ਅਵਤਾਰ ਗਊਸ਼ਾਲਾ ਪਿੰਡ ਫਤਿਹਵਾਲ ਮੰਡ ਵਿਖੇ ਪਵਿੱਤਰ ਵੇਈਂ ਉਪਰ ਪੁੱਲ ਰੱਖਣ ਦਾ ਕਾਰਜ਼ ਮੁਕੰਮਲ

233

ਅਵਤਾਰ ਗਊਸ਼ਾਲਾ ਪਿੰਡ ਫਤਿਹਵਾਲ ਮੰਡ ਵਿਖੇ ਪਵਿੱਤਰ ਵੇਈਂ ਉਪਰ ਪੁੱਲ ਰੱਖਣ ਦਾ ਕਾਰਜ਼ ਮੁਕੰਮਲ

12 ਕਿਲੋਮੀਟਰ ਦਾ ਪੈਂਡਾ 5 ਕਿਲੋਮੀਟਰ ਵਿਚ ਹੋਵੇਗਾ ਤੈਅ:- ਸੰਤ ਸੀਚੇਵਾਲ

ਪੀ.ਪੀ.ਸੀ.ਬੀ ਵੱਲੋਂ ਮਾਲੀ ਮਦੱਦ, ਸੇਵਾਦਾਰਾਂ ਦੀ ਮਿਹਨਤ ਤੇ ਡਰੇਨਜ਼ ਵਿਭਾਗ ਦੀ ਦੇਖ ਰੇਖ ਵਿਚ ਤਿਆਰ ਹੋਇਆ ਪੁੱਲ

ਬਲਵਿੰਦਰ ਸਿੰਘ ਧਾਲੀਵਾਲ,ਬਾਬੂਸ਼ਾਹੀ ਨੈੱਟਵਰਕ

ਸੁਲਤਾਨੁਪੁਰ ਲੋਧੀ, 04 ਮਈ 2022- ਪਿਛਲੇ ਕਈ ਦਿਨਾਂ ਤੋਂ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਜੀ ਦੀ ਅਗਵਾਈ ਹੇਠ ਸੇਵਾਦਾਰਾਂ ਵੱਲੋਂ ਅਵਤਾਰ ਗਊਸ਼ਾਲਾ ਪਿੰਡ ਫਤਿਹਵਾਲ ਮੰਡ ਵਿਖੇ ਤਿਆਰ ਕੀਤੇ ਗਏ ਪੁੱਲ ਨੂੰ ਪਵਿੱਤਰ ਕਾਲੀ ਵੇਈਂ ਉਪਰ ਰੱਖਿਆ ਗਿਆ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਮਾਲੀ ਮਦਦ ਤੇ ਸੰਤ ਸੀਚੇਵਾਲ ਜੀ ਦੇ ਸੇਵਕਾਂ ਦੀ ਮੇਹਨਤ ਤੇ ਸੰਤ ਸੁਖਜੀਤ ਸਿੰਘ ਦੀ ਅਗਵਾਈ ਵਿਚ ਸੁਲਤਾਨਪੁਰ ਲੋਧੀ ਦੇ ਮੰਡ (ਆਹਲੀ ਖੁਰਦ) ਏਰੀਏ ਵਿਖੇ ਵਗ ਰਹੀ ਪਵਿੱਤਰ ਕਾਲੀ ਵੇਈਂ ਦੇ ਉੱਪਰ ਡਰੇਨਜ਼ ਵਿਭਾਗ ਦੀ ਦੀ ਦੇਖ ਰੇਖ ਵਿੱਚ ਤਿਆਰ ਕੀਤਾ ਗਿਆ। ਜਾਣਕਾਰੀ ਦਿੰਦਿਆ ਸੰਤ ਸੁਖਜੀਤ ਸਿੰਘ ਨੇ ਦੱਸਿਆ ਕਿ ਇਹ ਪੁੱਲ ਲਗਭਗ 142 ਫੁੱਟ ਲੰਮਾ ਤੇ ਛੇ ਫੁੱਟ ਚੌੜਾ ਸੀ, ਜਿਸਨੂੰ ਰੱਖਣ ਵਿਚ ਦੋ ਦਿਨ ਲੱਗ ਗਏ।

ਇਸ ਮੌਕੇ ਇਲਾਕਾ ਨਿਵਾਸੀਆਂ ਵੱਲੋਂ ਵਾਤਾਵਰਣ ਪ੍ਰੇਮੀ ਪਦਮਸ੍ਰੀ ਸੰਤ ਬਲਬੀਰ ਸਿੰਘ ਜੀ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਵੱਲੋਂ ਕੀਤੀ ਗਈ ਨਿਸ਼ਕਾਮ ਸੇਵਾ ਕਾਰਨ ਹੀ ਸੁਲਤਾਨਪੁਰ ਲੋਧੀ ਦਾ ਇਹ ਬੇਚਿਰਾਗ ਮੰਡ ਇਲਾਕਾ ਇਕ ਵਾਰ ਫਿਰ ਤੋਂ ਦੇਖਣ ਯੋਗ ਬਣ ਗਿਆ ਹੈ। ਉਹਨਾਂ ਕਿਹਾ ਕਿਸੇ ਵੇਲੇ ਇੱਥੇ ਆਉਣਾ ਵੀ ਮੁਸ਼ਕਿਲ ਹੁੰਦਾ ਸੀ, ਪਰ ਸੰਤ ਸੀਚੇਵਾਲ ਜੀ ਵੱਲੋਂ ਇੱਥੇ ਬਣਾਏ ਗਏ ਰਾਹਾਂ ਨਾਲ ਹੁਣ ਜਿੱਥੇ ਆਉਣਾ ਜਾਣਾ ਸੌਖਾ ਹੋ ਗਿਆ ਹੈ ਉੱਥੇ ਹੀ ਉਹਨਾਂ ਵੱਲੋਂ ਬੰਨ੍ਹ ਦੀ ਮਜ਼ਬੂਤੀ ਲਈ ਸਮੇਂ ਸਿਰ ਕੀਤੇ ਜਾ ਰਹੇ ਕਾਰਜਾਂ ਨਾਲ ਇੱਥੇ ਕਿਸਾਨਾਂ ਦੀ ਜ਼ਮੀਨਾਂ ਫਿਰ ਤੋਂ ਅਬਾਦ ਹੋ ਗਈਆਂ ਹਨ। ਉਹਨਾਂ ਵੱਲੋਂ ਇਸ ਖੇਤਰ ਵਿਚ ਅਵਤਾਰ ਗਊਸ਼ਾਲਾ ਬਣਾਉਣ ਨਾਲ ਲੋਕਾਂ ਦਾ ਆਉਣਾ ਜਾਣਾ ਵੀ ਇੱਧਰ ਵੱਧ ਗਿਆ ਹੈ।

