ਜਤਿੰਦਰ ਜੋਰਵਾਲ ਵੱਲੋਂ ਮੈਰੀਟੋਰੀਅਸ ਸਕੂਲ ਘਾਬਦਾਂ ਦੇ ਵਿਦਿਆਰਥੀਆਂ ਦੀ ਤਬੀਅਤ ਵਿਗੜਨ ਦਾ ਮਾਮਲਾ ਸਾਹਮਣੇ ਆਉਣ ‘ਤੇ ਤੁਰੰਤ ਐਕਸ਼ਨ

17

ਜਤਿੰਦਰ ਜੋਰਵਾਲ ਵੱਲੋਂ ਮੈਰੀਟੋਰੀਅਸ ਸਕੂਲ ਘਾਬਦਾਂ ਦੇ ਵਿਦਿਆਰਥੀਆਂ ਦੀ ਤਬੀਅਤ ਵਿਗੜਨ ਦਾ ਮਾਮਲਾ ਸਾਹਮਣੇ ਆਉਣ ‘ਤੇ ਤੁਰੰਤ ਐਕਸ਼ਨ

ਕੰਟੀਨ ਠੇਕੇਦਾਰ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਦੇ ਆਦੇਸ਼, ਬਹੁਤੇ ਵਿਦਿਆਰਥੀ ਮੁਢਲੇ ਇਲਾਜ ਮਗਰੋਂ ਤੰਦਰੁਸਤ ਹੋ ਕੇ ਘਰਾਂ ਨੂੰ ਪਰਤੇ

ਚਾਰ ਮੈਂਬਰੀ ਕਮੇਟੀ ਦਾ ਗਠਨ, ਇੱਕ ਹਫ਼ਤੇ ਵਿੱਚ ਸੌਂਪੇਗੀ ਰਿਪੋਰਟ

ਡਿਪਟੀ ਕਮਿਸ਼ਨਰ ਅਤੇ ਐਸਐਸਪੀ ਵੱਲੋਂ ਪ੍ਰੈਸ ਕਾਨਫਰੰਸ

ਸੰਗਰੂਰ, 2 ਦਸੰਬਰ –

ਮੈਰੀਟੋਰੀਅਸ ਸਕੂਲ ਘਾਬਦਾਂ ਦੇ ਵਿਦਿਆਰਥੀਆਂ ਦੀ ਤਬੀਅਤ ਵਿਗੜਨ ਦਾ ਮਾਮਲਾ ਸਾਹਮਣੇ ਆਉਂਦਿਆਂ ਹੀ ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਵੱਲੋਂ ਤੁਰੰਤ ਐਕਸ਼ਨ ਲੈਂਦਿਆਂ ਸਕੂਲ ਦੇ ਠੇਕੇਦਾਰ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਉਣ ਦੀ ਪ੍ਰਕਿਰਿਆ ਆਰੰਭ ਦਿੱਤੀ ਹੈ। ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਇਹ ਜਾਣਕਾਰੀ ਅੱਜ ਐਸਐਸਪੀ ਸਰਤਾਜ ਸਿੰਘ ਚਹਿਲ ਸਮੇਤ ਹੋਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਪੱਤਰਕਾਰ ਸੰਮੇਲਨ ਕਰਦਿਆਂ ਦਿੱਤੀ। ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਮਿਲੇ ਦਿਸ਼ਾ ਨਿਰਦੇਸ਼ਾਂ ਹੇਠ ਇਸ ਮਾਮਲੇ ਵਿੱਚ ਸ਼ਾਮਲ ਕਿਸੇ ਵੀ ਪੱਧਰ ਦੇ ਅਧਿਕਾਰੀ ਜਾਂ ਕਰਮਚਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਸਾਰੇ ਪਹਿਲੂਆਂ ਦੀ ਡੂੰਘਾਈ ਨਾਲ ਜਾਂਚ ਲਈ ਉਪ ਮੰਡਲ ਮੈਜਿਸਟਰੇਟ ਸੰਗਰੂਰ ਚਰਨਜੋਤ ਸਿੰਘ ਵਾਲੀਆ ਦੀ ਅਗਵਾਈ ਹੇਠ ਚਾਰ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਜੋ ਇੱਕ ਹਫ਼ਤੇ ਅੰਦਰ ਆਪਣੀ ਰਿਪੋਰਟ ਸੌਂਪੇਗੀ। ਉਨ੍ਹਾਂ ਦੱਸਿਆ ਕਿ ਇਸ ਕਮੇਟੀ ਵਿੱਚ ਤਹਿਸੀਲਦਾਰ, ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ, ਸੀਨੀਅਰ ਮੈਡੀਕਲ ਅਫ਼ਸਰ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬੀਤੀ ਰਾਤ 18 ਵਿਦਿਆਰਥੀ ਸਿਵਲ ਹਸਪਤਾਲ ਸੰਗਰੂਰ ਵਿਖੇ ਦਾਖਲ ਹੋਏ ਸਨ ਜਿਨ੍ਹਾਂ ਵਿੱਚੋਂ 14 ਤੰਦਰੁਸਤ ਹੋ ਕੇ ਘਰਾਂ ਨੂੰ ਪਰਤ ਗਏ ਅਤੇ ਅੱਜ 36 ਦੇ ਕਰੀਬ ਹੋਰ ਵਿਦਿਆਰਥੀ ਸਿਵਲ ਹਸਪਤਾਲ ਅਤੇ 20 ਵਿਦਿਆਰਥੀ ਘਾਬਦਾਂ ਵਿਚ ਹੀ ਪੀਜੀਆਈ ਸੈਂਟਰ ਵਿਚ ਦਾਖਲ ਹੋਏ ਜਿਨ੍ਹਾਂ ਦੀ ਹਾਲਤ ਸਥਿਰ ਹੈ।

