ਆਮ ਆਦਮੀ ਪਾਰਟੀ ਬਣਾਏਗੀ ਹੈਟ੍ਰਿਕ: ਹਰਪਾਲ ਸਿੰਘ ਚੀਮਾ

46

ਤਿੰਨ ਮਹੀਨਿਆਂ ਦੀ ਸੱਤਾ ਦੌਰਾਨ ਸਰਕਾਰ ਨੇ ਕਈ ਇਤਿਹਾਸਕ ਫ਼ੈਸਲੇ ਕੀਤੇ

ਸੰਗਰੂਰ, 17 ਜੂਨ (ਭੁਪਿੰਦਰ ਵਾਲੀਆ, ਹਰਜਿੰਦਰਪਾਲ ਭੋਲਾ )
‘ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਹਮੇਸ਼ਾਂ ਹੀ ਗੈਂਗਸਟਰਾਂ ਨੂੰ ਬਚਾਉਂਦੇ ਰਹੇ ਹਨ, ਪਰ ਹੁਣ ਜਾਂਚ ਹੋ ਰਹੀ ਹੈ। ਜਾਂਚ ਦੌਰਾਨ ਜੇ ਕਿਸੇ ਵੀ ਸਿਆਸੀ ਆਗੂ ਜਾਂ ਅਫ਼ਸਰ ਦੇ ਸੰਬੰਧ ਗੈਂਗਸਟਰਾਂ ਨਾਲ ਪਾਏ ਗਏ ਤਾਂ ਉਹ ਵੀ ਸਲਾਖ਼ਾਂ ਪਿੱਛੇ ਹੋਵੇਗਾ।’ ਇਹ ਪ੍ਰਗਟਾਵਾ ਪੰਜਾਬ ਦੇ ਵਿੱਤ ਤੇ ਯੋਜਨਾ ਅਤੇ ਸਹਿਕਾਰਤਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਸੰਗਰੂਰ ਹਲਕੇ ’ਚ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਦੇ ਹੱਕ ’ਚ ਚੋਣ ਪ੍ਰਚਾਰ ਕਰਦਿਆਂ ਪੱਤਰਕਾਰਾਂ ਨਾਲ ਕੀਤਾ।
ਹਰਪਾਲ ਸਿੰਘ ਚੀਮਾ ਨੇ ਕਿਹਾ, ‘‘ਸੰਗਰੂਰ ਜ਼ਿਮਨੀ ਚੋਣ ’ਚ ਆਮ ਆਦਮੀ ਪਾਰਟੀ ਹੈਟ੍ਰਿਕ ਬਣਾਏਗੀ ਅਤੇ ਇਸ ਸੀਟ ਤੋਂ ‘ਆਪ’ ਦੇ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕਰਨਗੇ, ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਤਿੰਨ ਮਹੀਨਿਆਂ ਦੌਰਾਨ ਕਈ ਇਤਿਹਾਸਕ ਫ਼ੈਸਲੇ ਕੀਤੇ ਹਨ।’’ ਚੀਮਾ ਨੇ ਦੱਸਿਆ ਕਿ ਮਾਨ ਸਰਕਾਰ ਦੇ ਪਹਿਲੇ ਦੋ ਮਹੀਨਿਆਂ ’ਚ ਹੀ ਬੇਰੁਜ਼ਗਾਰ ਨੌਜਵਾਨਾਂ ਲਈ 26454 ਨੌਕਰੀਆਂ ਦੇ ਇਸ਼ਤਿਹਾਰ ਜਾਰੀ ਹੋਏ, ਝੋਨੇ ਦੀ ਸਿੱਧੀ ਬਿਜਾਈ ਲਈ ਕਿਸਾਨਾਂ ਨੂੰ ਪ੍ਰਤੀ ਏਕੜ 1500 ਰੁਪਏ, ਘਰ ਘਰ ਮੁਫ਼ਤ ਰਾਸ਼ਣ, 300 ਯੂਨਿਟ ਮੁਫ਼ਤ ਹਰ ਪਰਿਵਾਰ ਨੂੰ ਦੇਣ ਜਿਹੇ  ਫ਼ੈਸਲਾ ਕੀਤੇ ਹਨ। ਉਨ੍ਹਾਂ ਕਿਹਾ ਕਿ ਸੰਗਰੂਰ ’ਚ ‘ਆਪ’ ਦਾ ਪੱਖ ਸਭ ਤੋਂ ਮਜ਼ਬੂਤ ਹੈ। ਸਾਰੇ ਵਿਰੋਧੀ ਇਕ ਪਾਸੇ ਹਨ ਅਤੇ ‘ਆਪ’ ਇੱਕ ਪਾਸੇ ਹੈ। ਹੋਰਨਾਂ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋਣਗੀਆਂ, ਇਸ ਲਈ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਦੇ ਪ੍ਰਧਾਨ ਫ਼ੈਸਲਾ ਕਰ ਲੈਣ ਕਿ ਪਹਿਲਾ ਅਸਤੀਫ਼ਾ ਕੌਣ ਦੇਵੇਗਾ।
