ਯਾਸਾ ਉਹ ਕਾਨੂੰਨ ਸੀ ਜਿਹੜਾ ਕਿ ਚੰਗੇਜ਼ ਖ਼ਾਨ ਨੇ ਬਣਾਇਆ ਸੀ। ਇਸ ਕਾਨੂੰਨ ਅਧੀਨ ਕਿਸੇ ਵੀ ਧਾਰਮਿਕ ਪੁਰਖ ਨੂੰ ਮਾਰਨ ਲਈ ਉਸ ਨੂੰ ਅਜਿਹੇ ਤਸੀਹੇ ਦਿੱਤੇ ਜਾਂਦੇ ਸਨ ਜਿਸ ਨਾਲ ਉਸਦੀ ਮੌਤ ਹੋ ਜਾਂਦੀ ਸੀ ਪਰ ਉਸ ਦੇ ਸਰੀਰ ਵਿਚੋਂ ਖ਼ੂਨ ਨਹੀਂ ਨਿਕਲਦਾ ਸੀ।

ਯਾਸਾ ਦੇ ਹੋਂਦ ਵਿਚ ਆਉਣ ਤੋਂ ਪਹਿਲਾਂ ਵੀ ਇਸ ਢੰਗ ਨਾਲ ਵਿਰੋਧੀਆਂ ਨੂੰ ਮਾਰਨ ਦਾ ਵਿਧਾਨ ਦੇਖਣ ਨੂੰ ਮਿਲਦਾ ਹੈ।

ਕਿਹਾ ਜਾਂਦਾ ਹੈ ਕਿ ਚੰਗੇਜ਼ ਖ਼ਾਨ ਨੇ ਬਹੁਤ ਸਾਰੇ ਕਬੀਲਿਆਂ ਨੂੰ ਇਕੱਤਰ ਕਰਕੇ ਆਪਣੇ ਸਾਮਰਾਜ ਦੀ ਸਥਾਪਨਾ ਕੀਤੀ ਸੀ। ਇਸੇ ਦੌਰਾਨ ਇਸਨੇ ਇਕ ਹੋਰ ਕਬੀਲੇ ਦੇ ਸੂਰਬੀਰ ਜਮੂਖਾ ਨੂੰ ਦੋਸਤੀ ਦੀ ਪੇਸ਼ਕਸ਼ ਕੀਤੀ ਸੀ ਅਤੇ ਉਸਦੀ ਫ਼ੌਜ ਦੇ ਬਹੁਤ ਸਾਰੇ ਬੇਈਮਾਨ ਅਫ਼ਸਰਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ।

ਜਮੂਖਾ ਨੇ ਚੰਗੇਜ਼ ਖ਼ਾਨ ਦੀ ਦੋਸਤੀ ਨੂੰ ਪ੍ਰਵਾਨ ਨਾ ਕਰਦੇ ਹੋਏ ਉਸਨੂੰ ਕਿਹਾ ਕਿ ਅਸਮਾਨ ਵਿਚ ਕੇਵਲ ਇਕ ਹੀ ਸੂਰਜ ਰਹਿ ਸਕਦਾ ਹੈ। ਇਸ ਲਈ ਉਸਨੂੰ ਮੌਤ ਦੇ ਘਾਟ ਉਤਾਰ ਕੇ ਚੰਗੇਜ਼ ਇਸ ਧਰਤੀ ਦਾ ਬਾਦਸ਼ਾਹ ਬਣ ਜਾਵੇ।

ਜਮੂਖਾ ਨੇ ਕਿਹਾ ਕਿ ਉਸਨੂੰ ਅਜਿਹੀ ਮੌਤ ਪ੍ਰਵਾਨ ਹੈ ਹੈ ਜਿਸ ਨਾਲ ਸਰੀਰ ਵਿਚੋਂ ਖ਼ੂਨ ਨਾ ਨਿਕਲੇ। ਚੰਗੇਜ਼ ਖ਼ਾਨ ਨੇ ਉਸਦੀ ਰੀੜ ਦੀ ਹੱਡੀ ਤੋੜ ਕੇ ਉਸ ਨੂੰ ਮਾਰ ਦਿੱਤਾ ਸੀ। ਇਸ ਤੋਂ ਪਹਿਲਾਂ ਜਮੂਖਾ ਨੇ ਵੀ ਆਪਣੇ ਬਹੁਤ ਸਾਰੇ ਦੁਸ਼ਮਣ ਜਰਨੈਲਾਂ ਨੂੰ ਇਸੇ ਤਰਾਂ ਦੀ ਮੌਤ ਪ੍ਰਦਾਨ ਕੀਤੀ ਸੀ।

ਚੰਗੇਜ਼ ਖ਼ਾਨ ਦੀ ਬਾਰ੍ਹਵੀਂ ਪੀੜੀ ਵਿਚੋਂ ਬਾਬਰ ਸੀ। ਭਾਵੇਂ ਕਿ ਉਹ ਚੰਗੇਜ਼ ਖ਼ਾਨ ਦੇ ਕੁੱਝ ਕਾਨੂੰਨਾਂ ਨਾਲ ਸਹਿਮਤ ਨਹੀਂ ਸੀ ਪਰ ਉਹ ਕਹਿੰਦਾ ਹੈ ਕਿ ਇਹਨਾਂ ਕਾਨੂੰਨਾਂ ਨੇ ਕਬੀਲਿਆਂ ਵਿਚ ਰਹਿਣ-ਸਹਿਣ, ਉਠਣ-ਬੈਠਣ, ਅਦਾਲਤਾਂ ਦੇ ਤੌਰ-ਤਰੀਕਿਆਂ ਦੀ ਇਕ ਅਜਿਹੀ ਵਿਧੀ ਤਿਆਰ ਕੀਤੀ ਜਿਹੜੀ ਕਿ ਰਾਜ ਅਤੇ ਸਮਾਜ ਨੂੰ ਸੁਚਾਰੂ ਰੂਪ ਵਿਚ ਚਲਾਉਣ ਲਈ ਸਹਾਈ ਸਿੱਧ ਹੋਈ ਹੈ।

ਬਾਬਰ ਦੇ ਵੰਸ਼ ਦੀ ਚੌਥੀ ਪੀੜ੍ਹੀ ਵਿਚ ਜਹਾਂਗੀਰ ਹੋਇਆ ਹੈ ਜਿਸਨੇ ਆਪਣੇ ਪੂਰਵਜਾਂ ਦੁਆਰਾ ਤਿਆਰ ਕੀਤੇ ਗਏ ਯਾਸਾ ਦੇ ਕਾਨੂੰਨ ਤਹਿਤ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰ ਦਿੱਤਾ ਸੀ।