ਉਨ੍ਹਾਂ ਦੱਸਿਆ ਕਿ ਕਿਸੇ ਵੀ ਵਿਦਿਆਰਥੀ ਨੂੰ ਹਸਪਤਾਲ ਵਿੱਚ ਦਸਤ ਜਾਂ ਉਲਟੀ ਜਿਹੀ ਸਮੱਸਿਆ ਸਾਹਮਣੇ ਨਹੀਂ ਆਈ ਪਰ ਵਿਦਿਆਰਥੀਆਂ ਦੇ ਦੱਸਣ ਅਨੁਸਾਰ ਸਕੂਲ ਵਿੱਚ ਖਾਣੇ ਮਗਰੋਂ ਉਨ੍ਹਾਂ ਨੂੰ ਇਹ ਪ੍ਰੇਸ਼ਾਨੀ ਆਈ ਸੀ।

ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਹਿਤਿਆਤ ਵਜੋਂ ਮੈਰੀਟੋਰੀਅਸ ਸਕੂਲ ਘਾਬਦਾਂ ਵਿਚ 2 ਡਾਕਟਰ, 14 ਪੈਰਾ ਮੈਡੀਕਲ ਸਟਾਫ ਅਤੇ 2 ਐਂਬੂਲੈਂਸ ਤਾਇਨਾਤ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੇ ਸਾਹਮਣੇ ਆਉਣ ਮਗਰੋਂ ਪੰਜਾਬ ਦੇ ਬਾਕੀ 9 ਮੈਰੀਟੋਰੀਅਸ ਸਕੂਲਾਂ ਵਿੱਚ ਵੀ ਖਾਣੇ ਦੀ ਸੈਂਪਲਿੰਗ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਘਾਬਦਾਂ ਮੈਰੀਟੋਰੀਅਸ ਸਕੂਲ ਵਿੱਚ ਕਿੰਗਸ ਕਲਿੱਫ ਨਾਂ ਦੇ ਵੈਂਡਰ ਦਾ ਠੇਕਾ ਤੁਰੰਤ ਪ੍ਰਭਾਵ ਨਾਲ ਰੱਦ ਕਰਦਿਆਂ ਐਫ ਆਈ ਆਰ ਦਰਜ ਕਰਨ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ।

ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਬੱਚੇ ਦੇਸ਼ ਦਾ ਭਵਿੱਖ ਹਨ ਅਤੇ ਇਨ੍ਹਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਪ੍ਰੈਸ ਕਾਨਫਰੰਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਅਨਮੋਲ ਸਿੰਘ ਧਾਲੀਵਾਲ, ਜ਼ਿਲ੍ਹਾ ਸਿੱਖਿਆ ਅਫ਼ਸਰ ਸੰਜੀਵ ਸ਼ਰਮਾ, ਸਿਵਲ ਸਰਜਨ ਡਾ ਅੰਜੂ ਅਤੇ ਸੀਨੀਅਰ ਮੈਡੀਕਲ ਅਫ਼ਸਰ ਕਿਰਪਾਲ ਸਿੰਘ ਵੀ ਹਾਜ਼ਰ ਸਨ।

Google search engine