ਅਧਿਕਾਰੀਆਂ ਨੂੰ ਵਧੇਰੇ ਚੌਕਸੀ ਰੱਖਣ ਦੀ ਹਦਾਇਤ

ਲਹਿਰਾ/ਸੰਗਰੂਰ, 29 ਜੂਨ:(ਭੁਪਿੰਦਰ ਵਾਲੀਆਂ)
ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਉਪ ਮੰਡਲ ਮੈਜਿਸਟਰੇਟ ਲਹਿਰਾ ਨਵਰੀਤ ਕੌਰ ਸੇਖੋਂ ਵੱਲੋਂ ਘੱਗਰ ਦਰਿਆ ਨੇੜਲੇ ਵੱਖ ਵੱਖ ਸਥਾਨਾਂ ਦਾ ਦੌਰਾ ਕਰਕੇ ਹੜਾਂ ਤੋਂ ਬਚਾਅ ਲਈ ਮਗਨਰੇਗਾ ਤਹਿਤ ਕਰਵਾਏ ਜਾ ਰਹੇ ਵੱਖ ਵੱਖ ਕੰਮਾਂ ਦਾ ਨਿਰੀਖਣ ਕੀਤਾ। ਉਨਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਬਰਸਾਤੀ ਸੀਜ਼ਨ ਤੋਂ ਪਹਿਲਾਂ ਪਹਿਲਾਂ ਸਮੁੱਚੇ ਕੰਮ ਮੁਕੰਮਲ ਕਰ ਲਏ ਜਾਣ ਤਾਂ ਜੋ ਘੱਗਰ ਵਿੱਚ ਵਧੇਰੇ ਪਾਣੀ ਆਉਣ ਦੀ ਸੂਰਤ ਵਿੱਚ ਕੋਈ ਵੀ ਜਾਨੀ ਜਾਂ ਮਾਲੀ ਨੁਕਸਾਨ ਨਾ ਹੋ ਸਕੇ। ਉਪ ਮੰਡਲ ਮੈਜਿਸਟਰੇਟ ਨੇ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਸੰਭਾਵੀ ਹੜਾਂ ਨਾਲ ਨਜਿੱਠਣ ਲਈ ਉਪਲਬਧ ਸਮੱਗਰੀ ਅਤੇ ਯੋਜਨਾਵਾਂ ਬਾਰੇ ਜਾਇਜ਼ਾ ਲਿਆ ਅਤੇ ਡਿਪਟੀ ਕਮਿਸ਼ਨਰ ਵੱਲੋਂ ਚੌਕਸੀ ਦੇ ਦਿੱਤੇ ਦਿਸ਼ਾ ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣਾ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਘੱਗਰ ਨੇੜੇ ਵਸਦੇ ਲੋਕਾਂ ਦੀ ਜਾਨ-ਮਾਲ ਦੀ ਰਾਖੀ ਲਈ ਪੂਰੀ ਤਰਾਂ ਵਚਨਬੱਧ ਹੈ ਅਤੇ ਜ਼ਿਲਾ ਪ੍ਰਸ਼ਾਸਨ ਸੰਭਾਵੀ ਹੜਾਂ ਦੀ ਕਿਸੇ ਵੀ ਤਰਾਂ ਦੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰਾਂ ਤਿਆਰ ਹੈ।