ਮੈਡਮ ਪੂਨਮ ਕਾਂਗੜਾ ਮੈਂਬਰ ਐਸ ਸੀ ਕਮਿਸ਼ਨ ਵੱਲੋਂ ਤੁਰੰਤ ਕਾਰਵਾਈ ਕਰਨ ਦੇ ਹੁਕਮ

ਭਦੌੜ ਪੁਲਿਸ ਨੇ ਕੀਤਾ ਦੋਸ਼ੀ ਵਿਰੁੱਧ ਮਾਮਲਾ ਦਰਜ

ਐਸ ਸੀ ਵਰਗ ਤੇ ਤਸ਼ੱਦਦ ਬਰਦਾਸ਼ਤ ਨਹੀਂ: ਮੈਡਮ ਪੂਨਮ ਕਾਂਗੜਾ

ਬਰਨਾਲਾ 16 ਮਈ

ਕਸਬੇ ਦੀ ਇੱਕ ਨਾਬਾਲਗ ਦਲਿਤ ਲੜਕੀ ਨੂੰ ਇੱਕ ਕਰੀਬ 40 ਸਾਲਾਂ ਵਿਅਕਤੀ ਵੱਲੋਂ ਕਥਿਤ ਤੌਰ ਤੇ ਆਪਣੀ ਹਵਸ ਦੀ ਸ਼ਿਕਾਰ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ ।

ਜਿਸ ਸਬੰਧੀ ਮੈਡਮ ਪੂਨਮ ਕਾਂਗੜਾ ਮੈਂਬਰ ਐਸ ਸੀ ਕਮਿਸ਼ਨ ਪੰਜਾਬ ਵੱਲੋਂ ਸਬੰਧਤ ਅਧਿਕਾਰੀਆਂ ਨੂੰ ਤੁਰੰਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਗਏ। ਜਿਸ ਦੇ ਚਲਦਿਆਂ ਪੁਲਿਸ ਵੱਲੋਂ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ।

ਗੌਰਤਲਬ ਹੈ ਕਿ ਇੱਕ 13 ਸਾਲਾਂ ਦਲਿਤ ਨਾਬਾਲਗ ਲੜਕੀ ਨੂੰ ਜ਼ਿਲ੍ਹਾ ਸੰਗਰੂਰ ਨਾਲ ਸਬੰਧਤ ਇੱਕ 40 ਸਾਲਾਂ ਨਿਹੰਗ ਸਿੰਘ ਦੇ ਬਾਣੇ ਚ ਵਿਅਕਤੀ ਵੱਲੋਂ ਇੱਕ ਧਾਰਮਿਕ ਸਥਾਨ ਤੇ ਲਿਜਾਣ ਦਾ ਬਹਾਨਾ ਬਣਾ ਕੇ ਨਾਲ ਲੈ ਗਿਆ। ਜਿਸ ਨੇ ਧੂਰੀ ਦੇ ਨੇੜਲੇ ਪਿੰਡ ਵਿਖੇ ਕਥਿਤ ਤੌਰ ਤੇ ਇਸ ਨਾਬਾਲਗ ਲੜਕੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਗਿਆ।

ਜਿਸ ਤਰ੍ਹਾਂ ਹੀ ਇਹ ਮਾਮਲਾ ਮੈਡਮ ਪੂਨਮ ਕਾਂਗੜਾ ਮੈਂਬਰ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਚੰਡੀਗੜ੍ਹ ਦੇ ਧਿਆਨ ਵਿੱਚ ਆਇਆ ਤਾਂ ਉਨ੍ਹਾਂ ਤੁਰੰਤ ਸਬੰਧਤ ਪੁਲਿਸ ਅਧਿਕਾਰੀਆਂ ਨੂੰ ਲੜਕੀ ਨਾਲ ਕਥਿਤ ਜਬਰਜਨਾਹ ਕਰਨ ਵਾਲੇ ਵਿਅਕਤੀ ਵਿਰੁੱਧ ਤੁਰੰਤ ਕਾਰਵਾਈ ਕਰਨ ਲਈ ਹੁਕਮ ਦਿੱਤੇ ਗਏ ਹਨ। ਜਿਸ ਦੇ ਚਲਦਿਆਂ ਪੁਲਿਸ ਥਾਣਾ ਭਦੌੜ ਵੱਲੋਂ ਮਾਮਲਾ ਦਰਜ ਕਰ ਲਿਆ ਹੈ।

ਸੰਪਰਕ ਕਰਨ ਤੇ ਮੈਡਮ ਪੂਨਮ ਕਾਂਗੜਾ ਨੇ ਦੱਸਿਆ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਸੀ, ਜਿਸ ਸਬੰਧੀ ਸਬੰਧਤ ਪੁਲਿਸ ਅਧਿਕਾਰੀਆਂ ਨੂੰ ਇਸ ਮਾਮਲੇ ਵਿੱਚ ਕਾਰਵਾਈ ਕਰਨ ਦੀ ਹਦਾਇਤ ਕਰ ਦਿੱਤੀ ਹੈ ਉਨ੍ਹਾਂ ਕਿਹਾ ਕਿ ਐਸ ਸੀ ਵਰਗ ਨਾਲ ਅਜਿਹੇ ਮਾਮਲਿਆਂ ਨੂੰ ਸਹਿਣ ਨਹੀਂ ਕੀਤਾ ਜਾਵੇਗਾ। ਉਨ੍ਹਾਂ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ ।

ਮੈਡਮ ਪੂਨਮ ਕਾਂਗੜਾ ਨੇ ਅਜਿਹੇ ਮਾਮਲਿਆਂ ਵਿੱਚ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਮਦਦ ਕਰਨ ਵਾਲੀਆਂ ਸਮਾਜ ਸੇਵੀ ਮਹਿਲਾਵਾਂ ਹਰਪ੍ਰੀਤ ਕੌਰ ਸੰਧੂ ਕਲਾਂ ਅਤੇ ਸਰਬਜੀਤ ਕੌਰ ਸੰਧੂ ਕਲਾਂ ਦੀ ਵੀ ਸ਼ਲਾਘਾ ਕੀਤੀ ।