮਜ਼ਬੂਤੀ ਦੇਣ ਲਈ ਅੱਜ ਰਾਇਸੇਲਾ ਫਾਉਂਡੇਸ਼ਨ ਵੱਲੋਂ ‘ਪੜ੍ਹਦਾ ਪੰਜਾਬ’ ਪ੍ਰੋਜੈਕਟ ਤਹਿਤ ਧੂਰੀ ਬਲਾਕ ਦੇ 31 ਸਰਕਾਰੀ ਸਕੂਲਾਂ ਦੇ 5,520 ਵਿਦਿਆਰਥੀਆਂ ਦੀ ਫੀਸ ਆਪਣੇ ਫੰਡਾਂ ’ਚੋਂ ਦਿੱਤੀ ਗਈ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਧੂਰੀ ਵਿਖੇ ਕਰਵਾਏ ਗਏ ਇੱਕ ਵਿਸ਼ੇਸ਼ ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦੇ ਧਰਮਪਤਨੀ ਡਾ. ਗੁਰਪ੍ਰੀਤ ਕੌਰ ਨੇ ਮੁੱਖ ਮਹਿਮਾਨ ਅਤੇ ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਵਾਲ ਨੇ ਵਿਸ਼ੇਸ਼ ਮਹਿਮਾਨ ਵਜੋਂ ਇਨ੍ਹਾਂ 31 ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਪੂਰੇ ਸਕੂਲ ਦੇ ਵਿਦਿਆਰਥੀਆਂ ਦੀ ਫੀਸ ਦੀ ਰਕਮ ਦੇ ਚੈੱਕ ਵੰਡੇ।
ਇਸ ਮੌਕੇ ਬੋਲਦਿਆਂ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਸਰਕਾਰੀ ਸਕੂਲਾਂ ’ਚ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ’ਚ ਸੁਧਾਰ ਕਰਨ ਦੇ ਨਾਲ-ਨਾਲ ‘ਸਕੂਲ ਆਫ਼ ਐਮੀਨੈਂਸ’ ਤਿਆਰ ਕੀਤੇ ਜਾ ਰਹੇ ਹਨ ਜਿਨ੍ਹਾਂ ’ਚ ਮੈਡੀਕਲ, ਨਾਨ-ਮੈਡੀਕਲ ਸਮੇਤ ਸਾਰੀਆਂ ਸਟਰੀਮਾਂ ਦੇ ਹੋਣਹਾਰ ਵਿਦਿਆਰਥੀਆਂ ਦੇ ਭਵਿੱਖ ਨੂੰ ਰੁਸ਼ਨਾਉਣ ਲਈ ਅਧਿਆਪਕਾਂ ਵੱਲੋਂ ਵਿਸ਼ੇਸ਼ ਤਿਆਰੀ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਸਰਕਾਰੀ ਸਕੂਲਾਂ ’ਚ ਤੈਨਾਤ ਅਧਿਆਪਕਾਂ ਨੂੰ ਆਪਣੇ ਵਿਦਿਆਰਥੀਆਂ ਦੇ ਹੁਨਰ ਨੂੰ ਪਛਾਣਨ ਦੀ ਲੋੜ ਹੈ ਤਾਂ ਜੋ ਉਨ੍ਹਾਂ ਨੂੰ ਤਰਾਸ਼ ਕੇ ਹੀਰਿਆ ਵਰਗੇ ਬਣਾਇਆ ਜਾ ਸਕੇ।
ਆਪਣੇ ਸੰਬੋਧਨ ਦੌਰਾਨ ਰਾਇਸੇਲਾ ਗੁਰੱਪ ਦੇ ਚੇਅਰਮੈਨ ਏ.ਆਰ. ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਡੇ ਪੰਜਾਬ ਨੂੰ ਤਰੱਕੀ ਦੀ ਸਹੀ ਦਿਸ਼ਾ ਵੱਲ ਲੈ ਕੇ ਜਾ ਰਹੇ ਹਨ ਅਤੇ ਸਾਨੂੰ ਸਾਰਿਆਂ ਨੂੰ ਇਸ ਨੇਕ ਕਾਰਜ ’ਚ ਉਨ੍ਹਾਂ ਦਾ ਸਾਥ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਰਾਇਸੇਲਾ ਫਾਉਂਡੇਸ਼ਨ ਵੱਲੋਂ ਤਹੱਈਆ ਕੀਤਾ ਗਿਆ ਹੈ ਕਿ ਧੂਰੀ ਸ਼ਹਿਰ ਅਤੇ ਇਸਦੇ ਨੇੜਲੇ ਇਲਾਕਿਆਂ ’ਚ ਕੋਈ ਵੀ ਵਿਦਿਆਰਥੀ ਫ਼ੀਸ ਨਾ ਤਾਰ ਸਕਣ ਸਕੂਲ ਨਾ ਛੱਡੇ ਅਤੇ ਇਸੇ ਗੱਲ ’ਤੇ ਉਨ੍ਹਾਂ ਵੱਲੋਂ ਲਗਾਤਾਰ ਪਹਿਰਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸਦੇ ਨਾਲ ਹੀ ਪਹਿਲੇ ਸਥਾਨ ਹਾਸਲ ਕਰਨ ਵਾਲੇ ਦੋ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਫਾਉਂਡੇਸ਼ਨ ਵੱਲੋਂ ਅੱਗੇ ਕੀਤੀ ਜਾਣ ਵਾਲੀਅ ਸਾਰੀ ਪੜ੍ਹਾਈ ਲਈ ਵਜੀਫ਼ਾ ਲਗਾਇਆ ਜਾਵੇਗਾ।
ਇਸ ਮੌਕੇ ਐਸ.ਡੀ.ਐਮ. ਵਿਨੀਤ ਕੁਮਾਰ, ਮੁੱਖ ਮੰਤਰੀ ਦੇ ਓ.ਐਸ.ਡੀ. ਉਂਕਾਰ ਸਿੰਘ, ਚੇਅਰਮੈਨ ਰਾਜਵੰਸ਼ ਸਿੰਘ ਘੁੱਲੀ, ਚੇਅਰਮੈਨ ਅਸ਼ੋਕ ਕੁਮਾਰ ਲੱਖਾ, ਐਮ.ਸੀ. ਪ੍ਰਧਾਨ ਪੁਸ਼ਪਾ ਤਾਇਲ, ਜਸਵੀਰ ਸਿੰਘ ਜੱਸੀ ਸੇਖੋਂ, ਘਨਸ਼ਿਆਮ ਕਾਂਸਲ, ਐਮ.ਪੀ. ਸਿੰਘ, ਪ੍ਰਸ਼ੋਤਮ ਕਾਲਾ, ਅਨਵਰ ਭਸੌੜ, ਸਕਲਾਂ ਦੇ ਸਟਾਫ਼ ਤੇ ਵਿਦਿਆਰਥੀਆਂ ਤੋਂ ਇਲਾਵਾ ਵੱਡੀ ਗਿਣਤੀ ’ਚ ਪਤਵੰਤੇ ਮੌਜੂਦ ਸਨ।