ਸੰਗਰੂਰ ਜ਼ਿਲੇ ਦੀ ਸਮੁੱਚੀ ਲੀਡਰਸ਼ਿਪ ਅਤੇ ਕਲੈਰੀਕਲ ਕਾਮਿਆਂ ਵੱਲੋਂ ਮੁਲਾਜ਼ਮ ਵਿਰੋਧੀ ” ਐਸਮਾਂ ” ਐਕਟ ਦੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ
ਸਰਕਾਰ ਵੱਲੋਂ ਮੁਲਾਜਮ ਵਿਰੋਧੀ ਪੱਤਰ ਜਾਰੀ ਕਰਕੇ ਲੋਕਾਂ ਸਾਹਮਣੇ ਮੁਲਾਜਮਾਂ ਦਾ ਅਕਸ ਖਰਾਬ ਕਰਨ ਦੀ ਕੀਤੀ ਜਾ ਰਹੀ ਹੈ ਕੋਸ਼ਿਸ਼- ਰਾਜਵੀਰ ਬਡਰੁੱਖਾਂ
ਮੁਲਾਜਮਾਂ ਦੀਆਂ ਮੰਗਾਂ ਦੀ ਪੂਰਤੀ ਨਾ ਹੋਣ ਤੇ ਆਉਣ ਵਾਲੇ ਦਿਨਾਂ ਵਿਚ ਹੋਰ ਸੰਘਰਸ਼ ਉਲੀਕੇ ਜਾਣਗੇ-ਅਨੁਜ ਸ਼ਰਮਾ
ਸੰਗਰੂਰ 4 ਸਤੰਬਰ (ਸੁਖਵਿੰਦਰ ਸਿੰਘ ਬਾਵਾ)-
ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਦੀ ਸੂਬਾ ਕਮੇਟੀ ਵੱਲੋਂ ਜਾਰੀ ਹੁਕਮਾਂ ਅਨੁਸਾਰ ਡਿਪਟੀ ਕਮਿਸ਼ਨਰ ਦਫ਼ਤਰ ਸੰਗਰੂਰ ਦੇ ਗੇਟ ਨੰਬਰ 2 ਦੇ ਬਾਹਰ ਅਤੇ ਵੱਖ ਵੱਖ ਦਫਤਰਾਂ ਵਿੱਚ ਦੌਰਾ ਕਰਕੇ ਜ਼ਿਲੇ ਦੀ ਸਮੁੱਚੀ ਲੀਡਰਸ਼ਿਪ ਅਤੇ ਕਲੈਰੀਕਲ ਕਾਮਿਆਂ ਵੱਲੋਂ ਮੁਲਾਜ਼ਮ ਵਿਰੋਧੀ ” ਐਸਮਾਂ ” ਐਕਟ ਦੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ ਗਈਆਂ।
ਇਹ ਸਾਰੀ ਕਾਰਵਾਈ ਪੀਐੱਸਐੱਮਐੱਸਯੂ ਸੰਗਰੂਰ ਦੇ ਸੂਬਾ ਵਿੱਤ ਸਕੱਤਰ ਅਨੁਜ ਸ਼ਰਮਾ, ਜਿਲਾ ਜਨਰਲ ਸਕੱਤਰ ਰਾਜਵੀਰ ਬਡਰੁੱਖਾਂ ਦੀ ਅਗਵਾਈ ਹੇਠ ਕੀਤੀ ਗਈ।
ਯੂਨੀਅਨ ਦੇ ਨੁਮਾਇੰਦਿਆਂ ਨੇ ਆਪਣਾ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਸਰਕਾਰ ਵਲੋਂ ਮੁਲਾਜ਼ਮਾਂ ਉੱਪਰ ਐਸਮਾਂ ਐਕਟ ਲਾਗੂ ਕਰਕੇ ਸਾਡੇ ਸੰਵਿਧਾਨਕ ਹੱਕਾਂ ਉੱਤੇ ਹਮਲਾ ਕੀਤਾ ਗਿਆ ਹੈ, ਮੁਲਾਜ਼ਮ ਜੋ ਪੜੀ ਲਿਖੀ ਜਮਾਤ ਹੈ ਉਸ ਦੇ ਅਕਸ ਨੂੰ ਸਮਾਜ ਵਿੱਚ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਮੁਲਾਜਮਾਂ ਦੀਆਂ ਮੰਗਾਂ ਸਬੰਧੀ ਗੱਲਬਾਤ ਕਰਨ ਦੀ ਬਜਾਏ ਮੁਲਾਜਮ ਵਿਰੋਧੀ ਪੱਤਰ ਜਾਰੀ ਕਰ ਰਹੀ ਹੈ। ਜਿਸ ਨਾਲ ਮੁਲਾਜਮ ਵਰਗ ਅੰਦਰ ਭਾਰੀ ਰੋਸ ਪੈਦਾ ਹੋਇਆ ਹੈ।
