ਟਰਾਇਲਾਂ ਦਾ ਦਾਇਰਾ ਵਧਾਉਂਦਿਆਂ 11 ਸਥਾਨਾਂ ਉਤੇ ਟਰਾਇਲ ਲੈਣ ਦਾ ਫੈਸਲਾ


ਜ਼ਿਲ੍ਹਿਆਂ ਵਿੱਚੋਂ ਚੁਣੇ ਜਾਣ ਵਾਲੇ ਖਿਡਾਰੀਆਂ ਦੇ ਫ਼ਾਈਨਲ ਟਰਾਇਲ 24 ਤੋਂ 26 ਅਪਰੈਲ ਤੱਕ ਹੋਣਗੇ

18 ਖੇਡਾਂ ਦੇ ਵਿੰਗਾਂ ਲਈ ਚੁਣੇ ਜਾਣਗੇ 1700 ਖਿਡਾਰੀ, ਇਸ ਵਾਰ 450 ਸੀਟਾਂ ਵਧਾਈਆਂ

ਚੁਣੇ ਜਾਣ ਵਾਲੇ ਖਿਡਾਰੀਆਂ ਨੂੰ ਕੋਚਿੰਗ, ਰਿਹਾਇਸ਼, ਡਾਇਟ, ਮੈਡੀਕਲ ਤੇ ਬੀਮਾ ਦੀਆਂ ਮੁਫ਼ਤ ਸਹੂਲਤਾਂ ਮਿਲਣਗੀਆਂ

ਚੰਡੀਗੜ੍ਹ, 29 ਮਾਰਚ

ਪੰਜਾਬ ਇੰਸਟੀਚਿਊਟ ਆਫ਼ ਸਪੋਰਟਸ ਦੇ ਰੈਜੀਡੈਸ਼ਲ ਖੇਡ ਵਿੰਗਾਂ ਲਈ ਖਿਡਾਰੀਆਂ ਦੀ ਚੋਣ ਵਾਸਤੇ ਟਰਾਇਲ 3 ਅਪਰੈਲ ਤੋਂ ਸ਼ੁਰੂ ਹੋ ਰਹੇ ਹਨ ਜੋ ਕਿ 25 ਅਪਰੈਲ ਤੱਕ ਚੱਲਣਗੇ। ਇਸ ਵਾਰ ਟਰਾਇਲਾਂ ਦਾ ਦਾਇਰਾ ਵਧਾਉਂਦਿਆਂ ਵੱਖ-ਵੱਖ ਖੇਡਾਂ ਦੇ ਟਰਾਇਲ 11 ਸਥਾਨਾਂ ਉਤੇ ਲਏ ਜਾਣਗੇ ਜਿਸ ਤੋਂ ਬਾਅਦ ਇਨ੍ਹਾਂ ਟਰਾਇਲਾਂ ਵਿੱਚੋਂ ਚੁਣੇ ਗਏ ਖਿਡਾਰੀਆਂ ਦੇ ਫਾਈਨਲ ਟਰਾਇਲ 24 ਅਪਰੈਲ ਤੋਂ ਸ਼ੁਰੂ ਹੋਣਗੇ ਜੋ ਕਿ 26 ਅਪਰੈਲ ਤੱਕ ਚੱਲਣਗੇ।PIS Trials for residential sports wings from 3rd April: Meet Hayer

