ਖੇਤੀਬਾੜੀ ਸਹਿਕਾਰੀ ਵਿਕਾਸ ਬੈਂਕ ਦੇ ਨਵੇਂ ਬਣੇ ਚੇਅਰਮੈਨ ਅਤੇ ‘ਆਪ’ ਪਾਰਟੀ ਦੇ ਸੀਨੀਅਰ ਆਗੂ ਅਜੈਪਾਲ ਸਿੰਘ ਗਿੱਲ ਨੇ ਆਪਣੀ ਕੋਠੀ ਵਿਚ ਹੀ ਫਾਹਾ ਲੈ ਕੇ ਕੀਤੀ ਖੁਦਕੁਸ਼ੀ

0
29

ਮਾਛੀਵਾੜਾ ਸਾਹਿਬ (ਹਰਜਿੰਦਰ ਭੋਲਾ )  ਮਾਛੀਵਾੜਾ’ ਖੇਤੀਬਾੜੀ ਸਹਿਕਾਰੀ ਵਿਕਾਸ ਬੈਂਕ ਦੇ ਨਵੇਂ ਬਣੇ ਚੇਅਰਮੈਨ ਅਤੇ ‘ਆਪ’ ਪਾਰਟੀ ਦੇ ਸੀਨੀਅਰ ਆਗੂ ਅਜੈਪਾਲ ਸਿੰਘ ਗਿੱਲ ਨੇ ਆਪਣੀ ਕੋਠੀ ਵਿਚ ਹੀ ਫਾਹਾ ਲੈ ਕੇ ਆਤਮ-ਹੱਤਿਆ ਕਰ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਅਜੈਪਾਲ ਸਿੰਘ ਗਿੱਲ ‘ਆਪ’ ਆਗੂਆਂ ਨਾਲ ਪਿੰਡਾਂ ਵਿਚ ਮੀਟਿੰਗਾਂ ’ਚ ਰੁਝੇ ਰਹੇ ਅਤੇ ਕਰੀਬ 9 ਵਜੇ ਉਹ ਅਢਿਆਣਾ ਵਿਖੇ ਸਥਿਤ ਆਪਣੇ ਘਰ ਪਰਤੇ। ਪਰਿਵਾਰਕ ਮੈਂਬਰਾਂ ਦੇ ਦੱਸਣ ਅਨੁਸਾਰ ਘਰ ਵਿਚ ਉਨ੍ਹਾਂ ਦੀ ਪਤਨੀ ਅਤੇ ਬੇਟੀ ਹੀ ਸੀ ਅਤੇ ਉਹ ਰੋਜ਼ਾਨਾ ਦੀ ਤਰ੍ਹਾਂ ਸੌਣ ਲਈ ਆਪਣੇ ਕਮਰੇ ਵਿਚ ਚਲੇ ਗਏ। ਸਵੇਰੇ ਜਦੋਂ ਉਹ ਆਪਣੇ ਕਮਰੇ ਤੋਂ ਬਾਹਰ ਨਾ ਆਏ ਤਾਂ ਪਤਨੀ ਦੇ ਦਰਵਾਜ਼ਾ ਖੜਕਾਉਣ ’ਤੇ ਵੀ ਉਨ੍ਹਾਂ ਨਾ ਖੋਲ੍ਹਿਆ। ਪਤਨੀ ਵਲੋਂ ਖਿੜਕੀ ’ਚੋਂ ਦੇਖਿਆ ਤਾਂ ਉਨ੍ਹਾਂ ਦੇ ਪਤੀ ਅਜੈਪਾਲ ਗਿੱਲ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਪਤਨੀ ਨੇ ਤੁਰੰਤ ਆਪਣੇ ਰਿਸ਼ਤੇਦਾਰਾਂ ਨੂੰ ਸੂਚਿਤ ਕੀਤਾ ਜਿਸ ’ਤੇ ਉਹ ਵੀ ਤੁਰੰਤ ਮੌਕੇ ’ਤੇ ਪਹੁੰਚ ਗਏ।

 

