ਸੰਗਰੂਰ, 19 ਜੂਨ: (ਭੁਪਿੰਦਰ ਵਾਲੀਆ) ਚੋਣ ਕਮਿਸ਼ਨ ਵੱਲੋਂ ਲੋਕ ਸਭਾ ਹਲਕਾ ਸੰਗਰੂਰ ਦੀ ਉਪ ਚੋਣ ਲਈ ਤਾਇਨਾਤ ਜਨਰਲ ਅਬਜ਼ਰਵਰ ਸ਼੍ਰੀ ਮੁਹੰਮਦ ਜ਼ੁਬੇਰ ਅਲੀ ਹਾਸ਼ਮੀ ਵੱਲੋਂ ਰਿਟਰਨਿੰਗ ਅਫ਼ਸਰ ਸ਼੍ਰੀ ਜਤਿੰਦਰ ਜੋਰਵਾਲ ਦੀ ਹਾਜ਼ਰੀ ਵਿੱਚ ਜ਼ਿਲਾ ਸੰਗਰੂਰ, ਜ਼ਿਲਾ ਬਰਨਾਲਾ ਤੇ ਵਿਧਾਨ ਸਭਾ ਹਲਕਾ ਮਲੇਰਕੋਟਲਾ ਦੇ ਸਾਰੇ ਸਹਾਇਕ ਰਿਟਰਨਿੰਗ ਅਫ਼ਸਰਾਂ, ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਨਾਲ ਉਪ ਚੋਣ ਦੀਆਂ ਤਿਆਰੀਆਂ ਸਬੰਧੀ ਸਮੀਖਿਆ ਮੀਟਿੰਗ ਕੀਤੀ। ਉਨਾਂ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਉਪ ਚੋਣ ਤੋਂ 72 ਘੰਟੇ ਪਹਿਲਾਂ, 48 ਘੰਟੇ ਪਹਿਲਾਂ ਤੇ 24 ਘੰਟੇ ਪਹਿਲਾਂ ਲਈ ਜਾਰੀ ਸਾਰੇ ਐਸ.ਓ.ਪੀ ਦੀ ਇੰਨ ਬਿੰਨ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ ਅਤੇ ਪੂਰੀ ਚੌਕਸੀ ਰੱਖਦੇ ਹੋਏ ਸਮੁੱਚੇ ਪ੍ਰਬੰਧਾਂ ਨੂੰ ਸਫ਼ਲਤਾਪੂਰਵਕ ਨੇਪਰੇ ਚੜਾਇਆ ਜਾਵੇ। ਜਨਰਲ ਅਬਜ਼ਰਵਰ ਸ਼੍ਰੀ ਹਾਸ਼ਮੀ ਨੇ ਕਿਹਾ ਕਿ ਲੋਕ ਸਭਾ ਉਪ ਚੋਣ ਨੂੰ ਪੂਰੀ ਤਰਾਂ ਸੁਰੱਖਿਅਤ, ਪਾਰਦਰਸ਼ੀ ਅਤੇ ਸ਼ਾਂਤੀਪੂਰਵਕ ਨੇਪਰੇ ਚੜਾਉਣ ਲਈ ਪੁਲਿਸ-ਪ੍ਰਸ਼ਾਸਨ ਪੂਰੀ ਤਰਾਂ ਮੁਸਤੈਦ ਰਹੇ ਅਤੇ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਅਮਨ ਕਾਨੂੰਨ ਭੰਗ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ। ਉਨਾਂ ਕਿਹਾ ਕਿ ਵੋਟਰਾਂ ਨੂੰ ਨਕਦੀ, ਸ਼ਰਾਬ ਜਾਂ ਮੁਫ਼ਤ ਚੀਜ਼ਾਂ ਦੇਣਾ ਕਾਨੂੰਨੀ ਜੁਰਮ ਹੈ ਜਿਸ ਤਹਿਤ ਆਈ.ਪੀ.ਸੀ ਅਧੀਨ ਸਜ਼ਾ ਜਾਂ ਜੁਰਮਾਨਾ ਜਾਂ ਦੋਵੇਂ ਹੀ ਹੋ ਸਕਦੇ ਹਨ।
ਇਸ ਮੌਕੇ ਰਿਟਰਨਿੰਗ ਅਧਿਕਾਰੀ ਸ਼੍ਰੀ ਜਤਿੰਦਰ ਜੋਰਵਾਲ ਨੇ ਕਿਹਾ ਕਿ ਲੋਕ ਸਭਾ ਉਪ ਚੋਣ ਦੇ ਸਮੁੱਚੇ ਅਮਲ ਨੂੰ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਸ਼ਾਂਤੀਪੂਰਵਕ ਨੇਪਰੇ ਚੜਾਉਂਦੇ ਹੋਏ ਹਰ ਵੋਟਰ ਨੂੰ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਇਆ ਜਾਵੇਗਾ ਅਤੇ ਸਾਰੇ ਨਾਗਰਿਕ ਬਿਨਾਂ ਕਿਸੇ ਡਰ ਅਤੇ ਭੈਅ ਤੋਂ ਆਪਣੇ ਵੋਟ ਦੇ ਅਧਿਕਾਰ ਦੀ ਲਾਜ਼ਮੀ ਤੌਰ ’ਤੇ ਵਰਤੋਂ ਕਰਨ। ਰਿਟਰਨਿੰਗ ਅਫ਼ਸਰ ਨੇ ਕਿਹਾ ਕਿ ਗੈਰ ਸਮਾਜਿਕ ਅਨਸਰਾਂ ਨੂੰ ਸਖ਼ਤੀ ਨਾਲ ਠੱਲ ਪਾਈ ਜਾਵੇ ਅਤੇ ਪੁਲਿਸ ਤੇ ਸਿਵਲ ਪ੍ਰਸਾਸਨ ਆਪਸ ਵਿੱਚ ਪੂਰੀ ਤਰਾਂ ਤਾਲਮੇਲ ਰੱਖੇ। ਮੀਟਿੰਗ ਦੌਰਾਨ ਵਧੀਕ ਜ਼ਿਲਾ ਚੋਣ ਅਫ਼ਸਰ ਅਨਮੋਲ ਸਿੰਘ ਧਾਲੀਵਾਲ, ਵਧੀਕ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਤੋਂ ਇਲਾਵਾ ਸਮੂਹ ਸਹਾਇਕ ਰਿਟਰਨਿੰਗ ਅਧਿਕਾਰੀ, ਸਹਾਇਕ ਕਮਿਸ਼ਨਰ, ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਵੀ ਹਾਜ਼ਰ ਸਨ।