ਅੱਜ ਇਥੇ ਪ੍ਰੈਸ ਬਿਆਨ ਰਾਹੀਂ ਜਾਣਕਾਰੀ ਦਿੰਦਿਆਂ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਦੱਸਿਆ ਕਿ ਪੰਜਾਬ ਨੂੰ ਖੇਡਾਂ ਵਿੱਚ ਮੁੜ ਮੋਹਰੀ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਸੂਬਾ ਸਰਕਾਰ ਵੱਲੋਂ ਨਿਰੰਤਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪਿਛਲੇ ਸਾਲ ਪਹਿਲੀ ਵਾਰ ਕਰਵਾਈਆਂ ਗਈਆਂ ਖੇਡਾਂ ਵਤਨ ਪੰਜਾਬ ਦੀਆਂ ਨੂੰ ਵੱਡਾ ਹੁਲਾਰਾ ਮਿਲਿਆ। 3 ਲੱਖ ਦੇ ਕਰੀਬ ਖਿਡਾਰੀਆਂ ਨੇ ਹਿੱਸਾ ਲਿਆ ਜਿਸ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਕਿ ਨਵੇ ਸੈਸ਼ਨ ਲਈ ਖੇਡ ਵਿੰਗਾਂ ਦੇ ਟਰਾਇਲਾਂ ਦਾ ਦਾਇਰਾ ਵਧਾਇਆ ਜਾਵੇ। ਵੱਖ-ਵੱਖ ਖੇਡਾਂ ਵਿੱਚ ਛੇ ਉਮਰ ਗਰੁੱਪਾਂ ਅੰਡਰ 10, ਅੰਡਰ 12, ਅੰਡਰ 14, ਅੰਡਰ 17, ਅੰਡਰ 19 ਤੇ ਅੰਡਰ 21 ਦੇ ਟਰਾਇਲ ਪਹਿਲਾਂ ਜ਼ਿਲਾ ਵਾਰ ਬਣਾਏ ਜ਼ੋਨਾਂ ਵਿੱਚ ਹੋਣਗੇ ਅਤੇ ਇਸ ਤੋਂ ਬਾਅਦ ਜ਼ਿਲ੍ਹਿਆਂ ਵਿੱਚੋਂ ਚੁਣੇ ਖਿਡਾਰੀਆਂ ਦੇ ਫਾਈਨਲ ਟਰਾਇਲ ਇਕ ਸਥਾਨ ਉਤੇ ਹੋਣਗੇ। ਇਸ ਨਾਲ ਬਿਹਤਰੀਨ ਖਿਡਾਰੀ ਸਾਹਮਣੇ ਆਉਣਗੇ। ਟਰਾਇਲਾਂ ਵਾਲੇ ਸਥਾਨ ਵਾਲੇ ਜ਼ਿਲੇ ਵਿੱਚ ਸਬੰਧਤ ਜ਼ਿਲਾ ਖੇਡ ਅਫਸਰ ਨੂੰ ਇੰਚਾਰਜ ਲਗਾਇਆ ਗਿਆ ਹੈ। 18 ਖੇਡਾਂ ਦੀਆਂ 1700 ਦੇ ਕਰੀਬ ਸੀਟਾਂ ਲਈ ਟਰਾਇਲ ਹੋਣਗੇ। ਇਸ ਵਾਰ 450 ਸੀਟਾਂ ਵਧਾਈਆਂ ਗਈਆਂ ਹਨ।ਇਹ ਖੇਡਾਂ ਅਥਲੈਟਿਕਸ, ਬਾਸਕਟਬਾਲ, ਮੁੱਕੇਬਾਜ਼ੀ, ਫੁਟਬਾਲ, ਹਾਕੀ, ਜਿਮਨਾਸਟਿਕ, ਜੂਡੋ, ਵਾਲੀਬਾਲ, ਵੇਟਲਿਫਟਿੰਗ, ਕੁਸ਼ਤੀ, ਹੈਂਡਬਾਲ, ਤੀਰਅੰਦਾਜ਼ੀ, ਸਾਈਕਲਿੰਗ, ਤੈਰਾਕੀ, ਟੇਬਲ ਟੈਨਿਸ, ਤਲਵਾਰਬਾਜ਼ੀ, ਨਿਸ਼ਾਨੇਬਾਜ਼ੀ ਅਤੇ ਰੋਇੰਗ ਹਨ। ਚੁਣੇ ਜਾਣ ਵਾਲੇ ਖਿਡਾਰੀਆਂ ਨੂੰ ਕੋਚਿੰਗ, ਰਿਹਾਇਸ਼, ਡਾਇਟ, ਮੈਡੀਕਲ ਤੇ ਬੀਮਾ ਦੀਆਂ ਮੁਫ਼ਤ ਸਹੂਲਤਾਂ ਮਿਲਣਗੀਆਂ

