ਸੰਗਰੂਰ, 21 ਮਾਰਚ ,(ਸੁਖਵਿੰਦਰ ਸਿੰਘ ਬਾਵਾ)

ਇਲਾਜ ਦੌਰਾਨ ਅਚਾਨਕ ਕੈਂਸਰ ਪੀੜਤ ਔਰਤ ਨੂੰ ਖੂਨ ਦੀ ਲੋੜ ਪੈਣ ’ਤੇ ਸੰਗਰੂਰ ਦੇ ਜੀਪੇ ਗੋਇਲ ਅਤੇ ਬਿੰਨੀ ਅਰੋੜਾ ਮਸੀਹਾ ਬਣਕੇ ਬਹੁੜੇ। ਜਾਣਕਾਰੀ ਅਨੁਸਾਰ ਪਿੰਡ ਠਰੂਆ ਦੀ 52 ਸਾਲਾ ਔਰਤ ਜੋ ਲੰਮੇ ਸਮੇਂ ਦੀ ਕੈਂਸਰ ਦੀ ਨਾ ਮੁਰਾਦ ਬਿਮਾਰੀ ਨਾਲ ਜੂਝ ਰਹੀ ਹੈ ,ਨੂੰ ਕੀਮੋ ਥੈਰੇਪੀ ਦੌਰਾਨ ਏ ਪਾਜ਼ੇਟਿਵ ਖੂਨ ਦੀ ਲੋੜ ਪੈ ਗਈ ਤੇ ਸਿਵਲ ਹਸਪਤਾਲ ਸੰਗਰੂਰ ਦੀ ਬਲੱਡ ਬੈਂਕ ਅਤੇ ਨਾ ਕਿਧਰੋਂ ਹੋਰ ਉਨ੍ਹਾਂ ਏ ਪਾਜ਼ੇਟਿਵ ਖੂਨ ਦਾ ਪ੍ਰਬੰਧ ਨਾ ਹੋਇਆ।

ਔਰਤ ਦੇ ਬੇਟੇ ਵਕੀਲ ਸਿੰਘ ਨੇ ਦੱਸਿਆ ਕਿ ਉਹ ਬੀਤੇ ਕੱਲ੍ਹ ਤੋਂ ਏ ਪਾਜ਼ੇਟਿਵ ਖੂਨ ਲਈ ਜਦੋ ਜਹਿਦ ਕਰ ਰਹੇ ਹਨ ਤੇ ਅੱਜ ਉਨ੍ਹਾਂ ਵੱਲੋਂ ਸੰਗਰੂਰ ਦੇ ਜੇਪੀ ਗੋਇਲ ਨਾਲ ਸੰਪਰਕ ਕੀਤਾ ਗਿਆ ਜਿਸ ਤੇ ਉਹ ਖੂਨ ਦੇਣ ਲਈ ਤਿਆਰ ਹੋ ਗਏ । ਵਕੀਲ ਸਿੰਘ ਨੇ ਦੱਸਿਆ ਕਿ ਜੇਪੀ ਗੋਇਲ ਦੇ ਉਨ੍ਹਾਂ ਦੇ ਇੱਕ ਹੋਰ ਸਾਥੀ ਬਿੰਨੀ ਅਰੋੜਾ ਦੋਵਾਂ ਦਾ ਬਲੱਡ ਗਰੁੱਪ ਏ ਪਾਜ਼ੇਟਿਵ ਹੈ,ਵੱਲੋਂ ਉਨ੍ਹਾਂ ਦੀ ਮਾਤਾ ਲਈ ਖੂਨ ਦਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਦੋਵੇਂ ਸਮਾਜ ਸੇਵੀਆਂ ਦੀ ਬਦਲੌਤ ਅੱਜ ਉਨ੍ਹਾਂ ਦੀ ਮਾਤਾ ਦੇ ਇਲਾਜ ’ਚ ਵੱਡੀ ਮੱਦਦ ਹੋਈ। ਵਕੀਲ ਸਿੰਘ ਵੱਲੋਂ ਦੋਵਾਂ ਦਾ ਧੰਨਵਾਦ ਕੀਤਾ ਗਿਆ।

ਇਸ ਸਬੰਧੀ ਗੱਲਬਾਤ ਕਰਦਿਆਂ ਦੋਵੇਂ ਸਮਾਜ ਸੇਵੀਆਂ ਜੇਪੀ ਗੋਇਲ ਅਤੇ ਬਿੰਨੀ ਅਰੋੜਾ ਨੇ ਕਿਹਾ ਕਿ ਖੂਨ ਦਾਨ ਕਰਕੇ ਉਨ੍ਹਾਂ ਨੂੰ ਬਹੁਤ ਚੰਗਾ ਮਹਿਸੂਸ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸਭ ਨੂੰ ਖੂਨਦਾਨ ਕਰਨਾ ਚਾਹੀਦਾ ਹੈ ਕਿਉਂਕਿ ਇਸ ਨਾਲ ਬਹੁਤ ਸਾਰੇ ਮਰੀਜ਼ਾਂ ਦੀ ਜਾਨ ਬਚਾਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਖੂਨ ਦਾਨ ਕਰਨ ਨਾਲ ਸਰੀਰ ਅੰਦਰ ਕੋਈ ਵੀ ਕਮਜ਼ੋਰੀ ਨਹੀਂ ਆਉਂਦੀ ਇਸ ਲਈ ਬੇਫਿਕਰ ਹੋਕੇ ਖੂਨਦਾਨ ਕਰਨਾ ਚਾਹੀਦਾ ਹੈ।