ਵਿੱਤ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਦੀਆਂ ਮੰਗਾਂ ਅਤੇ ਸਮੱਸਿਆਵਾਂ ਕਾਂਗਰਸ ਅਤੇ ਅਕਾਲੀ ਦਲ ਨੇ ਖੜ੍ਹੀਆਂ ਕੀਤੀਆਂ ਹਨ। ਜੇ ਪੰਜਾਬ ਦਾ ਨੌਜਵਾਨ ਬੇਰੁਜ਼ਗਾਰ ਹੈ ਤਾਂ ਇਨਾਂ ਪਾਰਟੀਆਂ ਦੀਆਂ ਸਰਕਾਰਾਂ ਕਾਰਨ ਹੈ। ਤਿੰਨ ਮਹੀਨਿਆਂ ਦੀ ਸੱਤਾ ਦੌਰਾਨ ਮਾਨ ਸਰਕਾਰ ਨੇ ਕਈ ਇਤਿਹਾਸਕ ਫ਼ੈਸਲੇ ਕੀਤੇ ਹਨ ਅਤੇ ਆਉਂਦੇ ਸਮੇਂ ’ਚ ਨੌਜਵਾਨਾਂ ਸਮੇਤ ਸਾਰੇ ਵਰਗਾਂ ਦੇ ਹਿੱਤਾਂ ਵਿੱਚ ਵੱਡੇ ਫ਼ੈਸਲੇ ਕਰਾਂਗੇ। ਸਾਰੀਆਂ ਮੁਸ਼ਕਲਾਂ ਹੱਲ ਕਰਾਂਗੇ।
ਭ੍ਰਿਸ਼ਟਾਚਾਰ ਬਾਰੇ ਗੱਲ ਕਰਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਹ ਵੀ ਇਤਿਹਾਸ ਹੈ ਕਿ ਮੁੱਖ ਮੰਤਰੀ  ਮਾਨ ਨੇ ਆਪਣੇ ਮੰਤਰੀ ਨੂੰ ਵੀ ਨਹੀਂ ਬਖਸ਼ਿਆ ਅਤੇ ਉਸ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ’ਚ ਜੇਲ੍ਹ ਭੇਜਿਆ ਹੈ। ਹੋਰ ਵੀ ਜਿਹੜੇ ਭ੍ਰਿਸ਼ਟਾਚਾਰੀ ਹਨ, ਜਿਹਨਾਂ ਨੇ ਪੰਜਾਬ ਨੂੰ ਲੁੱਟਿਆ, ਸਾਰੇ ਜੇਲ੍ਹਾਂ ’ਚ ਹੋਣਗੇ। ਇਹ ਜਿਹੜੀ ਬਚੀ ਖੁਚੀ ਕਾਂਗਰਸ ਆਪਣੇ ਭ੍ਰਿਸ਼ਟ ਆਗੂ ਨੂੰ ਬਚਾਉਣ ਲਈ ਧਰਨੇ ਲਾ ਰਹੀ ਹੈ, ਸੰਗਰੂਰ ਸੀਟ ਦਾ ਨਤੀਜਾ ਆਉਣ ਤੋਂ ਬਾਅਦ ਇਹ ਵੀ ਨਹੀਂ ਬਚੇਗੀ।
ਇੱਕ ਸਵਾਲ ਦਾ ਜਵਾਬ ਦਿੰਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਪੁਲੀਸ ਸੂਬੇ ਦੀ ਸੁਰੱਖਿਆ ਲਈ ਬਹੁਤ ਵਧੀਆ ਕੰਮ ਕਰ ਰਹੀ ਹੈ। ਅੱਤਵਾਦ ਦੇ ਦੌਰ ’ਚ ਵੀ ਪੰਜਾਬ ਪੁਲੀਸ ਨੇ ਸ਼ਾਂਤੀ ਕਾਇਮ ਰੱਖਣ ਲਈ ਕੰਮ ਕੀਤਾ ਸੀ ਅਤੇ ਹੁਣ ਗੈਂਗਸਟਰਾਂ ਖ਼ਿਲਾਫ਼ ਵੀ ਪੁਲੀਸ ਦੀ ਭੂਮਿਕਾ ਸਾਰਥਕ ਹੈ। ਪੰਜਾਬ ਪੁਲੀਸ ਹੀ ਗੈਂਗਸਟਰਾਂ ਨੂੰ ਫੜ੍ਹ ਕੇ ਲਿਆਈ ਹੈ ਅਤੇ ਪੂਰੇ ਜੋਸ਼ ਅਤੇ ਕਾਨੂੰਨੀ ਪ੍ਰਕਿਰਿਆ ’ਚ ਵਧੀਆ ਕੰਮ ਕਰ ਰਹੀ ਹੈ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅਕਾਲੀ ਦਲ ਬਾਦਲ ਤਾਂ ਪਹਿਲਾਂ ਹੀ ਸੰਗਰੂਰ ਦੇ ਮੈਦਾਨ ਵਿਚੋਂ ਭੱਜ ਰਿਹਾ ਹੈ। ਅਕਾਲੀ ਦਲ ਦੀ  ਉਮੀਦਵਾਰ ਬੀਬਾ ਜੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਫੋਟੋਆਂ ਲਾਉਣ ਤੋਂ ਹੀ ਭੱਜ ਰਹੇ ਹਨ, ਕਿਉਂਕਿ ਉਹ ਜਾਣਦੇ ਹਨ ਕਿ ਜਿਹੜੀਆਂ ਦੋ ਚਾਰ ਵੋਟਾਂ ਪੈਣੀਆਂ ਹਨ, ਸੁਖਬੀਰ ਸਿੰਘ ਬਾਦਲ ਦੀ ਫੋਟੋ ਲਾਉਣ ਤੋਂ ਬਾਅਦ ਉਹ ਵੋਟਾਂ ਵੀ ਨਹੀਂ ਪੈਣੀਆਂ।
ਸਿਮਰਨਜੀਤ ਸਿੰਘ ਮਾਨ ਬਾਰੇ ਟਿਪਣੀ ਕਰਦਿਆਂ ‘ਆਪ’ ਆਗੂ ਨੇ ਕਿਹਾ ਕਿ ਕਾਫੀ ਸਾਰੇ ਲੋਕਾਂ ਨੇ ਚੋਣ ਲੜ੍ਹਨ ਦਾ ਰਿਕਾਰਡ ਬਣਾਉਣਾ ਹੁੰਦਾ ਹੈ। ਕੁੱਝ ਕਾਂਗਰਸ ਤੋਂ ਭਾਜਪਾ ’ਚ ਆਏ ਹਨ। ਭਾਜਪਾ ਨੂੰ ਪੰਜਾਬ ਦੇ ਕਿਸਾਨ ਚੰਗੀ ਤਰ੍ਹਾਂ ਜਾਣਦੇ ਹਨ, ਜਿਹੜੀ ਕਿਸਾਨਾਂ ਖ਼ਿਲਾਫ਼ ਤਿੰਨ ਕਾਲ਼ੇ ਕਾਨੂੰਨ ਲੈ ਕੇ ਆਈ ਸੀ ਅਤੇ ਪੰਜਾਬ ਦੇ ਬੱਚੇ ਬੱਚੇ ਨੇ ਦਿੱਲੀ ਸਰਹੱਦ ’ਤੇ ਜਾ ਕੇ ਮੋਰਚਾ ਲਾਉਣਾ ਪਿਆ ਸੀ। ਇਸ ਸੰਘਰਸ਼ ਦੌਰਾਨ ਸੱਤ ਸੌ ਤੋਂ ਜ਼ਿਆਦਾ ਕਿਸਾਨਾਂ ਨੂੰ ਸ਼ਹੀਦੀ ਦੇਣੀ ਪਈ। ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਦੇ ਭੰਡੀ ਪ੍ਰਚਾਰ ਦਾ ਜਵਾਬ ਦਿੰਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ, ‘‘ਵਿਰੋਧੀ ਪਾਰਟੀਆਂ ਵਾਲੇ ਜਿੰਨੀਆਂ ਮਰਜੀ ਝੂਠੀਆਂ ਗੱਲਾਂ ਕਰਨ, ਪਰ ਜਦੋਂ ਚੋਣ ਦਾ ਨਤੀਜਾ ਆਏਗਾ ਸਭ ਦੇੇ ਮੂੰਹ ਬੰਦ ਹੋ ਜਾਣਗੇ। ਆਮ ਆਦਮੀ ਪਾਰਟੀ ਵੱਡੀ ਲੀਡ ਲੈ ਕੇ ਜਿੱਤ ਪ੍ਰਾਪਤ ਕਰੇਗੀ।  ‘ਆਪ’ ਸੱਤ ਅੱਠ ਸਾਲਾਂ ਦੀ ਪਾਰਟੀ ਹੈ, ਜਿਸ ਨੇ ਵਿਧਾਨ ਸਭਾ ਚੋਣਾ ਦੌਰਾਨ 117 ਵਿਚੋਂ 92 ਸੀਟਾਂ ਜਿੱਤ ਕੇ ਇਤਿਹਾਸ ਰਚਿਆ ਹੈ। ਵਿਰੋਧੀ ਪਾਰਟੀਆਂ ਘਬਰਾਹਟ ਵਿੱਚ ਹਨ, ਕਿਉਂਕਿ ਉਨ੍ਹਾਂ ਦੀਆਂ ਜ਼ਮਾਨਤਾਂ ਜ਼ਬਤ ਹੋਣੀਆਂ ਹਨ। ’’ ਉਨ੍ਹਾਂ ਦੱਸਿਆ ਕਿ ਜਦੋਂ 2022 ’ਚ ਪੰਜਾਬ ਵਿਧਾਨ ਸਭਾ ਚੋਣਾ ਸਨ ਤਾਂ ਇਹ ਵਿਰੋਧੀ ਕਹਿੰਦੇ ਸਨ ਹਰਪਾਲ ਸਿੰਘ ਚੀਮਾ ਬੂਰੀ ਤਰ੍ਹਾਂ ਹਾਰੇਗਾ, ਪਰ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਹੋਈ ਸੀ।

Google search engine