ਜ਼ਿਲਾ ਵਾਰ ਹੋਣ ਵਾਲੇ ਟਰਾਇਲਾਂ ਦੇ ਵੇਰਵਿਆਂ ਅਨੁਸਾਰ ਅੰਮ੍ਰਿਤਸਰ ਜ਼ਿਲੇ ਵਿੱਚ 3 ਤੇ 4 ਅਪਰੈਲ ਨੂੰ ਵੱਖ-ਵੱਖ ਖੇਡਾਂ ਦੇ ਟਰਾਇਲ ਲਏ ਜਾਣਗੇ ਜਿਨ੍ਹਾਂ ਵਿੱਚ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ ਤੇ ਤਰਨ ਤਾਰਨ ਦੇ ਖਿਡਾਰੀ ਹਿੱਸਾ ਲੈ ਸਕਣਗੇ। ਇਸੇ ਤਰ੍ਹਾਂ ਜਲੰਧਰ ਵਿਖੇ 6 ਤੇ 7 ਅਪਰੈਲ ਨੂੰ ਵੱਖ-ਵੱਖ ਖੇਡਾਂ ਦੇ ਜਲੰਧਰ, ਕਪੂਰਥਲਾ ਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਦੇ ਟਰਾਇਲ ਹੋਣਗੇ। ਲੁਧਿਆਣਾ ਵਿਖੇ 9 ਤੇ 10 ਅਪਰੈਲ ਨੂੰ ਲੁਧਿਆਣਾ, ਮੋਗਾ, ਮਲੇਰਕੋਟਲਾ ਤੇ ਨਵਾਂਸ਼ਹਿਰ ਜ਼ਿਲ੍ਹਿਆਂ ਦੇ ਵੱਖ-ਵੱਖ ਖੇਡਾਂ ਲਈ ਟਰਾਇਲ ਹੋਣਗੇ। ਪਟਿਆਲਾ ਵਿਖੇ 12 ਤੇ 13 ਅਪਰੈਲ ਨੂੰ ਪਟਿਆਲਾ, ਫਤਹਿਗੜ੍ਹ ਸਾਹਿਬ ਤੇ ਸੰਗਰੂਰ ਜ਼ਿਲ੍ਹਿਆਂ, ਬਠਿੰਡਾ ਵਿਖੇ 15 ਤੇ 16 ਅਪਰੈਲ ਨੂੰ ਬਠਿੰਡਾ, ਬਰਨਾਲਾ ਤੇ ਮਾਨਸਾ ਜ਼ਿਲ੍ਹਿਆਂ, ਫਰੀਦਕੋਟ ਵਿਖੇ 18 ਤੇ 19 ਅਪਰੈਲ ਨੂੰ ਫਰੀਦਕੋਟ, ਮੁਕਤਸਰ ਸਾਹਿਬ, ਫਾਜ਼ਿਲਕਾ ਤੇ ਫਿਰੋਜ਼ਪੁਰ ਜ਼ਿਲ੍ਹਿਆਂ, ਸ੍ਰੀ ਮੁਕਤਸਰ ਸਾਹਿਬ ਵਿਖੇ ਸ੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ, ਫਿਰੋਜ਼ਪੁਰ ਤੇ ਫਰੀਦਕੋਟ ਜ਼ਿਲ੍ਹਿਆਂ, ਐਸ.ਏ.ਐਸ. ਨਗਰ ਵਿਖੇ 21 ਤੇ 22 ਅਪਰੈਲ ਨੂੰ ਐਸ.ਏ.ਐਸ. ਨਗਰ ਤੇ ਰੂਪਨਗਰ ਜ਼ਿਲ੍ਹਿਆਂ ਦੇ ਟਰਾਇਲ ਹੋਣਗੇ।

