ਨਸ਼ਿਆਂ ਦੀ ਰੋਕਥਾਮ ਲਈ ਥਾਣਾ ਸਿਟੀ-1 ਦੇ ਇੰਚਾਰਜ ਕਰਮਜੀਤ ਸਿੰਘ ਨੂੰ ਕੀਤਾ ਜਾਵੇਗਾ ਸਨਮਾਨਿਤ- ਗੋਸ਼ਾ ਧਾਲੀਵਾਲ
ਸੰਗਰੂਰ, 11 ਅਪ੍ਰੈਲ,

ਪਿਛਲੇ ਕੁਝ ਮਹੀਨਿਆਂ ਤੋਂ ਥਾਣਾ ਸਿਟੀ-1 ਦੀ ਪੁਲਿਸ ਵੱਲੋਂ ਨਸ਼ਿਆਂ ਨੂੰ ਰੋਕਣ ਲਈ ਦਿਖਾਈ ਜਾ ਰਹੀ ਚੌਕਸੀ ਸ਼ਲਾਘਾਯੋਗ ਹੈ, ਜਿਸ ਨਾਲ ਜਿੱਥੇ ਨਸ਼ੇ ਦੇ ਸੌਦਾਗਰਾਂ ਵਿੱਚ ਬੌਖਲਾਹਟ ਪੈਦਾ ਹੋਈ ਹੈ, ਉੱਥੇ ਹੀ ਸਮਾਜ ਭਲਾਈ ਦੀ ਸੋਚ ਰੱਖਣ ਵਾਲੇ ਲੋਕਾਂ ਨੇ ਸੁੱਖ ਦਾ ਸਾਂਹ ਲਿਆ ਹੈ |

ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਸਮਾਜ ਸੇਵੀ ਸੁਖਵਿੰਦਰ ਸਿੰਘ ਗੋਸ਼ਾ ਧਾਲੀਵਾਲ ਨੇ ਪਿਛਲੇ ਦਿਨੀਂ ਪੁਲਿਸ ਵੱਲੋਂ ਥਾਣਾ ਸਿਟੀ-1 ਦੇ ਖੇਤਰ ਅਧੀਨ ਆਉਂਦੇ ਮੁਹੱਲਿਆਂ ਵਿੱਚ ਨਸ਼ਿਆਂ ਦੀ ਖਰੀਦੋ ਫਰੋਕਤ ਰੋਕਣ ਲਈ ਕੀਤੀਆਂ ਗਈਆਂ ਕਾਰਵਾਈਆਂ ਦੀ ਸ਼ਲਾਘਾ ਕਰਦਿਆਂ ਕੀਤਾ |

ਆਗੂ ਗੋਸ਼ਾ ਧਾਲੀਵਾਲ ਨੇ ਕਿਹਾ ਕਿ ਕਰੀਬ ਤਿੰਨ ਮਹੀਨੇ ਪਹਿਲਾਂ ਜਦੋਂ ਤੋਂ ਥਾਣਾ ਸਿਟੀ-1 ਦਾ ਇੰਚਾਰਜ ਸਬ ਇੰਸਪੈਕਟਰ ਕਰਮਜੀਤ ਸਿੰਘ ਨੇ ਸੰਭਾਲਿਆ ਹੈ ਉਦੋਂ ਤੋਂ ਹੀ ਸੁੰਦਰ ਬਸਤੀ, ਅਜੀਤ ਨਗਰ ਅਤੇ ਰਾਮ ਨਗਰ ਬਸਤੀ ਆਦਿ ਮੁਹੱਲਿਆਂ ਵਿੱਚ ਹੋਣ ਵਾਲੇ ਨਸ਼ਿਆਂ ਦੇ ਕਾਰੋਬਾਰ ਨੂੰ ਕਾਫੀ ਹੱਦ ਤੱਕ ਠੱਲ ਪਈ ਹੈ | ਇਸ ਤੋਂ ਇਲਾਵਾ ਇਨ੍ਹਾਂ ਮੁਹੱਲਿਆਂ ਵਿੱਚ ਅਵਾਰਾ ਘੁੰਮਣ ਵਾਲੇ ਨਸ਼ੇੜੀਆਂ ਵਿੱਚ ਵੀ ਡਰ ਬਣਿਆ ਹੈ | ਉਨ੍ਹਾਂ ਆਪਣੇ ਕੁਝ ਸਮੇਂ ਦੇ ਕਾਰਜਕਾਲ ਵਿੱਚ ਹੀ ਕਈ ਸਮਾਜ ਵਿਰੋਧੀ ਅਨਸਰਾਂ ਨੂੰ ਗਿ੍ਫਤਾਰ ਕਰਕੇ ਜੇਲ ਦੀ ਹਵਾ ਖਵਾ ਦਿੱਤੀ ਹੈ |

ਪੁਲਿਸ ਦੀ ਇਸ ਕਾਰਗੁਜਾਰੀ ਤੋਂ ਆਪਣੀ ਸਿਹਤ ਲਈ ਜਾਗਰੂਕ ਨੌਜਵਾਨਾਂ ਅਤੇ ਮੁਹੱਲਾ ਨਿਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਹੈ | ਉਨ੍ਹਾਂ ਦੱਸਿਆ ਕਿ ਜਲਦੀ ਹੀ ਸਿਟੀ-1 ਦੇ ਇੰਚਾਰਜ ਕਰਮਜੀਤ ਸਿੰਘ ਨੂੰ ਇੱਕ ਵਿਸ਼ੇਸ਼ ਸਮਾਗਮ ਵਿੱਚ ਬੁਲਾ ਕੇ ਨਸ਼ੇ ਦੀ ਰੋਕਥਾਮ ਲਈ ਕੀਤੇ ਜਾ ਰਹੇ ਉਪਰਾਲਿਆਂ ਲਈ ਸਨਮਾਨਿਤ ਕੀਤਾ ਜਾਵੇਗਾ | ਉਨ੍ਹਾਂ ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀ ਸੁਰਿੰਦਰ ਲਾਂਬਾ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਸਬ ਇੰਸਪੈਕਟਰ ਕਰਮਜੀਤ ਸਿੰਘ ਵਰਗੇ ਹੋਣਹਾਰ ਅਫਸਰ ਨੂੰ ਸਾਡੇ ਇਲਾਕੇ ਦੀ ਸੁਰੱਖਿਆ ਦਾ ਜਿੰਮਾ ਸੌਂਪਿਆ ਹੈ |

ਇਸ ਮੌਕੇ ਉਨ੍ਹਾਂ ਦੇ ਨਾਲ ਸਮਾਜ ਸੇਵੀ ਰਾਣਾ, ਐਡਵੋਕੇਟ ਜਗਦੀਪ ਸਿੰਘ, ਦੀਪਕ ਘਾਰੂ, ਮਨਜੀਤ ਸਿੰਘ, ਜਸ਼ਨਜੋਤ ਭੱਟੀ, ਸੱਤਪਾਲ ਸਿੰਘ, ਅਕਾਸ਼ ਕੁਮਾਰ ਸਮੇਤ ਹੋਰ ਮੁਹੱਲਾ ਨਿਵਾਸੀ ਵੀ ਹਾਜਰ ਸਨ |