ਕੈਬਨਿਟ ਮੰਤਰੀ ਡਾ: ਇੰਦਰਬੀਰ ਨਿੱਜਰ ਅਤੇ ਬ੍ਰਹਮ ਸ਼ੰਕਰ ਜਿੰਪਾ ਵੀ ‘ਭਗਵਾਨ ਬਾਲਾਜੀ ਰੱਥ ਯਾਤਰਾ’ ਵਿਚ ਹੋਏ ਸ਼ਾਮਲ

ਚੰਡੀਗੜ/ਲੁਧਿਆਣਾ, 1 ਅਪ੍ਰੈਲ:
ਸੂਬੇ ਦੇ ਉਦਯੋਗਿਕ ਹੱਬ ਵਜੋਂ ਜਾਣੇ ਜਾਂਦੇ ਸ਼ਹਿਰ ਲੁਧਿਆਣਾ ਵਿੱਚ ਸੜਕਾਂ ਦੇ  ਬੁਨਿਆਦੀ ਢਾਂਚੇ ਅਤੇ ਹਰਿਆਵਲ ਨੂੰ ਹੁਲਾਰਾ ਦੇਣ ਦੇ ਮੱਦੇਨਜ਼ਰ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ: ਇੰਦਰਬੀਰ ਸਿੰਘ ਨਿੱਜਰ ਨੇ ਸ਼ਨੀਵਾਰ ਨੂੰ ਲਗਭਗ 3.35 ਕਰੋੜ ਰੁਪਏ ਦੇ ਵੱਖ-ਵੱਖ ਸੜਕੀ ਪੁਨਰ ਨਿਰਮਾਣ ਅਤੇ ਪਾਰਕਾਂ ਦੇ ਨਵੀਨੀਕਰਨ ਸਬੰਧੀ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ।
ਇਨਾਂ ਪ੍ਰੋਜੈਕਟਾਂ ਵਿੱਚ 1.58 ਕਰੋੜ ਰੁਪਏ ਦੀ ਲਾਗਤ ਨਾਲ ਹੈਬੋਵਾਲ ਮੇਨ ਪੁਲੀ (ਬੁੱਢੇ ਨਾਲ਼ੇ ਉੱਤੇ ਪੁਲ) ਤੋਂ ਰੇਲਵੇ ਲਾਈਨ ਤੱਕ ਸੜਕ ਦਾ ਪੁਨਰ ਨਿਰਮਾਣ, ਹਾਲ ਹੀ ਵਿੱਚ ਪੁਰਾਣੀ ਜੀ.ਟੀ ਰੋਡ (ਨੇੜੇ ਛਾਉਣੀ ਮੁਹੱਲਾ ਅਤੇ ਮੰਨਾ ਸਿੰਘ ਨਗਰ) ‘ਤੇ ਕਰੀਬ 1 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਗਏ ਪੰਜ ਪਾਰਕਾਂ ਦਾ ਉਦਘਾਟਨ ਕਰਨਾ ਸ਼ਾਮਲ ਹੈ। ਇਸਦੇ ਨਾਲ ਹੀ  ਸੈਨ ਜੈਨ ਪਬਲਿਕ ਸਕੂਲ ਨੇੜੇ ਕਿਲਾ ਮੁਹੱਲਾ ਵਿੱਚ ਕਰੀਬ 77 ਲੱਖ ਰੁਪਏ ਦੀ ਲਾਗਤ ਨਾਲ ਸੜਕ ਦਾ ਪੁਨਰ ਨਿਰਮਾਣ ਵੀ  ਸ਼ਾਮਲ ਹੈ।Dr Nijjar stated that these funds are used to take up development works and to provide basic amenities to the residents