ਇਸ ਤੋਂ ਇਲਾਵਾ ਰੂਪਨਗਰ ਵਿਖੇ 3 ਤੇ 4 ਅਪਰੈਲ ਨੂੰ ਰੋਇੰਗ ਖੇਡ ਲਈ ਸਾਰੇ ਜ਼ਿਲ੍ਹਿਆਂ, ਬਰਨਾਲਾ ਵਿਖੇ 24 ਤੇ 25 ਅਪਰੈਲ ਨੂੰ ਟੇਬਲ ਟੈਨਿਸ ਖੇਡ ਲਈ ਸਾਰੇ ਜ਼ਿਲ੍ਹਿਆਂ ਅਤੇ ਮਾਹਿਲਪੁਰ (ਹੁਸ਼ਿਆਰਪੁਰ) ਵਿਖੇ 24 ਤੇ 25 ਅਪਰੈਲ ਨੂੰ ਫੁਟਬਾਲ ਲਈ ਸਾਰੇ ਜ਼ਿਲ੍ਹਿਆਂ ਦੇ ਟਰਾਇਲ ਹੋਣਗੇ।

ਟਰਾਇਲਾਂ ਵਿੱਚ ਭਾਗ ਲੈਣ ਵਾਲੇ ਖਿਡਾਰੀ ਟਰਾਇਲ ਵਾਲੇ ਦਿਨ ਸਵੇਰੇ 8:30 ਵਜੇ ਰਿਪੋਰਟ ਕਰਨਗੇ। ਖਿਡਾਰੀ ਪੰਜਾਬ ਸੂਬੇ ਦਾ ਵਸਨੀਕ ਹੋਵੇ ਅਤੇ ਉਸ ਵੱਲੋਂ ਪਿਛਲੇ ਤਿੰਨ ਸਾਲਾਂ ਵਿੱਚ ਜਿਲ੍ਹਾ/ਸਟੇਟ/ਨੈਸ਼ਨਲ ਪੱਧਰ ਦੇ ਟੂਰਨਾਮੈਂਟਾਂ ਵਿੱਚ ਤਮਗ਼ਾ ਪ੍ਰਾਪਤ ਕੀਤਾ ਹੋਵੇ, ਜਿਨ੍ਹਾਂ ਖਿਡਾਰੀਆਂ ਦੇ ਮਾਤਾ/ਪਿਤਾ ਯੂ.ਟੀ. (ਚੰਡੀਗੜ੍ਹ) ਵਿਚ ਸਥਿਤ ਪੰਜਾਬ ਰਾਜ ਦੇ ਸਰਕਾਰੀ ਅਦਾਰਿਆਂ ਵਿੱਚ ਤਾਇਨਾਤ ਹਨ, ਦੇ ਬੱਚੇ ਵੀ ਟਰਾਇਲਾਂ ਵਿੱਚ ਭਾਗ ਲੈ ਸਕਦੇ ਹਨ। ਟਰਾਇਲਾਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਟੀ.ਏ./ਡੀ.ਏ. ਨਹੀਂ ਦਿੱਤਾ ਜਾਵੇਗਾ। ਭਾਗ ਲੈਣ ਵਾਲੇ ਖਿਡਾਰੀ ਆਪਣੇ ਨਾਲ ਆਧਾਰ ਕਾਰਡ, ਜਨਮ ਸਰਟੀਫਿਕੇਟ ਅਤੇ 2 ਪਾਸਪੋਰਟ ਸਾਈਜ਼ ਦੀਆਂ ਫੋਟੋਆਂ ਨਾਲ ਲੈ ਕੇ ਆਉਣ। ਟਰਾਇਲਾਂ ਦੌਰਾਨ ਖਿਡਾਰੀਆਂ ਦੀ ਗਿਣਤੀ ਵੱਧ ਜਾਣ ਉਪਰੰਤ ਸਬੰਧਤ ਸਥਾਨ ਉਤੇ ਟਰਾਇਲਾਂ ਦੀ ਮਿਤੀ ਇੱਕ ਦਿਨ ਲਈ ਹੋਰ ਵਧਾਈ ਜਾਵੇਗੀ। ਵਧੇਰੇ ਤੇ ਵਿਸਥਾਰਤ ਜਾਣਕਾਰੀ ਵਿਭਾਗ ਦੀ ਵੈਬਸਾਈਟ www.pispunjab.org ਉਤੇ ਉਪਲੱਬਧ ਹੈ।

