ਮੋਹਾਲੀ ਹਰਜਿੰਦਰ ਭੋਲਾ

ਵਧੀਕ ਜ਼ਿਲ੍ਹਾ ਮੈਜਿਸਟ੍ਰੇਟ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਸ਼੍ਰੀਮਤੀ ਅਮਨਿੰਦਰ ਕੌਰ ਬਰਾੜ ਵੱਲੋਂ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6(1)(ਈ) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋ ਕਰਦੇ ਹੋਏ ਅਤੇ ਕਾਨੂੰਨ ਦੀ ਉਲੰਘਣਾ ਕਰਨ ਤੇ ਚਾਰ ਇੰਮੀਗ੍ਰੇਸਨ ਫਰਮਾਂ ਗੁਨਵੀਰ ਇੰਮੀਗ੍ਰੇਸ਼ਨ, ਫਲਾਈ ਰੂਟਸ, ਸੇਫ ਹੈਂਡ ਇੰਮੀਗ੍ਰੇਸ਼ਨ ਐਂਡ ਸਟੱਡੀਜ਼ ਅਤੇ ਰਾਈਟਵੇਅ ਇੰਮੀਗ੍ਰੇਸ਼ਨ ਐਂਡ ਸਰਵਿਸਜ਼ ਕੰਸਲਟੈਂਸੀ ਫਰਮਾਂ ਦੇ ਲਾਇਸੰਸ ਰੱਦ/ਕੈਂਸਲ ਕਰ ਦਿੱਤੇ ਗਏ ਹਨ ।

ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ

ਜਾਣਕਾਰੀ ਦਿੰਦਿਆ ਦੱਸਿਆ ਕਿ ਪਹਿਲੀ ਫਰਮ ਗੁਨਵੀਰ ਇੰਮੀਗ੍ਰੇਸ਼ਨ, ਬਿਲਡਿੰਗ ਨੰਬਰ 688, ਕੈਬਿਨ ਨੰਬਰ 2, 3 ਅਤੇ 4, ਪਹਿਲੀ ਮੰਜਿਲ, ਮਟੌਰ, ਤਹਿਸੀਲ ਮੋਹਾਲੀ, ਜਿਲ੍ਹਾ ਐਸ.ਏ.ਐਸ ਨਗਰ ਨੂੰ ਕੰਸਲਟੈਂਸੀ ਦੇ ਕੰਮ ਲਈ ਲਾਇਸੰਸ ਜਾਰੀ ਕੀਤਾ ਗਿਆ ਸੀ ਜਿਸ ਦੀ ਮਿਆਦ 21 ਜਨਵਰੀ 2024 ਤੱਕ ਹੈ ਅਤੇ ਦੂਜੀ ਫਰਮ ਫਲਾਈ ਰੂਟਸ ਕੰਸਲਟੈਂਸੀ ਐਸ.ਸੀ.ਐਫ ਨੰਬਰ 114, ਦੂਜੀ ਮੰਜਿਲ, ਫੇਜ਼-3-ਬੀ-2 ਮੋਹਾਲੀ ਨੂੰ ਕੰਸਲਟੈਂਸੀ ਦੇ ਕੰਮ ਲਈ ਲਾਇਸੰਸ ਜਾਰੀ ਕੀਤਾ ਗਿਆ ਸੀ ਜਿਸ ਦੀ ਮਿਆਦ 26 ਅਗਸਤ 2023 ਤੱਕ ਹੈ ।

ਇਸ ਦੇ ਨਾਲ ਹੀ ਤੀਜੀ ਫਰਮ ਸੇਫ ਹੈਂਡ ਇੰਮੀਗ੍ਰੇਸ਼ਨ ਐਂਡ ਸਟੱਡੀ ਐਸ 03, ਦੂਜੀ ਮੰਜਿਲ ਨਾਰਥ ਕੰਟਰੀ ਮਾਲ ਮੋਹਾਲੀ ਨੂੰ ਟਰੈਵਲ ਏਜੰਸੀ, ਕੰਸਲਟੈਂਸੀ, ਟਿਕਟਿੰਗ ਏਜੰਟ, ਕੋਚਿੰਗ ਇਸਟੀਚਿਊਟ ਆਫ ਆਇਲਟਸ ਅਤੇ ਜਰਨਲ ਸੇਲਜ਼ ਏਜੰਟ ਦੇ ਕੰਮ ਲਈ ਜਾਰੀ ਕੀਤਾ ਗਿਆ ਸੀ ਜਿਸ ਦੀ ਮਿਆਦ 7 ਜੂਨ 2022 ਤੱਕ ਸੀ ।

ਇਸ ਤੋਂ ਇਲਾਵਾ ਚੌਥੀ ਫਰਮ ਰਾਇਟ ਵੇਅ ਇੰਮਗ੍ਰੇਸ਼ਨ ਐਂਡ ਐਜੂਕੇਸ਼ਨ ਸਰਵਿਸਜ਼ ਐਸ.ਸੀ.ਐਫ ਨੰ 39, ਪਹਿਲੀ ਮੰਜਿਲ, ਫੇਜ-7, ਮੋਹਾਲੀ ਨੂੰ ਵੀ ਕਸਲਟੈਂਸੀ ਅਤੇ ਕੋਚਿੰਗ ਇਸਟੀਚਿਊਟ ਆਫ ਆਇਲਟਸ ਦੇ ਕੰਮਾਂ ਲਈ ਲਾਇਸੰਸ ਜਾਰੀ ਕੀਤਾ ਗਿਆ ਸੀ ਜਿਸ ਦੀ ਮਿਆਦ 21 ਜਨਵਰੀ 2024 ਤੱਕ ਹੈ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਫਰਮਾਂ ਖਿਲਾਫ ਮਿਲੀਆਂ ਸ਼ਿਕਾਇਤਾਂ ਦੇ ਆਧਾਰ ਅਤੇ ਲਾਇਸੰਸ ਦੀਆਂ ਧਾਰਾਵਾਂ ਦੀ ਪਾਲਣਾ ਨਾ ਕਰਨ ਕਰਕੇ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6(1)(ਈ) ਵਿੱਚ ਦਰਸਾਏ ਅਨੁਸਾਰ ਫਰਮਾਂ ਦੇ ਲਾਇਸੰਸ ਰੱਦ ਕਰ ਦਿੱਤੇ ਹਨ । ਉਨ੍ਹਾਂ ਫਰਮਾਂ ਦੇ ਮੁਖੀਆਂ ਨੂੰ ਕੰਮ ਮੁਕੰਮਲ ਤੌਰ ਤੇ ਬੰਦ ਕਰਨ ਦੀ ਹਦਾਇਤ ਕੀਤੀ ।ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਐਕਟ, ਰੂਲਜ਼ ਮਤਾਬਿਕ ਕਿਸੇ ਵੀ ਕਿਸਮ ਦੀ ਫਰਮ ਦੇ ਖਿਲਾਫ ਕੋਈ ਵੀ ਸ਼ਿਕਾਇਤ ਆਦਿ ਦਾ ਉਕਤ ਲਾਇਸੰਸੀ, ਫਰਮਾਂ ਦੇ ਪਾਰਟਨਰ ਹਰ ਪੱਖੋਂ ਜਿੰਮੇਵਾਰ ਹੋਵੇਗਾ ਅਤੇ ਇਸ ਦੀ ਭਰਪਾਈ ਕਰਨ ਦਾ ਵੀ ਜਿੰਮੇਵਾਰ ਹੋਵੇਗਾ ।