ਕੈਬਨਿਟ ਮੰਤਰੀ ਅਮਨ ਅਰੋੜਾ ਨੇ ਲੌਂਗੋਵਾਲ ਵਿਖੇ 7.58 ਕਰੋੜ ਦੀ ਲਾਗਤ ਵਾਲੇ ਵਿਕਾਸ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖੇ

130

3.96 ਕਰੋੜ ਦੀ ਲਾਗਤ ਵਾਲਾ ਖੇਡ ਸਟੇਡੀਅਮ ਛੇ ਮਹੀਨਿਆਂ ਅੰਦਰ ਹੋਵੇਗਾ ਮੁਕੰਮਲ

3.62 ਕਰੋੜ ਨਾਲ ਬਣੇਗੀ ਸਰਕਾਰੀ ਕੰਨਿਆ ਸਕੂਲ ਦੀ ਮੰਜ਼ਿਲ

ਸੰਗਰੂਰ, 5 ਜੂਨ ( ਸੁਖਵਿੰਦਰ ਸਿੰਘ ਬਾਵਾ)

-ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਅੱਜ ਲੌਂਗੋਵਾਲ ਵਿਖੇ 7.58 ਕਰੋੜ ਰੁਪਏ ਦੀ ਲਾਗਤ ਵਾਲੇ ਵਿਕਾਸ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖੇ।

ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਲੌਂਗੋਵਾਲ ਦੇ ਨਿਵਾਸੀਆਂ ਨਾਲ ਕੀਤੇ ਗਏ ਵਾਅਦੇ ਨੂੰ ਤਰਜੀਹੀ ਆਧਾਰ ਉੱਤੇ ਪੂਰਾ ਕਰਨ ਲਈ ਉਹ ਪੂਰੀ ਤਰ੍ਹਾਂ ਵਚਨਬੱਧ ਹਨ। ਪੁਲਿਸ ਥਾਣਾ ਲੌਂਗੋਵਾਲ ਨਜ਼ਦੀਕ 3.96 ਕਰੋੜ ਦੀ ਲਾਗਤ ਨਾਲ ਬਣਾਏ ਜਾ ਰਹੇ ਅਤਿ ਆਧੁਨਿਕ ਖੇਡ ਸਟੇਡੀਅਮ ਦਾ ਨੀਂਹ ਪੱਥਰ ਰੱਖਣ ਉਪਰੰਤ ਸਮਾਗਮ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਇਹ ਖੇਡ ਸਟੇਡੀਅਮ ਅਗਲੇ ਛੇ ਮਹੀਨਿਆਂ ਅੰਦਰ ਮੁਕੰਮਲ ਕਰਨ ਦੀ ਹਦਾਇਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਵਿਚ ਪਵੇਲੀਅਨ, 400 ਮੀਟਰ ਟਰੈਕ, ਬਾਸਕਟਬਾਲ, ਬੈਡਮਿੰਟਨ, ਵਾਲੀਬਾਲ, ਲਾਅਨ ਟੈਨਿਸ, ਫੁਟਬਾਲ ਦੇ ਆਧੁਨਿਕ ਖੇਡ ਮੈਦਾਨ ਬਣਾਏ ਜਾਣਗੇ ਤਾਂ ਜੋ ਬੱਚਿਆਂ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਿਆ ਜਾ ਸਕੇ। ਉਨ੍ਹਾਂ ਕਿਹਾ ਕਿ ਉਹ ਪਿਛਲੇ ਕਰੀਬ ਇੱਕ ਸਾਲ ਤੋਂ ਇਸ ਪ੍ਰੋਜੈਕਟ ਨੂੰ ਅਮਲੀ ਜਾਮਾ ਪਹਿਨਾਉਣ ਦੀ ਦਿਸ਼ਾ ਵਿੱਚ ਕਦਮ ਚੁੱਕ ਰਹੇ ਸਨ ਅਤੇ ਅੱਜ ਇਹ ਸੁਨਹਿਰਾ ਮੌਕਾ ਮਿਲਿਆ ਹੈ ਜਦੋਂ ਖੇਡ ਸਟੇਡੀਅਮ ਬਣਾਉਣ ਲਈ ਮੁਢਲਾ ਕਦਮ ਚੁੱਕਿਆ ਗਿਆ ਹੈ।ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਲੌਂਗੋਵਾਲ ਨੂੰ ਬੁਨਿਆਦੀ ਸਹੂਲਤਾਂ ਤੋਂ ਸੱਖਣਾ ਰੱਖਿਆ ਜਦੋਂ ਕਿ ਉਹ ਪਹਿਲੇ ਦਿਨ ਤੋਂ ਹੀ ਇਸ ਖੇਤਰ ਦੇ ਸਰਵਪੱਖੀ ਵਿਕਾਸ ਲਈ ਸਾਰਥਕ ਯਤਨ ਕਰ ਰਹੇ ਹਨ। ਕੈਬਨਿਟ ਮੰਤਰੀ ਨੇ ਕਿਹਾ ਕਿ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਇਹ ਖੇਡ ਸਟੇਡੀਅਮ ਇੱਕ ਮਿਆਰੀ ਮੰਚ ਸਾਬਤ ਹੋਵੇਗਾ ਅਤੇ ਯਕੀਨੀ ਤੌਰ ‘ਤੇ ਸਾਡੇ ਖਿਡਾਰੀ ਖੇਡ ਖੇਤਰ ਵਿਚ ਮਹੱਤਵਪੂਰਨ ਪ੍ਰਾਪਤੀਆਂ ਦਰਜ ਕਰਨ ਦੇ ਸਮਰੱਥ ਬਣਨਗੇ।

ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਖੇਡ ਸਟੇਡੀਅਮ ਦੀ ਉਸਾਰੀ ਦੇ ਮੱਦੇਨਜ਼ਰ ਜਿਹੜੇ ਰੁੱਖਾਂ ਨੂੰ ਨੁਕਸਾਨ ਪਹੁੰਚਣ ਦੀ ਸੰਭਾਵਨਾ ਨੂੰ ਦੇਖਿਆ, ਉਨ੍ਹਾਂ ਰੁੱਖਾਂ ਨੂੰ ਆਧੁਨਿਕ ਪ੍ਰਣਾਲੀ ਰਾਹੀਂ ਸੁਰੱਖਿਅਤ ਇੱਕ ਥਾਂ ਤੋਂ ਦੂਜੀ ਥਾਂ (ਟਰਾਂਸਲੋਕੇਸ਼ਨ) ਕਰਨ ਲਈ ਵਣ ਵਿਭਾਗ ਨੂੰ 2.16 ਲੱਖ ਰੁਪਏ ਦੇ ਫੰਡ ਜਾਰੀ ਕੀਤੇ ਜਾ ਚੁੱਕੇ ਹਨ। ਅਮਨ ਅਰੋੜਾ ਨੇ ਕਿਹਾ ਕਿ ਅਸੀਂ ਆਪਣੇ ਹਰਿਆਵਲ ਭਰਪੂਰ ਚੌਗਿਰਦੇ ਦੀ ਸੰਭਾਲ ਲਈ ਵਚਨਬੱਧ ਹਾਂ ਅਤੇ ਇਸ ਖੇਡ ਸਟੇਡੀਅਮ ਦੇ ਆਲੇ ਦੁਆਲੇ ਹੋਰ ਵੀ ਬੂਟੇ ਲਗਾਏ ਜਾਣਗੇ।