ਲੁਧਿਆਣਾ ਉੱਤਰੀ ਹਲਕੇ ਤੋਂ ਵਿਧਾਇਕ ਮਦਨ ਲਾਲ ਬੱਗਾ ਅਤੇ ਲੁਧਿਆਣਾ ਕੇਂਦਰੀ ਹਲਕੇ ਤੋਂ ਵਿਧਾਇਕ ਅਸੋਕ ਪਰਾਸ਼ਰ ਪੱਪੀ ਦੇ ਨਾਲ ਮੰਤਰੀ ਡਾ: ਨਿੱਜਰ ਨੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਦੀ ਅਗਵਾਈ ਵਾਲੀ ਸੂਬਾ ਸਰਕਾਰ ਸ਼ਹਿਰ ਭਰ ਵਿੱਚ ਬੁਨਿਆਦੀ ਢਾਂਚੇ ਨੂੰ ਹੁਲਾਰਾ ਦੇਣ ਲਈ ਕੰਮ ਕਰ ਰਹੀ ਹੈ। ਇਸੇ ਤਹਿਤ ਲੁਧਿਆਣਾ ਸ਼ਹਿਰ ਵਿੱਚ ਵੀ ਕਰੋੜਾਂ ਰੁਪਏ ਦੇ ਪ੍ਰਾਜੈਕਟ ਲਾਏ ਜਾ ਰਹੇ ਹਨ।
ਮੰਤਰੀ ਡਾ: ਨਿੱਜਰ ਨੇ ਹਾਲ ਹੀ ਵਿੱਚ ਮੁਰੰਮਤ ਕੀਤੇ ਗਏ ਪਾਰਕਾਂ ਵਿੱਚੋਂ ਇੱਕ ਪਾਰਕ ਦਾ ਨਾਮ ਸਾਹਿਬਜ਼ਾਦਾ ਬਾਬਾ ਫਤਹਿ ਸਿੰਘ ਦੇ ਨਾਂ ’ਤੇ ਰੱਖਣ ਲਈ ਵਿਧਾਇਕ ਬੱਗਾ ਅਤੇ ਹੋਰਨਾਂ ਦੀ ਸ਼ਲਾਘਾ ਕੀਤੀ।
ਡਾ: ਨਿੱਜਰ ਨੇ ਅੱਗੇ ਦੱਸਿਆ ਕਿ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਨਿਰਧਾਰਤ ਸਮੇਂ ਵਿੱਚ ਕੰਮ ਮੁਕੰਮਲ ਕਰਨ ਅਤੇ ਇਹ ਯਕੀਨੀ ਬਣਾਉਣ ਕਿ ਵਿਕਾਸ ਕਾਰਜਾਂ ਦੀ ਗੁਣਵੱਤਾ ਨਾਲ ਕੋਈ ਸਮਝੌਤਾ ਨਾ ਹੋਵੇ। ਡਾ: ਨਿੱਜਰ ਨੇ ਕਿਹਾ ਕਿ ਜ਼ਮੀਨੀ ਪੱਧਰ ‘ਤੇ ਲੋਕਾਂ ਨੂੰ ਬਿਹਤਰ ਬੁਨਿਆਦੀ ਢਾਂਚਾ ਅਤੇ ਸਹੂਲਤਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ ਸ਼ਹਿਰ ਵਿੱਚ ਬਹੁਤ ਸਾਰੇ ਵਿਕਾਸ ਪ੍ਰੋਜੈਕਟ ਚਲਾਏ ਜਾ ਰਹੇ ਹਨ।
ਇਸ ਮੌਕੇ ਲੁਧਿਆਣਾ ਪੱਛਮੀ ਦੇ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ, ਆਤਮ ਨਗਰ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ, ਲੁਧਿਆਣਾ ਦੱਖਣੀ ਤੋਂ ਵਿਧਾਇਕ ਰਜਿੰਦਰਪਾਲ ਕੌਰ ਛੀਨਾ, ਲੁਧਿਆਣਾ ਪੂਰਬੀ ਦੇ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ, ਸਾਹਨੇਵਾਲ ਦੇ ਵਿਧਾਇਕ ਹਰਦੀਪ ਸਿੰਘ ਮੁੰਡੀਆਂ, ਨਗਰ ਨਿਗਮ ਕਮਿਸ਼ਨਰ ਡਾ: ਸਨੇਹਾ ਅਗਰਵਾਲ, ਲੁਧਿਆਣਾ ਇੰਪਰੂਵਮੈਂਟ ਟਰੱਸਟ (ਲਿਟ) ਦੇ ਚੇਅਰਮੈਨ ਤਰਸੇਮ ਸਿੰਘ ਭਿੰਡਰ, ਕੌਂਸਲਰ ਰਾਕੇਸ਼ ਪਰਾਸ਼ਰ ਆਦਿ ਵੀ  ਹਾਜਰ ਸਨ।
ਸਨਿੱਚਰਵਾਰ ਨੂੰ ਪੁਰਾਣੇ ਸ਼ਹਿਰ ਦੇ ਇਲਾਕਿਆਂ ਵਿੱਚ ਆਯੋਜਿਤ ਭਗਵਾਨ ਬਾਲਾ ਜੀ ਦੀ ਯਾਤਰਾ ਵਿੱਚ ਕੈਬਨਿਟ ਮੰਤਰੀਆਂ ਡਾ: ਇੰਦਰਬੀਰ ਸਿੰਘ ਨਿੱਜਰ ਅਤੇ ਬ੍ਰਹਮ ਸ਼ੰਕਰ ਜਿੰਪਾ ਨੇ ਵੀ ਸ਼ਿਰਕਤ ਕੀਤੀ।
ਡਾ: ਨਿੱਜਰ ਨੇ ਪ੍ਰਾਪਰਟੀ ਟੈਕਸ ਦੀ ਮਿਸਾਲੀ ਅਤੇ ਹੁਣ ਤੱਕ ਦੀ ਸਰਬ ਉੱਚ ਵਸੂਲੀ ਲਈ ਨਗਰ ਨਿਗਮ ਲੁਧਿਆਣਾ ਦੀ ਸ਼ਲਾਘਾ ਕੀਤੀ।
ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ: ਇੰਦਰਬੀਰ ਸਿੰਘ ਨਿੱਜਰ ਨੇ ਨਗਰ ਨਿਗਮ ਕਮਿਸ਼ਨਰ ਡਾ: ਸਨੇਹਾ ਅਗਰਵਾਲ ਵੱਲੋਂ ਵਿੱਤੀ ਸਾਲ (2022-23) ਦੌਰਾਨ ਮਿਉਂਸਪਲ ਕਾਰਪੋਰੇਸ਼ਨ ਲੁਧਿਆਣਾ ਵੱਲੋਂ ਪ੍ਰਾਪਰਟੀ ਟੈਕਸ ਦੀ ਰਿਕਾਰਡ ਤੋੜ ਰਿਕਵਰੀ ਲਈ ਸ਼ਲਾਘਾ ਕੀਤੀ।

100 ਕਰੋੜ ਰੁਪਏ ਦੇ ਸਾਲਾਨਾ ਰਿਕਵਰੀ ਟੀਚੇ  ਵਿਰੁੱਧ, ਨਗਰ ਨਿਗਮ  ਲੁਧਿਆਣਾ ਨੇ ਵਿੱਤੀ ਸਾਲ 2022-23 ਦੌਰਾਨ ਲਗਭਗ 125 ਕਰੋੜ ਰੁਪਏ ਦੀ ਵਸੂਲੀ ਕੀਤੀ ਹੈ। ਸਰਕਾਰ ਦੁਆਰਾ ਸਾਲ 2013-14 ਵਿੱਚ ਟੈਕਸ ਲਾਗੂ ਕੀਤੇ ਜਾਣ ਤੋਂ ਬਾਅਦ ਕਿਸੇ ਵਿਸ਼ੇਸ਼ ਵਿੱਤੀ ਸਾਲ ਦੌਰਾਨ ਟੈਕਸ ਦੀ ਇਹ ਹੁਣ ਤੱਕ ਦੀ ਸਭ ਤੋਂ ਵੱਧ ਵਸੂਲੀ ਹੈ।

ਡਾ: ਨਿੱਜਰ ਨੇ ਦੱਸਿਆ ਕਿ ਇਨਾਂ ਫੰਡਾਂ ਦੀ ਵਰਤੋਂ ਵਿਕਾਸ ਕਾਰਜਾਂ ਅਤੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਲਈ ਕੀਤੀ ਜਾਂਦੀ ਹੈ।