ਆਗੂਆਂ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਦੌਰਾਨ ਅਤੇ ਹੜ੍ਹਾਂ ਦੀ ਸਥਿਤੀ ਵਿੱਚ ਸਮੂਹ ਵਿਭਾਗਾਂ ਦੇ ਹਰੇਕ ਮੁਲਾਜਮ ਵੱਲੋਂ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਈ ਗਈ, ਪਰ ਸਰਕਾਰ ਵੱਲੋਂ ਐਸਮਾਂ ਐਕਟ ਵਰਗੇ ਨੋਟੀਫਿਕੇਸ਼ਨ ਜਾਰੀ ਕਰਕੇ ਲੋਕਾਂ ਅੱਗੇ ਮੁਲਾਜਮਾਂ ਦਾ ਮਾੜਾ ਅਕਸ ਪੇਸ਼ ਕੀਤਾ ਜਾ ਰਿਹਾ ਹੈ ਜਦਕਿ ਮੁਲਾਜਮ ਲੋਕ ਹਿੱਤ ਵਿੱਚ ਦਿਨ ਰਾਤ ਕੰਮ ਕਰ ਰਹੇ ਹਨ ਅਤੇ ਕਰਦੇ ਰਹਿਣਗੇ। ਉਨ੍ਹਾਂ ਅੱਗੇ ਕਿਹਾ ਕਿ ਲੋਕਾਂ ਦੇ ਕੰਮ ਸਮੇਂ ਸਿਰ ਮੁਕੰਮਲ ਕਰਨ ਅਤੇ ਬਿਨਾਂ ਕਿਸੇ ਰੁਕਾਵਟ ਦੇ ਕਰਨ ਲਈ ਮੁਲਾਜਮ ਪੂਰੀ ਇਮਾਨਦਾਰੀ ਨਾਲ ਆਪਣੀ ਡਿਊਟੀ ਕਰਨ ਲਈ ਵਚਨਬੱਧ ਹਨ। ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਮੁਲਾਜਮਾਂ ਦੀਆਂ ਜਾਇਜ ਤੇ ਹੱਕੀ ਮੰਗਾਂ ਜਿਵੇਂ ਕਿ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ, ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸ਼ਤਾ ਰਲੀਜ ਕਰਨਾ, 15 ਜਨਵਰੀ 2015 ਦਾ ਨੋਟੀਫਿਕੇਸ਼ਨ ਰੱਦ ਕਰਨਾ, ਕੇਂਦਰੀ ਪੈਟਰਨ ਤੇ ਨਵੀਂ ਭਰਤੀ ਤੇ ਲਾਗੂ ਕੀਤੇ ਤਨਖਾਹ ਸਕੇਲ ਰੱਦ ਕਰਕੇ ਪੁਰਾਣੇ ਸਕੇਲਾਂ ਤੇ ਭਰਤੀ ਕਰਨਾ ਆਦਿ ਮੁੱਖ ਤੌਰ ਤੇ ਸ਼ਾਮਿਲ ਹਨ ਜੋ ਕਿ ਪਿਛਲੇ ਲੰਮੇ ਸਮੇਂ ਤੋਂ ਲਟਕ ਰਹੀਆਂ ਹਨ, ਸਰਕਾਰ ਚੋਣਾਂ ਸਮੇਂ ਕੀਤੇ ਵਾਅਦਿਆਂ ਮੁਤਾਬਿਕ ਸਾਡੀਆਂ ਉਨ੍ਹਾਂ ਮੰਗਾਂ ਨੂੰ ਪੂਰਾ ਕਰਨ ਦੀ ਬਜਾਏ ਜਥੇਬੰਦੀਆਂ ਨੂੰ ਸੰਘਰਸ਼ ਕਰਨ ਤੋਂ ਰੋਕਣ ਲਈ ਅਜਿਹੇ ਐਕਟ ਲਾਗੂ ਕਰ ਰਹੀ ਹੈ। ਜਿਸ ਦਾ ਸਮੂਹ ਮੁਲਾਜਮ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਅੰਤ ਵਿੱਚ ਕਿਹਾ ਕਿ ਜੇਕਰ ਸਰਕਾਰ ਮੁਲਾਜਮਾਂ ਦੀਆਂ ਮੰਗਾਂ ਦੀ ਪੂਰਤੀ ਸਬੰਧੀ ਕੋਈ ਹਾਂ-ਪੱਖੀ ਹੁੰਗਾਰਾ ਨਹੀਂ ਭਰਦੀ ਅਤੇ ਐਸਮਾਂ ਐਕਟ ਨੂੰ ਰੱਦ ਨਹੀਂ ਕਰਦੀ ਤਾਂ ਆਉਣ ਵਾਲੇ ਦਿਨਾਂ ਵਿੱਚ ਮੁਲਾਜਮ ਹਿੱਤਾਂ ਖਾਤਿਰ ਜਥੇਬੰਦੀ ਵੱਲੋਂ ਹੋਰ ਤਿੱਖੇ ਸੰਘਰਸ਼ ਉਲੀਕੇ ਜਾਣਗੇ।
ਇਸ ਮੌਕੇ ਬਲਵਿੰਦਰ ਅੱਤਰੀ ਚੇਅਰਮੈਨ, ਜੋਗਿੰਦਰ ਸਿੰਘ ਪ੍ਧਾਨ ਡੀਸੀ ਦਫਤਰ ਕਰਮਚਾਰੀ ਯੂਨੀਅਨ, ਗਗਨ ਧਨੌਲਾ, ਬੇਅੰਤ ਕੌਰ, ਜਗਦੀਪ ਕੌਰ, ਸੰਜੋਲੀ, ਜਸ਼ਨਦੀਪ ਕੌਰ, ਸੁਖਵਿੰਦਰ ਸਿੰਘ, ਮਨੋਜ ਸ਼ਰਮਾ, ਰਾਜਬੀਰ ਸਿੰਘ, ਗਗਨ ਗੋਇਲ, ਅਸ਼ਵਨੀ ਤਾਇਲ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਆਗੂ ਅਤੇ ਮੁਲਾਜਮ ਹਾਜਿਰ ਰਹੇ।