ਵਾਤਾਵਰਣ ਪ੍ਰੇਮੀ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਸਾਲ 2010 ਵਿੱਚ ਇੱਕ ਅਵਾਰਾ ਗਾਂ ਨਾਲ ਸ਼ੁਰੂ ਕੀਤੀ ਗਈ ਅਵਤਾਰ ਗਾਊਸ਼ਾਲਾ ਵਿੱਚ ਅੱਜ 200 ਤੋਂ ਵੱਧ ਦੁਧਾਰੂ ਤੇ ਤੰਦਰੁਸਤ ਗਾਵਾਂ ਦਾ ਹੋਣਾ ਉੱਥੇ ਰਹਿ ਰਹੇ ਸੇਵਾਦਾਰਾਂ ਦੀ ਕੀਤੀ ਗਈ ਸੇਵਾ ਦਾ ਹੀ ਫਲ ਹੈ। ਇਤਿਹਾਸਕ ਨਗਰੀ ਸੁਲਤਾਨਪੁਰ ਲੋਧੀ ਨੂੰ ਇੰਨ੍ਹਾਂ ਅਵਾਰਾ ਗਾਊਆਂ ਤੋਂ ਨਿਜ਼ਾਤ ਦੁਆਉਣ ਦੇ ਮਕਸਦ ਨਾਲ ਹੀ ਇਸ ਗਊਸ਼ਾਲਾ ਦੀ ਸ਼ੁਰੂਆਤ ਕੀਤੀ ਗਈ ਸੀ। ਉਹਨਾਂ ਇਹ ਵੀ ਕਿਹਾ ਕਿ ਆਖਰਕਾਰ ਦੁੱਧ ਦੇਣ ਵਾਲੀਆਂ ਗਾਂਵਾ ਅਵਾਰਾ ਵਾਲੀ ਸ਼੍ਰੇਣੀ ਵਿੱਚ ਕਿਉਂ ਆ ਜਾਂਦੀਆਂ ਹਨ? ਇਹ ਇੱਕ ਅਹਿਮ ਤੇ ਵੱਡਾ ਸਵਾਲ ਹੈ। ਇਸ ਮੌਕੇ ਸੰਤ ਸੀਚੇਵਾਲ ਨੇ ਕਿਹਾ ਕਿ ਸੇਵਾਦਰਾਂ ਵੱਲੋਂ ਪਿਛਲੇ ਕਾਫੀ ਸਮੇਂ ਤੋਂ ਸੰਤ ਸੁਖਜੀਤ ਸਿੰਘ ਦੀ ਅਗਵਾਈ ਹੇਠ ਸਖਤ ਮਿਹਨਤ ਨਾਲ ਇਹ ਪੁੱਲ ਤਿਆਰ ਕੀਤਾ ਗਿਆ ਹੈ। ਜਿਸ ਨਾਲ ਹੁਣ ਲਗਭਗ 12 ਕਿਲੋਮੀਟਰ ਦਾ ਪੈਂਡਾ 5 ਕਿਲੋਮੀਟਰ ਵਿਚ ਹੋਵੇਗਾ ਤੈਅ।

ਇਸ ਮੌਕੇ ਇਲਾਕਾ ਨਿਵਾਸੀ, ਡਰੇਨਜ਼ ਵਿਭਾਗ ਦੇ ਅਧਿਕਾਰੀ, ਹਰਬੰਸ ਸਿੰਘ ਲੰਬੜਦਾਰ, ਲਖਵਿੰਦਰ ਸਿੰਘ ਲੰਬੜਦਾਰ ਆਹਲੀ ਕਲਾਂ, ਕਸ਼ਮੀਰ ਸਿੰਘ ਸਾਬਕਾ ਸਰਪੰਚ, ਸੁਰਜੀਤ ਸਿੰਘ ਸ਼ੰਟੀ, ਰਾਮ ਸਿੰਘ, ਪਾਲ ਸਿੰਘ, ਮਲਕੀਤ ਸਿੰਘ, ਕੁਲਬੀਰ ਸਿੰਘ, ਗੱਜਣ ਸਿੰਘ, ਜਗੀਰ ਸਿੰਘ, ਅਜੀਤ ਸਿੰਘ, ਗਗਨ ਥਿੰਦ, ਪ੍ਰਭਦੀਪ ਸਿੰਘ, ਦਇਆ ਸਿੰਘ, ਤਜਿੰਦਰ ਸਿੰਘ ਅਤੇ ਸੇਵਾਦਾਰ ਹਾਜ਼ਰ ਸਨ।

Google search engine