ਸੰਗਰੂਰ, 19 ਜੂਨ :

-ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੰਗਰੂਰ ਨੂੰ ‘ਮਾਡਲ ਜ਼ਿਲ੍ਹਾ’ ਬਣਾਉਣ ਦੇ ਕੀਤੇ ਐਲਾਨ ‘ਤੇ ਚੁਟਕੀ ਲੈਂਦਿਆਂ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਉਨ੍ਹਾਂ ਨੂੰ ਸਵਾਲ ਕੀਤਾ ਹੈ ਕਿ ਤੁਹਾਡੇ ਦਿੱਲੀ ਮਾਡਲ ਦਾ ਕੀ ਬਣਿਆ, ਜਿਸਦਾ ਆਮ ਆਦਮੀ ਪਾਰਟੀ ਚੋਣਾਂ ਤੋਂ ਪਹਿਲਾਂ ਬਹੁਤ ਰੌਲਾ ਪਾ ਰਹੀ ਸੀ।

ਵੜਿੰਗ ਨੇ ਮਾਨ ਵਲੋਂ ਸੰਗਰੂਰ ਨੂੰ ਨਮੂਨੇ ਦਾ ਜ਼ਿਲ੍ਹਾ ਬਣਾਉਣ ਦੇ ਕੀਤੇ ਐਲਾਨ ‘ਤੇ ਕਿਹਾ ਕਿ ਅਜਿਹੇ ਲੋਕ-ਪੱਖੀ ਨਾਅਰੇ ਪਹਿਲਾਂ ਹੀ ਆਪਣਾ ਆਧਾਰ ਗੁਆ ਚੁੱਕੇ ਹਨ ਅਤੇ ਤੁਸੀਂ ਹਰ ਵਾਰ ਲੋਕਾਂ ਨੂੰ ਧੋਖਾ ਨਹੀਂ ਦੇ ਸਕਦੇ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਤੁਸੀਂ ਆਪਣੀਆਂ ਗੱਲਾਂ ਪ੍ਰਤੀ ਗੰਭੀਰ ਹੋ ਤਾਂ ਬਾਕੀ ਪੰਜਾਬ ਦਾ ਕੀ ਬਣੇਗਾ, ਕੀ ਇਸਦਾ ਮਤਲਬ ਦੂਜੇ ਜ਼ਿਲ੍ਹਿਆਂ ਨਾਲ ਪੱਖਪਾਤ ਨਹੀਂ ਹੈ।
ਉਨ੍ਹਾਂ ਨੇ ਕਿਹਾ ਕਿ ਆਪ ਸਮਝ ਗਈ ਹੈ ਕਿ ਲੋਕਾਂ ਨੂੰ ਇਸਦੇ ਝੂਠੇ ਇਰਾਦਿਆਂ ਬਾਰੇ ਪਤਾ ਲੱਗ ਗਿਆ ਹੈ ਅਤੇ ਇਸ ਨਿਰਾਸ਼ਾ ਵਿਚ ਉਹ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੰਗਰੂਰ ਵਿੱਚ ਭਗਵੰਤ ਮਾਨ ਨੂੰ ਲੋਕਾਂ ਵੱਲੋਂ ਕੋਈ ਹੁੰਗਾਰਾ ਨਾ ਮਿਲਣ ਕਾਰਨ ‘ਆਪ’ ਨੇ ਪਾਰਟੀ ਦੇ ਪ੍ਰਚਾਰ ਲਈ ਆਖ਼ਰੀ ਸਮੇਂ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸੱਦਿਆ ਹੈ। ਜਿਸ ‘ਤੇ ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਤੁਸੀਂ ਸੋਚਦੇ ਹੋ ਕਿ ਕੇਜਰੀਵਾਲ ਤੁਹਾਡੇ ਲਈ ਵੋਟਾਂ ਬਟੋਰਨਗੇ ਤਾਂ ਇਹ ਤੁਹਾਡੀ ਵੱਡੀ ਗਲਤੀ ਹੋਵੇਗੀ, ਕਿਉਂਕਿ ਆਪ ਅਤੇ ਇਸਦੀ ਲੀਡਰਸ਼ਿਪ ਪੰਜਾਬ ‘ਚ ਪੂਰੀ ਤਰ੍ਹਾਂ ਬੇਨਕਾਬ ਹੋ ਚੁੱਕੀ ਹੈ ਅਤੇ ਉਹ ਲੋਕਾਂ ਨੂੰ ਜ਼ਿਆਦਾ ਦੇਰ ਤੱਕ ਧੋਖਾ ਨਹੀਂ ਦੇ ਸਕਦੀ।
ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਵਾਂਗ ਇਹ ‘ਆਪ’ ਆਗੂਆਂ ਦਾ ਇੱਕ ਹੋਰ ਝੂਠਾ ਵਾਅਦਾ ਹੈ। ਪਹਿਲਾਂ ਉਹ ਦਿੱਲੀ ਮਾਡਲ ਬਾਰੇ ਰੌਲਾ ਪਾਉਂਦੇ ਸਨ, ਜਿਸ ਬਾਰੇ ਕੋਈ ਨਹੀਂ ਜਾਣਦਾ ਕਿ ਇਹ ਕੀ ਹੈ ਅਤੇ ਹੁਣ ਉਹ ਦਿੱਲੀ ਮਾਡਲ ਨੂੰ ਭੁੱਲ ਕੇ ਸੰਗਰੂਰ ਮਾਡਲ ਦੇ ਨਵੇਂ ਨਾਅਰੇ ‘ਤੇ ਆ ਗਏ ਹਨ, ਜੋ ਚੋਣਾਂ ਤੋਂ ਬਾਅਦ ਆਸਾਨੀ ਨਾਲ ਭੁੱਲ ਜਾਣਗੇ।
ਵੜਿੰਗ ਨੇ ਕਿਹਾ ਕਿ ਮਾਨ ਸਰਕਾਰ ਦੇ ਪਹਿਲੇ ਤਿੰਨ ਮਹੀਨੇ ਪੂਰੀ ਤਰ੍ਹਾਂ ਨਾਲ ਮਾੜੇ ਹਾਲਾਤਾਂ ਨੂੰ ਸਮਰਪਿਤ ਹੋ ਗਏ ਹਨ ਅਤੇ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ‘ਆਪ’ ਸਰਕਾਰ ਦੀਆਂ ਨਾਕਾਮੀਆਂ ਦਾ ਜ਼ਿਕਰ ਕਰਦਿਆਂ, ਉਨ੍ਹਾਂ ਕਿਹਾ ਕਿ ਇਨ੍ਹਾਂ ਤਿੰਨ ਮਹੀਨਿਆਂ ਦੌਰਾਨ ਪਟਿਆਲਾ ‘ਚ ਫਿਰਕੂ ਝੜਪ, ਮੋਹਾਲੀ ‘ਚ ਇੰਟੈਲੀਜੈਂਸ ਹੈੱਡ ਕੁਆਟਰ ‘ਤੇ ਅੱਤਵਾਦੀ ਹਮਲਾ ਅਤੇ ਅੰਤਰਰਾਸ਼ਟਰੀ ਪ੍ਰਸਿੱਧੀ ਵਾਲੇ ਗਾਇਕ ਸਿੱਧੂ ਮੂਸੇਵਾਲਾ ਦਾ ਬੇਰਹਿਮੀ ਨਾਲ ਕਤਲ ਹੋਇਆ ਹੈ।
ਇਸ ਦੌਰਾਨ ਉਨ੍ਹਾਂ ਰੋਜ਼ਾਨਾ ਅਖਬਾਰਾਂ ਦੀਆਂ ਖਬਰਾਂ ਦਾ ਵੀ ਹਵਾਲਾ ਦਿੱਤਾ, ਜਿੱਥੇ ਲੋਕਾਂ ਨੂੰ ਅਪਰਾਧੀਆਂ ਅਤੇ ਗੈਂਗਸਟਰਾਂ ਵੱਲੋਂ ਫਿਰੌਤੀ ਅਤੇ ਧਮਕੀਆਂ ਦੇ ਫੋਨ ਆ ਰਹੇ ਹਨ। ਸੂਬਾ ਕਾਂਗਰਸ ਪ੍ਰਧਾਨ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਇਹ ਕਾਂਗਰਸ ਪਾਰਟੀ ਨਹੀਂ, ਸਗੋਂ ਤੁਹਾਡੀ ਪੁਲਿਸ ਕਹਿ ਰਹੀ ਹੈ, ਜਿਨ੍ਹਾਂ ਵਲੋਂ ਫਿਰੌਤੀ ਦੀਆਂ ਫ਼ੋਨ ਕਾਲਾਂ ‘ਤੇ ਕੇਸ ਦਰਜ ਕੀਤੇ ਗਏ ਹਨ। ਤੁਸੀਂ ਕਦ ਤੱਕ ਹਰ ਗੱਲ ਤੋਂ ਇਨਕਾਰ ਕਰਦੇ ਰਹੋਗੇ?