ਖਨੌਰੀ ਨੈਸ਼ਨਲ ਹਾਇਵੇ ਤੇ ਨੌਜਵਾਨਾਂ ਨੇ ਅਗਨੀਪਥ ਤੇ ਕੀਤੀ ਜਾ ਰਹੀ ਭਰਤੀ ਦੇ ਵਿਰੋਧ ਵਿੱਚ ਕੀਤਾ ਚੱਕਾ ਜਾਮ
ਕਮਲੇਸ਼ ਗੋਇਲ ਖਨੌਰੀ
ਖਨੌਰੀ 19 ਜੂਨ – ਅਗਨੀਪਥ’ ਯੋਜਨਾ ਦੇ ਖਿਲਾਫ ਅੱਜ ਇਥੇ ਇਲਾਕੇ ਦੇ ਵੱਡੀ ਗਿਣਤੀ ਵਿਚ ਨੌਜਵਾਨਾਂ ਨੇ ਸੰਗਰੂਰ – ਦਿੱਲੀ ਮੁੱਖ ਮਾਰਗ ਅਤੇ ਖਨੌਰੀ – ਕੈਥਲ ਮਾਰਗ ਤੇ ਢਾਈ ਘੰਟਿਆਂ ਤੱਕ ਰੋਸ ਧਰਨਾ ਦਿੰਦਿਆਂ ਹੋਇਆਂ ਮੁੱਖ ਮਾਰਗ ਅਤੇ ਕੈਥਲ ਰੋਡ ਤੇ ਜਾਮ ਲਗਾ ਕੇ ਰੱਖਿਆ ਗਿਆ। ਜਿਸ ਦੌਰਾਨ ਮੁੱਖ ਮਾਰਗ ਦੇ ਦੋਵੇਂ ਪਾਸੇ ਅਤੇ ਮੁੱਖ ਮਾਰਗ ਦੀਆਂ ਸਾਈਡਾ ਅਤੇ ਕੈਥਲ ਰੋਡ ਤੇ ਬੱਸਾਂ – ਟਰੱਕਾਂ , ਕਾਰਾਂ ਸਮੇਤ ਹੋਰ ਵਾਹਨਾਂ ਦੀਆਂ ਲੰਬੀਆਂ ਲੰਬੀਆਂ ਲਾਈਨਾਂ ਲੱਗ ਗਈਆਂ। ਰੋਸ ਧਰਨੇ ਵਿਚ ਸ਼ਾਮਿਲ ਨੌਜਵਾਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਆਪਣੀ ਘਟੀਆ ਨੀਤੀ ਦੇ ਚੱਲਦਿਆਂ ਪਹਿਲਾਂ ਸਾਡਾ ਲਿਖ਼ਤੀ ਟੈਸਟ ਨਹੀਂ ਲਿਆ ਗਿਆ। ਜਿਸ ਕਾਰਨ ਉਨ੍ਹਾਂ ਦੀ ਭਰਤੀ ਰੁਲ ਗਈ ਅਤੇ ਉਹ ਲਿਖਤੀ ਟੈਸਟ ਦਾ ਇੰਤਜ਼ਾਰ ਕਰਦੇ ਰਹੇ ਲੇਕਿਨ ਲਿਖਤੀ ਟੈਸਟ ਨਹੀਂ ਲਿਆ ਗਿਆ। ਜਿਸ ਕਾਰਨ ਉਨ੍ਹਾਂ ਵਿਚੋਂ ਬਹੁਤੇ ਨੌਜਵਾਨ ਉਮਰ ਦੀ ਹੱਦ ਟੱਪ ਚੁੱਕੇ ਹਨ ਅਤੇ ਹੁਣ ਕੇਂਦਰ ਸਰਕਾਰ ਵਲੋਂ ਆਰਮੀ ਦੀ ਭਰਤੀ ਕੈਂਸਲ ਕਰਕੇ ਅਗਨੀਪਥ ਯੋਜਨਾ ਲਾਗੂ ਕੀਤੀ ਜਾ ਰਹੀ ਹੈ। ਜਿਸਦਾ ਉਹ ਵਿਰੋਧ ਕਰਦੇ ਰਹਿਣਗੇ। ਘਟਨਾ ਸਥਾਨ ਤੇ ਪੁਲਿਸ ਟੀਮ ਨਾਲ ਪਹੁੰਚੇ ਡੀ ਐਸ ਪੀ ਮੂਨਕ ਬਰਜਿੰਦਰ ਸਿੰਘ ਪੰਨੂ ਨੇ ਧਰਨਾਕਾਰੀਆਂ ਨੂੰ ਸਮਝਾ ਕੇ ਧਰਨਾ ਚੁੱਕਣ ਦੇ ਲਈ ਮਨਾਇਆ ਗਿਆ।