ਵੱਖ ਵੱਖ ਜ਼ਿਲਿਆ ਵਿੱਚੋਂ ਚੁਣੇ ਗਏ ਹਾਕੀ ਖਿਡਾਰੀਆਂ (ਲੜਕੇ) ਦੇ ਫਾਈਨਲ ਟਰਾਇਲ ਜਲੰਧਰ ਵਿਖੇ 24 ਤੇ 25 ਅਪਰੈਲ ਨੂੰ ਹੋਣਗੇ। ਇਸੇ ਤਰ੍ਹਾਂ ਅਥਲੈਟਿਕਸ ਖਿਡਾਰੀਆਂ ਦੇ ਫਾਈਨਲ ਟਰਾਇਲ ਜਲੰਧਰ ਵਿਖੇ 24 ਤੇ 25 ਅਪਰੈਲ, ਬਾਸਕਟਬਾਲ ਖਿਡਾਰੀਆਂ ਦੇ ਫਾਈਨਲ ਟਰਾਇਲ ਲੁਧਿਆਣਾ ਵਿਖੇ 24 ਤੇ 25 ਅਪਰੈਲ, ਵਾਲੀਬਾਲ ਦੇ ਫਾਈਨਲ ਟਰਾਇਲ ਮੁਹਾਲੀ ਵਿਖੇ 24 ਤੇ 25 ਅਪਰੈਲ ਤੈਰਾਕੀ ਦੇ ਫਾਈਨਲ ਟਰਾਇਲ ਮੁਹਾਲੀ ਵਿਖੇ 24 ਤੇ 25 ਅਪਰੈਲ, ਹੈਂਡਬਾਲ ਦੇ ਫਾਈਨਲ ਟਰਾਇਲ ਮੁਹਾਲੀ ਵਿਖੇ 24 ਤੇ 25 ਅਪਰੈਲ, ਵੇਟਲਿਫਟਿੰਗ ਦੇ ਫਾਈਨਲ ਟਰਾਇਲ ਮੁਹਾਲੀ ਵਿਖੇ 24 ਤੇ 25 ਅਪਰੈਲ, ਕੁਸ਼ਤੀ ਦੇ ਫਾਈਨਲ ਟਰਾਇਲ ਮੁਹਾਲੀ ਵਿਖੇ 24 ਅਪਰੈਲ, ਮੁੱਕੇਬਾਜ਼ੀ ਦੇ ਫਾਈਨਲ ਟਰਾਇਲ ਮੁਹਾਲੀ ਵਿਖੇ 24 ਅਪਰੈਲ, ਜੂਡੋ ਦੇ ਫਾਈਨਲ ਟਰਾਇਲ ਮੁਹਾਲੀ ਵਿਖੇ 24 ਅਪਰੈਲ, ਟੇਬਲ ਟੈਨਿਸ ਦੇ ਫਾਈਨਲ ਟਰਾਇਲ ਬਰਨਾਲਾ ਵਿਖੇ 26 ਅਪਰੈਲ ਅਤੇ ਫੁੱਟਬਾਲ ਖਿਡਾਰੀਆਂ ਦੇ ਫਾਈਨਲ ਟਰਾਇਲ ਮਾਹਿਲਪੁਰ ਫੁੱਟਬਾਲ ਅਕੈਡਮੀ (ਹੁਸ਼ਿਆਰਪੁਰ) ਵਿਖੇ 26 ਅਪਰੈਲ 2023 ਨੂੰ ਹੋਣਗੇ।
————