ਇਸ ਉਪਰੰਤ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਲੌਂਗੋਵਾਲ ਵਿਖੇ ਸ਼ਹੀਦ ਭਗਵਾਨ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆਂ) ਦੀ 3 ਕਰੋੜ 62 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਉਪਰਲੀ ਬਿਲਡਿੰਗ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਕਿਹਾ ਕਿ ਸੂਬੇ ਨੂੰ ਸਿੱਖਿਆ ਖੇਤਰ ਵਿੱਚ ਮੋਹਰੀ ਸੂਬਾ ਬਣਾਉਣ ਦੇ ਨਾਲ ਨਾਲ ਸਕੂਲਾਂ ਵਿੱਚ ਉੱਤਮ ਬੁਨਿਆਦੀ ਢਾਂਚਾ ਵਿਕਸਿਤ ਕਰਨਾ ਪੰਜਾਬ ਸਰਕਾਰ ਦਾ ਮੁੱਖ ਟੀਚਾ ਹੈ ਜਿਸਦੇ ਲਈ ਅਸੀਂ ਪੂਰੀ ਤਰ੍ਹਾਂ ਵਚਨਬੱਧ ਹਾਂ।

ਇਸ ਮੌਕੇ ਪ੍ਰਧਾਨ ਨਗਰ ਕੌਂਸਲ ਪਰਮਿੰਦਰ ਕੌਰ ਬਰਾੜ, ਮੀਤ ਪ੍ਧਾਨ ਰਣਜੀਤ ਸਿੰਘ ਕੂਕਾ,ਰੀਨਾ ਰਾਣੀ, ਸੂਬੇਦਾਰ ਮੇਲਾ ਸਿੰਘ, ਸੁਸ਼ਮਾ ਰਾਣੀ, ਗੁਰਮੀਤ ਸਿੰਘ ਲੱਲ੍ਹੀ, ਗੁਰਮੀਤ ਸਿੰਘ ਫੌਜੀ, ਸਿਸ਼ਨਪਾਲ, ਸਰਪੰਚ ਬਲਵਿੰਦਰ ਸਿੰਘ ਢਿੱਲੋਂ, ਕਰਮ ਸਿੰਘ ਬਰਾੜ, ਰਾਜੂ ਲੌਂਗੋਵਾਲ, ਸਿੱਪੀ ਧੀਮਾਨ, ਸੁੱਖ ਸਾਹੋਕੇ, ਹਰਪਾਲ ਸਿੰਘ ਬਡਰੁੱਖਾਂ, ਕਾਲਾ ਬਡਰੁੱਖਾਂ, ਜੁਗਰਾਜ ਸਿੰਘ ਮੰਡੇਰ ਕਲਾਂ, ਹੰਸਾ ਸਿੰਘ, ਸੁਖਪਾਲ ਸਿੰਘ ਬਾਜਵਾ ਗੁਰਜੰਟ ਖਾਨ, ਹਰਵਿੰਦਰ ਸਿੰਘ, ਢਿੱਲੋਂ, ਬਲਕਾਰ ਸਿੰਘ, ਹਰਵਿੰਦਰ ਸਿੰਘ ਵਿਰਕ, ਵਿੱਕੀ ਵਿਸ਼ਿਸ਼ਟ, ਸੇਵਕ ਸਿੰਘ, ਰਿਸ਼ੀ ਸ਼ਰਮਾ, ਬਲਵਿੰਦਰ ਸਿੰਘ ਪ੍ਰਧਾਨ, ਸੁਖਪਾਲ ਸਿੰਘ ਤੋਚੀ, ਨਿਹਾਲ ਸਿੰਘ, ਗੁਰਮੀਤ ਸਿੰਘ ਸਿੱਧੂ, ਬਲਵਿੰਦਰ ਸਿੰਘ ਐਮ ਸੀ, ਪ੍ਰੀਤਮ ਸਿੰਘ ਹੌਲਦਾਰ, ਰਾਮ ਕਿਲ੍ਹਾ ਭਰੀਆਂ, ਵਿੱਕੀ ਕੁੰਨਰਾਂ, ਬਿੱਟੂ ਮੰਡੇਰ ਖੁਰਦ ਜੱਸੀ ਬਡਰੁੱਖਾਂ ਆਦਿ ਆਗੂ ਵੀ ਹਾਜ਼ਰ ਸਨ।

Google search engine