ਘਟਨਾ ਦੀ ਸੂਚਨਾ ਮਿਲਦੇ ਹੀ ਡੀ.ਐੱਸ.ਪੀ. ਹਰਵਿੰਦਰ ਸਿੰਘ ਖਹਿਰਾ ਅਤੇ ਥਾਣਾ ਮੁਖੀ ਵਿਜੈ ਕੁਮਾਰ ਵੀ ਮੌਕੇ ’ਤੇ ਪੁੱਜੇ ਗਏ ਜਿਨ੍ਹਾਂ ਮੌਕੇ ਦਾ ਜਾਇਜ਼ਾ ਲਿਆ। ਚੇਅਰਮੈਨ ਅਜੈਪਾਲ ਗਿੱਲ ਨੇ ਪਰਨੇ ਦਾ ਫਾਹਾ ਬਣਾ ਕੇ ਪੱਖੇ ਨਾਲ ਬੰਨਿਆ ਅਤੇ ਫਿਰ ਬੈੱਡ ’ਤੇ ਬਾਲਟੀ ਰੱਖ ਕੇ ਉਸਨੇ ਖੁਦਕੁਸ਼ੀ ਕਰ ਲਈ। ਚੇਅਰਮੈਨ ਅਜੈਪਾਲ ਗਿੱਲ ਦੇ ਕਮਰੇ ’ਚੋਂ ਕੋਈ ਵੀ ਸੁਸਾਇਡ ਨੋਟ ਨਹੀਂ ਮਿਲਿਆ ਜਿੱਥੋਂ ਕਿ ਆਤਮ-ਹੱਤਿਆ ਦੇ ਕਾਰਨਾਂ ਦਾ ਪਤਾ ਲੱਗ ਸਕੇ। ਦੂਸਰੇ ਪਾਸੇ ਪਰਿਵਾਰਕ ਮੈਂਬਰ ਵੀ ਹੈਰਾਨ ਹਨ ਕਿ ਉਸਦੇ ਮਨ ਵਿਚ ਅਜਿਹਾ ਕੀ ਆਇਆ ਕਿ ਉਸਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮਾਛੀਵਾੜਾ ਖੇਤੀਬਾੜੀ ਸਹਿਕਾਰੀ ਵਿਕਾਸ ਬੈਂਕ ਦੀ ਕੁਝ ਦਿਨ ਪਹਿਲਾਂ ਹੋਈ ਚੋਣ ਵਿਚ ਅਜੈਪਾਲ ਗਿੱਲ ਮਾਛੀਵਾੜਾ ਜ਼ੋਨ ਤੋਂ ਡਾਇਰੈਕਟਰ ਬਣੇ ਸਨ ਅਤੇ 2 ਦਿਨ ਪਹਿਲਾਂ ਹੀ ਅਹੁਦੇਦਾਰਾਂ ਦੀ ਹੋਈ ਚੋਣ ਵਿਚ ਉਨ੍ਹਾਂ ਨੂੰ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ ਪਰ ਅੱਜ ਉਨ੍ਹਾਂ ਵਲੋਂ ਕੀਤੀ ਆਤਮ-ਹੱਤਿਆ ਕਾਰਨ ਸਾਰਾ ਸ਼ਹਿਰ ਹੈਰਾਨ ਹੈ। ਮ੍ਰਿਤਕ ਅਜੈਪਾਲ ਗਿੱਲ ਦਾ ਪੁੱਤਰ ਨਿਊਜ਼ੀਲੈਂਡ ਅਤੇ ਇਕ ਲੜਕੀ ਦੁਬਈ ਰਹਿੰਦੀ ਹੈ ਜਿਨ੍ਹਾਂ ਦੇ ਆਉਣ ਤੋਂ ਬਾਅਦ ਹੀ ਅੰਤਿਮ ਸੰਸਕਾਰ ਕੀਤਾ ਜਾਵੇਗਾ। ਫਿਲਹਾਲ ਪੁਲਸ ਵਲੋਂ ਲਾਸ਼ ਕਬਜ਼ੇ ’ਚ ਲੈ ਕੇ ਪੋਸਟ ਮਾਰਟਮ ਲਈ ਹਸਪਤਾਲ ਭੇਜੀ ਗਈ ਹੈ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ।ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਜੈਪਾਲ ਸਿੰਘ ਗਿੱਲ ਖੇਤੀਬਾੜੀ ਵਿਕਾਸ ਬੈਂਕ ਦੇ ਚੇਅਰਮੈਨ ਦਾ ਅਹੁਦਾ ਮਿਲਣ ’ਤੇ ਬਹੁਤ ਖੁਸ਼ ਸੀ ਅਤੇ ਆਪਣੇ ਸਾਥੀ ਆਗੂਆਂ ਨੂੰ ਜਲਦ ਵਧੀਆ ਪਾਰਟੀ ਦੇਣਾ ਚਾਹੁੰਦਾ ਸੀ। ਬੀਤੀ ਰਾਤ ਉਸਦੇ ਨਾਲ ਰਹੇ ਸਾਥੀ ਸੁਖਵਿੰਦਰ ਸਿੰਘ ਗਿੱਲ, ਕੇਵਲ ਸਿੰਘ ਹੇਡੋਂ ਨੇ ਦੱਸਿਆ ਕਿ ਉਹ ਨੇੜਲੇ ਪਿੰਡਾਂ ਵਿਚ ਖੇਤੀਬਾੜੀ ਸਭਾਵਾਂ ਦੀਆਂ ਚੋਣਾਂ ਲਈ ਮੀਟਿੰਗਾਂ ਕਰਦੇ ਰਹੇ ਪਰ ਉਸਦੇ ਚਿਹਰੇ ਤੋਂ ਇਹ ਨਹੀਂ ਲੱਗ ਰਿਹਾ ਸੀ ਕਿ ਉਹ ਘਰ ਜਾ ਕੇ ਇੰਨਾ ਖੌਫ਼ਨਾਕ ਕਦਮ ਚੁੱਕ ਲਵੇਗਾ। ਮੌਕੇ ’ਤੇ ਕੋਈ ਵੀ ਸੁਸਾਇਡ ਨੋਟ ਨਹੀਂ ਮਿਲਿਆ ਜਿਸ ਕਾਰਨ ਚੇਅਰਮੈਨ ਅਜੈਪਾਲ ਗਿੱਲ ਦੀ ਖ਼ੁਦਕੁਸ਼ੀ ਦਾ ਮਾਮਲਾ ਫਿਲਹਾਲ ਇਕ ਵੱਡਾ ਭੇਦ ਬਣਿਆ ਹੋਇਆ ਹੈ।

Google search engine

LEAVE A REPLY

Please enter your comment!
Please enter your name here